ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਯੂ. ਐੱਸ. ਫੈਡਰਲ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਅਮਰੀਕਾ ਭਰ ਵਿੱਚ ਦੇਰੀ ਅਤੇ ਰੱਦ ਕੀਤੀਆਂ ਉਡਾਣਾਂ ਕਾਰਨ ਯਾਰਤੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨਾਲ ਨਜਿੱਠਣ ਲਈ ਨਵੇਂ ਨਿਯਮਾਂ ਸਮੇਤ ਇੱਕ ਕਾਰਵਾਈ ਦਾ ਐਲਾਨ ਕੀਤਾ ਹੈ। ਇਹ ਨਵੇਂ ਨਿਯਮ ਫੈਡਰਲ ਰਜਿਸਟਰ ਵਿੱਚ ਜਾਣਗੇ, ਜਿਸ ਤੋਂ ਬਾਅਦ ਇਸਨੂੰ ਲਾਗੂ ਕੀਤਾ ਜਾਵੇਗਾ। ਇਹ ਨਿਯਮ ਸੰਘੀ ਰਜਿਸਟਰ ਵਿੱਚ ਜਾਣ ਤੋਂ ਬਾਅਦ ਸਮਾਂ ਮਿਆਦ ਛੇ ਮਹੀਨੇ ਹੋਵੇਗੀ।
ਸੰਯੁਕਤ ਰਾਜ ਵਿੱਚ ਖਾਸ ਤੌਰ ’ਤੇ ਕੋਵਿਡ ਤੋਂ ਬਾਅਦ ਦੀ ਸਥਿਤੀ ਵਿੱਚ ਦੇਰੀ ਨਾਲ ਅਤੇ ਰੱਦ ਕੀਤੀਆਂ ਉਡਾਣਾਂ ਦੇ ਨਾਲ ਅਮਰੀਕਾ ਭਰ ਦੇ ਹਵਾਈ ਅੱਡਿਆਂ ’ਤੇ ਹਫੜਾ-ਦਫੜੀ ਵਾਲੇ ਦਿ੍ਰਸ਼ ਦੇਖੇ ਗਏ, ਜਿਸ ਦੇ ਨਤੀਜੇ ਵਜੋਂ ਕਾਰੋਬਾਰੀ ਯਾਤਰਾ ਵਿੱਚ ਵਿਘਨ ਪਿਆ ਅਤੇ ਯਾਤਰੀਆਂ ਨੂੰ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ਨਿਯਮਾਂ ਦੇ ਤਹਿਤ, ਜਿਨ੍ਹਾਂ ਯਾਤਰੀਆਂ ਦੀਆਂ ਫਲਾਈਟਾਂ ਘਰੇਲੂ ਅਤੇ ਅੰਤਰ-ਰਾਸ਼ਟਰੀ ਯਾਤਰਾ ਲਈ ਕ੍ਰਮਵਾਰ 3 ਘੰਟੇ ਅਤੇ 6 ਘੰਟੇ ਤੋਂ ਜ਼ਿਆਦਾ ਦੇਰੀ ਨਾਲ ਚੱਲ ਰਹੀਆਂ ਹਨ, ਉਹ ਆਟੋਮੈਟਿਕ ਰਿਫੰਡ, ਗਿਫਟ ਵਾਊਚਰ, ਟ੍ਰੈਵਲ ਪੁਆਇੰਟ ਅਤੇ ਹੋਰ ਬਹੁਤ ਕੁਝ ਦੇ ਹੱਕਦਾਰ ਹੋਣਗੇ।
ਮੌਜੂਦਾ ਨਿਯਮਾਂ ਦੇ ਤਹਿਤ, ਏਅਰਲਾਈਨਾਂ ਦੁਆਰਾ ਕ੍ਰੈਡਿਟ ਕਾਰਡ ਰਿਫੰਡ ਦੀ ਪ੍ਰਕਿਰਿਆ 7 ਕੰਮਕਾਜੀ ਦਿਨਾਂ ਦੇ ਅੰਦਰ ਕੀਤੀ ਜਾਵੇਗੀ ਅਤੇ 20 ਕਾਰਜਕਾਰੀ ਦਿਨਾਂ ਦੇ ਅੰਦਰ ਮੁਆਵਜ਼ੇ ਦੇ ਹੋਰ ਰੂਪ ਦਿੱਤੇ ਜਾਣਗੇ। ਇਹ ਉਦੋਂ ਲਾਗੂ ਹੋਵੇਗਾ ਜੇਕਰ ਯਾਤਰੀ ਏਅਰਲਾਈਨਜ਼ ਦੁਆਰਾ ਪ੍ਰਬੰਧਤ ਯਾਤਰਾ ਦੇ ਕਿਸੇ ਵੀ ਵਿਕਲਪਿਕ ਰੂਪ ਦਾ ਲਾਭ ਨਹੀਂ ਲੈਂਦੇ ਹਨ। ਨਵੇਂ ਨਿਯਮਾਂ ਸਬੰਧੀ ਅਜੇ ਕਾਫੀ ਕੁਝ ਸਪੱਸ਼ਟ ਹੋਣਾ ਬਾਕੀ ਹੈ, ਜਿਵੇਂ ਕਿ ਕੀ ਮੌਸਮ ਦੀਆਂ ਘਟਨਾਵਾਂ ਕਾਰਨ ਉਡਾਣਾਂ ਦੇਰੀ ਅਤੇ ਰੱਦ ਹੋਣ ਨਾਲ ਯਾਤਰੀ ਮੁਆਵਜ਼ੇ ਲਈ ਅਰਜ਼ੀ ਦੇ ਸਕਣਗੇ। ਕਨੂੰਨੀ ਤੌਰ ’ਤੇ, ਮੌਸਮ ਦੀਆਂ ਘਟਨਾਵਾਂ ਨੂੰ ਅਕਸਰ ‘ਕੁਦਰਤੀ ਵਰਤਾਰਾ’ ਮੰਨਿਆ ਜਾਂਦਾ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਹਵਾਈ ਕੰਪਨੀਆਂ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲੈਂਦੀਆਂ। ਨਵੇਂ ਨਿਯਮ ਯਾਤਰੀਆਂ ਨੂੰ ਚੈੱਕ ਕੀਤੇ ਬੈਗਾਂ ਵਿੱਚ ਦੇਰੀ ਲਈ ਅਤੇ ਏਅਰਲਾਈਨਾਂ ਦੁਆਰਾ ਵਾਧੂ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਲਈ ਆਟੋਮੈਟਿਕ ਰਿਫੰਡ ਦਾ ਵੀ ਹੱਕਦਾਰ ਬਣਾਉਂਦੇ ਹਨ ਜਿਨ੍ਹਾਂ ਲਈ ਗਾਹਕਾਂ ਨੇ ਭੁਗਤਾਨ ਕੀਤਾ ਹੈ।
ਯੂ. ਐੱਸ. ਸਿਵਲ ਏਵੀਏਸ਼ਨ ਮਾਰਕੀਟ 2022 ਵਿੱਚ 842 ਬਿਲੀਅਨ ਡਾਲਰ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਅਤੇ 2030 ਤੱਕ ਇਸ ਦੇ 1.6 ਟਿ੍ਰਲੀਅਨ ਡਾਲਰ ਤੱਕ ਵਧਣ ਦੀ ਉਮੀਦ ਹੈ। ਏਅਰਲਾਈਨ ਉਦਯੋਗ ਨੂੰ ਵਿਸ਼ਵ ਪੱਧਰ ’ਤੇ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਯੂ. ਐੱਸ. ਫੈਡਰਲ ਅਧਿਕਾਰੀਆਂ ਦੇ ਇਸ ਕਦਮ ਨੂੰ ਗੰਭੀਰਤਾ ਨਾਲ ਦੇਖਿਆ ਜਾਵੇਗਾ। ਓਧਰ ਡਿਪਾਰਟਮੈਂਟ ਆਫ ਟਰਾਂਸਪੋਟੇਸ਼ਨ ਦਾ ਕਹਿਣਾ ਹੈ ਕਿ ਦਾ ਕਹਿਣਾ ਹੈ ਕਿ ਰਿਫੰਡ ਦਾ ਵੀ ਪੂਰਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਸਰਕਾਰ ਦੁਆਰਾ ਲਗਾਏ ਗਏ ਸਾਰੇ ਟੈਕਸ ਅਤੇ ਫੀਸਾਂ ਅਤੇ ਏਅਰਲਾਈਨ ਦੁਆਰਾ ਲਗਾਈਆਂ ਗਈਆਂ ਫੀਸਾਂ ਸ਼ਾਮਲ ਹਨ। ਇਨ੍ਹਾਂ ਨਿਯਮਾਂ ਦੇ ਆਉਣ ਨਾਲ ਹੁਣ ਯਾਤਰੀਆਂ ਲਈ ਹੋਰ ਅਸੁਵਿਧਾਵਾਂ ਅਤੇ ਆਵਾਜਾਈ ਦਿੱਕਤਾਂ ਦੇ ਨਿਵਾਰਣ ਸਬੰਧੀ ਇਕ ਚਰਚਾ ਪੂਰੇ ਅਮਰੀਕਾ ਵਿੱਚ ਛਿੜੀ ਹੋਈ ਹੈ।