ਨਵੀਂ ਦਿੱਲੀ/ਪੰਜਾਬ ਪੋਸਟ
ਭਾਰਤ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਅੰਤਰ-ਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਜਾਰੀ ਰਿਪੋਰਟ ’ਚ ਕੀਤੀ ਗਈ ਆਲੋਚਨਾ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਇਹ ਪੂਰੀ ਤਰਾਂ ਪੱਖਪਾਤੀ ਅਤੇ ਵੋਟ ਬੈਂਕ ਦੀ ਸੋਚ ਤੋਂ ਪ੍ਰੇਰਿਤ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਰਿਪੋਰਟ ’ਚ ਭਾਰਤ ਵਿਰੁੱਧ ਪੱਖਪਾਤੀ ਬਿਆਨ ਨੂੰ ਅੱਗੇ ਵਧਾਉਣ ਲਈ ਘਟਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਰਿਪੋਰਟ ਜਾਰੀ ਕਰਨ ਮੌਕੇ ਕਿਹਾ ਕਿ ਭਾਰਤ ’ਚ ਧਰਮ ਪਰਿਵਰਤਨ ਵਿਰੋਧੀ ਕਨੂੰਨਾਂ, ਨਫਰਤ ਭਰੇ ਭਾਸ਼ਣਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਘਰਾਂ ਅਤੇ ਪੂਜਾ ਸਥਾਨਾਂ ਨੂੰ ਢਾਹੁਣ ਦੀਆਂ ਘਟਨਾਵਾਂ ’ਚ ‘ਚਿੰਤਾਜਨਕ ਵਾਧਾ’ ਹੋਇਆ ਹੈ।
ਜਾਇਸਵਾਲ ਨੇ ਕਿਹਾ, ‘ਅਤੀਤ ਦੀ ਤਰਾਂ, ਇਹ ਰਿਪੋਰਟ ਵੀ ਬਹੁਤ ਪੱਖਪਾਤੀ ਹੈ, ਇਸ ’ਚ ਭਾਰਤ ਦੇ ਸਮਾਜਿਕ ਤਾਣੇ-ਬਾਣੇ ਦੀ ਸਮਝ ਦੀ ਘਾਟ ਹੈ ਅਤੇ ਸਪੱਸ਼ਟ ਤੌਰ ’ਤੇ ਵੋਟ ਬੈਂਕ ਦੀ ਸੋਚ ਤੋਂ ਪ੍ਰੇਰਿਤ ਹੈ।’ ਉਨਾਂ ਕਿਹਾ, ਇਸ ਲਈ ਅਸੀਂ ਇਸ ਨੂੰ ਰੱਦ ਕਰਦੇ ਹਾਂ। ਇਹ ਪ੍ਰਕਿਰਿਆ ਆਪਣੇ ਆਪ ਵਿੱਚ ਦੋਸ਼ਾਂ ਅਤੇ ਜਵਾਬੀ ਦੋਸ਼ਾਂ, ਗਲਤ ਬਿਆਨਬਾਜ਼ੀ, ਤੱਥਾਂ ਦੀ ਚੋਣਵੀਂ ਵਰਤੋਂ, ਪੱਖਪਾਤੀ ਸਰੋਤਾਂ ’ਤੇ ਨਿਰਭਰਤਾ ਅਤੇ ਮੁੱਦਿਆਂ ਦੀ ਇੱਕ ਪਾਸੜ ਪੇਸ਼ਕਾਰੀ ਦਾ ਮਿਸ਼ਰਣ ਹੈ।’’ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ, ‘ਕੁਝ ਮਾਮਲਿਆਂ ’ਚ ਰਿਪੋਰਟ ਖੁਦ ਕਾਨੂੰਨਾਂ ਅਤੇ ਨਿਯਮਾਂ ਦੀ ਵੈਧਤਾ ’ਤੇ ਸਵਾਲ ਉਠਾਉਂਦੀ ਹੈ।’ ਜਾਇਸਵਾਲ ਨੇ ਕਿਹਾ ਕਿ ਰਿਪੋਰਟ ਭਾਰਤੀ ਅਦਾਲਤਾਂ ਵਲੋਂ ਕੀਤੇ ਗਏ ਕੁਝ ਫੈਸਲਿਆਂ ਦੀ ਇਮਾਨਦਾਰੀ ਨੂੰ ਵੀ ਚੁਣੌਤੀ ਦਿੱਤੀ ਗਈ ਹੈ।
ਅਮਰੀਕਾ ਦੀ ਧਾਰਮਿਕ ਆਜ਼ਾਦੀ ’ਤੇ ਕੀਤੀ ਟਿੱਪਣੀ ’ਤੇ ਭਾਰਤ ਨੇ ਜਤਾਇਆ ਇਤਰਾਜ਼

Published: