ਭਰਤਪੁਰ/ਪੰਜਾਬ ਪੋਸਟ
ਭਾਰਤੀ ਫੌਜ ਵਿੱਚ ਕੈਪਟਨ ਦੇ ਅਹੁਦੇ ਉੱਤੇ ਤਾਇਨਾਤ ਪੰਜਾਬ ਦੇ ਰੂਪਨਗਰ ਜ਼ਿਲੇ ਦੇ ਮੋਰਿੰਡਾ ਟਾਊਨ ਦੇ ਰਹਿਣ ਵਾਲੇ ਸਿੱਖ ਰੈਜੀਮੈਂਟ ਦੇ ਕਪਤਾਨ ਨਾਲ ਵੱਡੀ ਬਦਸਲੂਕੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਸਿੱਖ ਰੈਜੀਮੈਂਟ ਦਾ ਇਹ ਕਪਤਾਨ ਪੱਛਮੀ ਬੰਗਾਲ ਦੇ ਜਲਪਾਈਗੁੜੀ ਸਥਿਤ ਬਿੰਨਾਗੁੜੀ ਮਿਲਟਰੀ ਸਟੇਸ਼ਨ ‘ਤੇ ਤਾਇਨਾਤ ਹੈ। ਉੜੀਸਾ ਦੇ ਭੁਵਨੇਸ਼ਵਰ ਦੇ ਭਰਤਪੁਰ ਪੁਲਿਸ ਸਟੇਸ਼ਨ ‘ਤੇ ਫੌਜ ਦੇ ਇੱਕ ਅਧਿਕਾਰੀ ਵੱਲੋਂ ਇਸ ਸਿੱਖ ਕੈਪਟਨ ਅਤੇ ਉਸ ਦੀ ਮੰਗੇਤਰ ਨਾਲ ਦੁਰਵਿਵਹਾਰ ਦੇ ਗੰਭੀਰ ਦੋਸ਼ ਲੱਗੇ ਹਨ। ਇਹ ਮਾਮਲਾ 14 ਸਤੰਬਰ ਦੀ ਰਾਤ ਨੂੰ ਫੌਜੀ ਅਧਿਕਾਰੀ ਅਤੇ ਉਸ ਦੀ ਮੰਗੇਤਰ ਘਰ ਪਰਤ ਰਹੇ ਸਨ ਤਾਂ ਕੁਝ ਬਦਮਾਸ਼ਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਆਪਣੀ ਸੁਰੱਖਿਆ ਲਈ ਉਹ ਨੇੜਲੇ ਭਰਤਪੁਰ ਥਾਣੇ ਪਹੁੰਚਿਆ ਪਰ ਉੱਥੇ ਮਦਦ ਮਿਲਣ ਦੀ ਬਜਾਏ ਉਸ ਨਾਲ ਬਦਸਲੂਕੀ ਕੀਤੀ ਗਈ। ਕੈਪਟਨ ਅਤੇ ਉਸ ਦੀ ਮੰਗੇਤਰ, ਦੁਹਾਂ ਨੂੰ ਲਾਕ-ਆਪ ਵਿੱਚ ਰੱਖਿਆ ਗਿਆ ਸੀ ਅਤੇ ਪੀੜਤਾ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਹੱਥ-ਪੈਰ ਬੰਨ੍ਹੇ, ਉਸ ਦੀ ਕੁੱਟਮਾਰ ਕੀਤੀ ਅਤੇ ਹਿਰਾਸਤ ਵਿੱਚ ਲੈ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਫੌਜ ਨੂੰ ਇਸ ਘਟਨਾ ਦੀ ਜਾਣਕਾਰੀ 16 ਸਤੰਬਰ ਨੂੰ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉੜੀਸਾ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। 17 ਸਤੰਬਰ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਨੇ ਮਾਮਲੇ ਦੀ ਜਾਂਚ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀ. ਆਈ. ਡੀ.) ਨੂੰ ਸੌਂਪ ਦਿੱਤੀ ਸੀ ਅਤੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ। ਫਿਲਹਾਲ, ਭਰਤਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਸਮੇਤ ਪੰਜ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉੜੀਸਾ ਹਾਈ ਕੋਰਟ ਨੇ ਵੀ ਪੀੜਤਾ ਨੂੰ ਜ਼ਮਾਨਤ ਦੇ ਦਿੱਤੀ, ਜਿਸ ਨੂੰ ਪੁਲਿਸ ਨੇ ਝੂਠੇ ਦੋਸ਼ਾਂ ‘ਚ ਗ੍ਰਿਫਤਾਰ ਕੀਤਾ ਸੀ।