ਨਵੀਂ ਦਿੱਲੀ/ਪੰਜਾਬ ਪੋਸਟ
ਲੋਕ ਸਭਾ ਚੋਣਾਂ ਲਈ ਵੋਟਿੰਗ ਮੁਕੰਮਲ ਹੋਣ ਮਗਰੋਂ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਦੇ ਆਗੂਆਂ ਨੇ ਦਿੱਲੀ ਵਿਖੇ ਗ਼ੈਰ-ਰਸਮੀ ਮੀਟੰਗ ਕਰਕੇ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਨਾਲ ਸਬੰਧਤ ਤਿਆਰੀਆਂ ’ਤੇ ਰਣਨੀਤੀ ’ਤੇ ਚਰਚਾ ਕੀਤੀ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ’ਚ ਗੱਠਜੋੜ ਨੂੰ 295 ਤੋਂ ਵੱਧ ਵੋਟਾਂ ਮਿਲਣਗੀਆਂ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ’ਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਵਿਰੋਧੀ ਗੱਠਜੋੜ ਦੀਆਂ ਪਾਰਟੀਆਂ ਟੀਵੀ ਚੈਨਲਾਂ ’ਤੇ ਹੋਣ ਵਾਲੀਆਂ ਐਗਜ਼ਿਟ ਪੋਲ (ਚੋਣਾਂ ਤੋਂ ਬਾਅਦ ਸਰਵੇਖਣ) ਨਾਲ ਸਬੰਧਤ ਬਹਿਸਾਂ ’ਚ ਹਿੱਸਾ ਲੈਣਗੀਆਂ ਤਾਂ ਜੋ ਭਾਜਪਾ ਤੇ ਉਸ ਦੇ ਕਥਿਤ ਤੰਤਰ ਨੂੰ ਬੇਨਕਾਬ ਕੀਤਾ ਜਾ ਸਕੇ। ਵਿਰੋਧੀ ਗੱਠਜੋੜ ਨੇ ਇਹ ਵੀ ਤੈਅ ਕੀਤਾ ਹੈ ਕਿ ਆਪਣੇ ਸਥਾਨਕ ਆਗੂਆਂ ਤੇ ਕਾਰਕੁਨਾਂ ਨੂੰ ਇਹ ਨਿਰਦੇਸ਼ ਦਿੱਤੇ ਜਾਣਗੇ ਕਿ ਚਾਰ ਜੂਨ ਨੂੰ ਵੋਟਾਂ ਦੀ ਗਿਣਤੀ ਨਾਲ ਜੁੜੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਅਤੇ ਜਿੱਤ ਦਾ ਸਰਟੀਫਿਕੇਟ ਮਿਲਣ ਤੱਕ ਵੋਟਿੰਗ ਕੇਂਦਰਾਂ ’ਤੇ ਮੁਸਤੈਦ ਰਹਿਣ। ਇਸ ਗੱਠਜੋੜ ਨੇ ਚੋਣ ਕਮਿਸ਼ਨ ਤੋਂ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ ਤਾਂ ਜੋ ਵੋਟਾਂ ਦੀ ਗਿਣਤੀ ਨਾਲ ਜੁੜੇ ਮਸਲੇ ਤੇ ਸ਼ਿਕਾਇਤਾਂ ਉਨ੍ਹਾਂ ਸਾਹਮਣੇ ਰੱਖਣ ਦੇ ਨਾਲ ਨਾਲ ਇਨ੍ਹਾਂ ਦੇ ਹੱਲ ਦੀ ਮੰਗ ਵੀ ਕਰ ਸਕਣ।
ਮੀਟਿੰਗ ਤੋਂ ਬਾਅਦ ‘ਇੰਡੀਆ’ ਗੱਠਜੋੜ ਦੇ ਆਗੂਆਂ ਦੀ ਮੌਜੂਦਗੀ ’ਚ ਖੜਗੇ ਨੇ ਪੱਤਰਕਾਰਾਂ ਨੂੰ ਕਿਹਾ, ‘ਆਪਣੇ ਆਗੂਆਂ ਤੋਂ ਪੁੱਛਣ ਮਗਰੋਂ ਸਾਡਾ ਇਹ ਅਨੁਮਾਨ ਹੈ ਕਿ ਇੰਡੀਆ ਗੱਠਜੋੜ ਨੂੰ ਘੱਟ ਤੋਂ ਘੱਟ 295 ਸੀਟਾਂ ਮਿਲਣਗੀਆਂ। ਅਸੀਂ ਇਸ ਤੋਂ ਜ਼ਿਆਦਾ ਸੀਟਾਂ ਜਿੱਤਾਂਗੇ ਅਤੇ ਇਸ ਜਨਤਾ ਦਾ ਸਰਵੇਖਣ ਹੈ।’ ਮੀਟਿੰਗ ’ਚ ਤਿ੍ਰਣਮੂਲ ਕਾਂਗਰਸ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਸ਼ਾਮਲ ਨਹੀਂ ਹੋਈਆਂ। ਇਸ ਮੀਟਿੰਗ ’ਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ, ਕੇਸੀ ਵੇਣੂਗੋਪਾਲ, ਐੱਨ ਸੀ ਪੀ (ਐੱਸ ਸੀ ਪੀ) ਮੁਖੀ ਸ਼ਰਦ ਪਵਾਰ, ‘ਆਪ’ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲ੍ਹਾ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੋਂ ਇਲਾਵਾ ਗੱਠਜੋੜ ਦੀਆਂ ਹੋਰ ਭਾਈਵਾਲ ਪਾਰਟੀਆਂ ਦੇ ਆਗੂ ਹਾਜ਼ਰ ਹੋਏ।
ਵੋਟਾਂ ਤੋਂ ਬਾਅਦ ਇੰਡੀਆ ਗੱਠਜੋੜ ਦੀ ਪਹਿਲੀ ਬੈਠਕ ਹੋਈ: ਖੜਗੇ ਵੱਲੋਂ 295 ਤੋਂ ਵੱਧ ਵੋਟਾਂ ਮਿਲਣ ਦਾ ਦਾਅਵਾ

Published: