ਬੁਡਾਪੇਸਟ/ਪੰਜਾਬ ਪੋਸਟ
ਸ਼ਤਰੰਜ ਦੀ ਖੇਡ ‘ਚ ਭਾਰਤਨੂੰ ਉਸ ਵੇਲੇ ਇੱਕ ਇਤਿਹਾਸਕ ਪ੍ਰਾਪਤੀ ਹੋਈ ਜਦੋਂ ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਨੇ 45ਵੇਂ ਸ਼ਤਰੰਜ ਓਲੰਪਿਆਡ ਦੇ ਆਖ਼ਰੀ ਰਾਊਂਡ ‘ਚ ਆਪੋ-ਆਪਣੇ ਵਿਰੋਧੀਆਂ ਨੂੰ ਹਰਾ ਕੇ ਇਸ ਮੁਕਾਬਲੇ ‘ਚ ਪਹਿਲੀ ਵਾਰ ਸੋਨੇ ਦਾ ਤਗ਼ਮਾ ਜਿੱਤਿਆ। ਗਰੈਂਡ ਮਾਸਟਰ ਡੀ ਗੁਕੇਸ਼, ਅਰਜੁਨ ਅਰਗੈਸੀ ਅਤੇ ਆਰ ਪ੍ਰਗਨਾ ਨੰਦਾ ਨੇ ਸਲੋਵੇਨੀਆ ਖ਼ਿਲਾਫ਼ 11ਵੇਂ ਰਾਊਂਡ ਵਿੱਚ ਆਪੋ-ਆਪਣੇ ਮੈਚ ਜਿੱਤੇ। ਵਿਸ਼ਵ ਚੈਂਪੀਅਨ ਸ਼ਿਪ ਚੈਲੇਂਜਰ ਗੁਕੇਸ਼ ਅਤੇ ਅਰਜੁਨ ਅਰਗੈਸੀ ਨੇ ਇੱਕ ਵਾਰ ਫਿਰ ਅਹਿਮ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ, ਜਿਸ ਨਾਲ ਭਾਰਤ ਨੂੰ ਓਪਨਵਰਗ ‘ਚ ਆਪਣਾ ਪਹਿਲਾ ਖਿਤਾਬ ਜਿੱਤਣ ‘ਚ ਮਦਦ ਮਿਲੀ। ਭਾਰਤ ਨੇ ਇੱਕ ਮੈਚ ਰਹਿੰਦਿਆਂ ਸਲੋਵੇਨੀਆ’ਤੇ 3-0 ਨਾਲ ਜਿੱਤ ਦਰਜ ਕੀਤੀ। ਇਸ ਤਰਾਂ, ਭਾਰਤੀ ਪੁਰਸ਼ ਟੀਮ ਨੇ ਕੁੱਲ 22 ਵਿੱਚੋਂ 21 ਅੰਕ ਹਾਸਲ ਕੀਤੇ। ਇਸ ਦਰਮਿਆਨ ਭਾਰਤੀ ਪੁਰਸ਼ ਖਿਡਾਰੀਆਂ ਨੇ ਸਿਰਫ਼ ਉਜ਼ਬੇਕਿਸਤਾਨ ਖ਼ਿਲਾਫ਼ 2-2 ਨਾਲ ਡਰਾਅ ਖੇਡਿਆ।ਭਾਰਤ ਦੀ ਔਰਤਾਂ ਦੀ ਟੀਮ ਨੇ ਅਜ਼ਰਬਾਇਜਾਨ ਨੂੰ 3.5-0.5 ਨਾਲ ਹਰਾ ਕੇ ਦੇਸ਼ ਲਈ ਸੋਨੇ ਦਾ ਤਗ਼ਮਾ ਜਿੱਤਿਆ। ਭਾਰਤ ਦੀ ਡੀ. ਹਰਿਕਾ ਨੇ ਪਹਿਲੇ ਬੋਰਡ’ਤੇ ਤਕਨੀਕੀ ਸਮਰੱਥਾ ਦਿਖਾਈ ਅਤੇ ਦਿਵਿਆ ਦੇਸ਼ ਮੁੱਖ ਨੇ ਇੱਕ ਵਾਰ ਫਿਰ ਵਆਪਣੇ ਵਿਰੋਧੀ ਨੂੰ ਪਛਾੜ ਕੇ ਤੀਜੇ ਬੋਰਡ’ਤੇ ਆਪਣਾ ਵਿਅਕਤੀਗਤ ਸੋਨੇ ਦਾ ਤਗ਼ਮਾ ਜਿੱਤਿਆ। ਆਰ. ਵੈਸ਼ਾਲੀ ਦੇ ਡਰਾਅ ਖੇਡਣ ਮਗਰੋਂ ਵੰਤਿਕਾ ਅਗਰਵਾਲ ਦੀ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਨੇ ਸੋਨੇ ਦਾ ਤਗ਼ਮਾ ਯਕੀਨੀ ਬਣਾਇਆ।ਭਾਰਤੀਟੀਮ ਨੇ ਇਸ ਤੋਂ ਪਹਿਲਾਂ ਸਾਲ 2014 ਅਤੇ 2022 ਦੇ ਇਸ ਵੱਕਾਰੀ ਟੂਰਨਾਮੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਮਹਿਲਾ ਟੀਮ ਨੇ ਚੇਨੱਈ ‘ਚ ਸਾਲ 2022 ਦੇ ਮੁਕਾਬਲਿਆਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।