ਹਰੀਕੇ/ਪੰਜਾਬ ਪੋਸਟ
ਮੌਸਮ ਦੇ ਬਦਲੇ ਹੋਏ ਹਾਲਾਤ ਦੇ ਅਸਰ ਹੇਠ ਪੌਂਗ ਡੈਮ ਅਤੇ ਭਾਖੜਾ ਡੈਮ ਤੋਂ ਛੱਡੇ ਪਾਣੀ ਕਾਰਨ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ, 5 ਅਕਤੂਬਰ ਰਾਤ ਤੋਂ ਵੱਧ ਰਿਹਾ ਪਾਣੀ ਦਾ ਪੱਧਰ ਅਜੇ ਵੀ ਵੱਧਣਾ ਜਾਰੀ ਹੈ। ਬੀਤੇ ਕੱਲ੍ਹ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦੀ ਆਮਦ 94000 ਕਿਊਸਿਕ ਸੀ, ਜੋ ਅੱਜ ਹੋਰ ਵੱਧ ਕੇ 1 ਲੱਖ 12 ਹਜ਼ਾਰ ਕਿਊਸਿਕ ਹੋ ਗਈ ਹੈ। ਇਸ ਦੌਰਾਨ, ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਵੱਧ ਕੇ 1 ਲੱਖ 12 ਹਜ਼ਾਰ 235 ਕਿਊਸਿਕ ਪਾਣੀ ਦੀ ਆਮਦ ਹੈ, ਜਿਸ ਵਿਚ ਡਾਊਨ ਸਟਰੀਮ ਨੂੰ 92 ਹਜ਼ਾਰ 234 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਆਲੇ ਦੁਆਲੇ ਦੇ ਲੋਕਾਂ ਵਿੱਚ ਚੌਕਸੀ ਦਾ ਆਲਮ ਵੀ ਵੇਖਿਆ ਗਿਆ ਹੈ। ਇਸ ਦੌਰਾਨ ਤਾਜ਼ਾ ਪਏ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਵੇਖੀ ਗਈ ਹੈ।
ਹਰੀਕੇ ਹੈੱਡ ਵਰਕਸ ‘ਚ ਪਾਣੀ ਦੇ ਪੱਧਰ ‘ਚ ਵਾਧਾ ਦਰਜ
Published:






