ਲਖਨਊ/ਪੰਜਾਬ ਪੋਸਟ
ਉੱਤਰੀ ਭਾਰਤ ਵਿੱਚ ਧੁੰਦ ਦੇ ਗੁਬਾਰ ਅਤੇ ਹਵਾ ਗੁਣਵੱਤਾ ਦੇ ਮਾੜੇ ਪੱਧਰ ਦਾ ਬਹੁਤ ਵੱਡਾ ਉਦਾਹਰਣ ਲੰਘੇ ਕੱਲ ਵਿਖਿਆ ਜਦੋਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਚੌਥਾ ਟੀ-20 ਧੁੰਦ ਦੇ ਅਸਮਾਨੀ ਚੜ੍ਹੇ ਗੁਬਾਰ ਕਾਰਨ ਰੱਦ ਕਰਨਾ ਪਿਆ। ਇਹ ਮੈਚ ਲਖਨਊ ਦੇ ਏਕਾਨਾ ਕ੍ਰਿਕੇਟ ਸਟੇਡੀਅਮ ਵਿੱਚ ਸ਼ਾਮ 7 ਵਜੇ ਸ਼ੁਰੂ ਹੋਣਾ ਸੀ, ਪਰ ਭਾਰੀ ਧੁੰਦ ਕਾਰਨ ਟਾਸ ਨਹੀਂ ਹੋ ਸਕਿਆ। ਅੰਪਾਇਰਾਂ ਨੇ ਛੇ ਵਾਰ ਹਾਲਾਤਾਂ ਦਾ ਨਿਰੀਖਣ ਕੀਤਾ, ਪਰ ਰਾਤ 9:30 ਵਜੇ ਤੱਕ ਢਾਈ ਘੰਟੇ ਉਡੀਕਣ ਮਗਰੋਂ ਵੀ ਹਾਲਾਤ ਵਿੱਚ ਸੁਧਾਰ ਨਾ ਹੋਣ ਕਾਰਨ ਮੈਚ ਰੱਦ ਕਰ ਦਿੱਤਾ ਗਿਆ। ਭਾਰਤ ਪੰਜ ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ। ਭਾਰਤ ਨੇ ਪਹਿਲਾ ਮੈਚ 101 ਦੌੜਾਂ ਨਾਲ ਜਿੱਤਿਆ। ਦੱਖਣੀ ਅਫਰੀਕਾ ਨੇ ਫਿਰ ਮੁੱਲਾਂਪੁਰ ਵਿੱਚ ਦੂਜਾ ਮੈਚ 51 ਦੌੜਾਂ ਨਾਲ ਜਿੱਤ ਕੇ ਵਾਪਸੀ ਕੀਤੀ। ਹਾਲਾਂਕਿ, ਭਾਰਤ ਨੇ ਧਰਮਸ਼ਾਲਾ ਵਿੱਚ ਤੀਜੇ ਮੈਚ ਵਿੱਚ ਸੱਤ ਵਿਕਟਾਂ ਨਾਲ ਜਿੱਤ ਪ੍ਰਾਪਤ ਕਰਕੇ ਲੀਡ ਮੁੜ ਹਾਸਲ ਕਰ ਲਈ। ਲੜੀ ਦਾ ਅਖੀਰਲਾ ਮੈਚ ਹੁਣ ਭਲਕੇ 19 ਦਸੰਬਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।






