ਬਾਰਬਾਡੋਸ/ਪੰਜਾਬ ਪੋਸਟ
ਅੱਜ ਟੀ-20 ਵਿਸ਼ਵ ਕਿ੍ਰਕਟ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20ਵਿਸ਼ਵ ਕੱਪ ਤੇ ਕਬਜ਼ਾ ਕਰ ਲਿਆ ਹੈ। ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਨਾਲ 176 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੀ ਟੀਮ 177 ਦੌੜਾਂ ਦਾ ਪਿੱਛਾ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ਨਾਲ 169 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਵੱਲੋਂ ਹੈਨਰਿਚ ਕਲੈਸਨ ਨੇ 27 ਗੇਂਦਾਂ ਵਿੱਚ 52 ਦੌੜਾਂ ਬਣਾਉਂਦਿਆਂ ਟੀਮ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ। ਉਸ ਨੇ ਅਕਸ਼ਰ ਪਟੇਲ ਦੇ ਇੱਕ ਓਵਰ ਵਿਚ 24 ਦੌੜਾਂ ਬਣਾ ਕੇ ਮੈਚ ਦਾ ਪਾਸਾ ਦੱਖਣੀ ਅਫਰੀਕਾ ਦੀ ਟੀਮ ਵੱਲ ਮੋੜਿਆ, ਪਰ ਇਸ ਤੋਂ ਬਾਅਦ ਭਾਰਤ ਨੇ ਦੱਖਣੀ ਅਫਰੀਕਾ ਦੇ ਦੋ ਬੱਲੇਬਾਜਾਂ ਨੂੰ ਨਾਲ ਦੀ ਨਾਲ ਆਊਟ ਕੀਤਾ ਤੇ ਉਸ ਤੋਂ ਬਾਅਦ ਭਾਰਤ ਨੂੰ ਖਿਤਾਬੀ ਜਿੱਤ ਹਾਸਲ ਹੋਈ। ਦੱਖਣੀ ਅਫਰੀਕਾ ਨੂੰ ਆਖਰੀ ਓਵਰ ਵਿੱਚ 16 ਦੌੜਾਂ ਚਾਹੀਦੀਆਂ ਸਨ ਪਰ ਡੇਵਿਡ ਮਿਲਰ ਦਾ ਸੂਰਿਆ ਕੁਮਾਰ ਨੇ ਬਾਊਂਡਰੀ ’ਤੇ ਸ਼ਾਨਦਾਰ ਕੈਚ ਲੈ ਕੇ ਮੈਚ ਦਾ ਪਾਸਾ ਪਲਟ ਦਿੱਤਾ। ਦੱਖਣੀ ਅਫਰੀਕਾ ਨੂੰ ਆਖਰੀ ਦੋ ਗੇਂਦਾਂ ਵਿੱਚ ਦਸ ਦੌੜਾਂ ਚਾਹੀਦੀਆਂ ਸਨ, ਪਰ ਹਾਰਦਿਕ ਪਾਂਡਿਆ ਨੇ ਵਾਈਡ ਗੇਂਦ ਸੁੱਟ ਦਿੱਤੀ। ਇਸ ਤੋਂ ਅਗਲੀ ਗੇਂਦ ਵਿੱਚ ਰਬਾਡਾ ਆਊਟ ਹੋ ਗਿਆ ਤੇ ਆਖਰੀ ਗੇਂਦ ’ਤੇ ਨੌਂ ਦੌੜਾਂ ਚਾਹੀਦੀਆਂ ਸਨ ਪਰ ਦੱਖਣੀ ਅਫਰੀਕਾ ਸਿਰਫ ਇਕ ਦੌੜ ਹੀ ਬਣਾ ਸਕਿਆ ਤੇ ਭਾਰਤ ਨੇ ਵਿਸ਼ਵ ਕੱਪ ਮੁਕਾਬਲਾ ਸੱਤ ਦੌੜਾਂ ਨਾਲ ਜਿੱਤ ਲਿਆ।