ਕਾਨਪੁਰ/ਪੰਜਾਬ ਪੋਸਟ
ਭਾਰਤ ਨੇ ਕਾਨਪੁਰ ਵਿਖੇ ਖੇਡੇ ਗਏ ਦੂਜੇ ਅਤੇ ਆਖ਼ਰੀ ਕਿ੍ਰਕਟ ਟੈਸਟ ਮੈਚ ’ਚ ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ ਤੇ ਆਰ. ਅਸ਼ਿਵਨ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਜੈਸਵਾਲ ਦੇ ਨੀਮ ਸੈਂਕੜੇ ਸਦਕਾ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ। ਇਸ ਦੇ ਨਾਲ ਹੀ ਭਾਰਤ ਨੇ ਘਰੇਲੂ ਮੈਦਾਨਾਂ ’ਤੇ ਲਗਾਤਾਰ 18ਵੀਂ ਟੈਸਟ ਲੜੀ ਜਿੱਤ ਕੇ ਆਪਣੇ ਰਿਕਾਰਡ ’ਚ ਹੋਰ ਸੁਧਾਰ ਵੀ ਕਰ ਲਿਆ ਹੈ। ਰਵਿੰਦਰ ਜਡੇਜਾ ਦੀ ਅਗਵਾਈ ਹੇਠ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਬੰਗਲਾਦੇਸ਼ ਨੂੰ ਦੂਜੀ ਪਾਰੀ ’ਚ 146 ਦੌੜਾਂ ’ਤੇ ਹੀ ਸਮੇਟ ਦਿੱਤਾ। ਬੰਗਲਾਦੇਸ਼ ਨੇ ਪਹਿਲੀ ਪਾਰੀ ’ਚ 233 ਦੌੜਾਂ ਅਤੇ ਭਾਰਤ ਨੇ 285 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ਵਿੱਚ 95 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਯਸ਼ਸਵੀ ਜੈਸਵਾਲ (51 ਦੌੜਾਂ) ਅਤੇ ਵਿਰਾਟ ਕੋਹਲੀ (ਨਾਬਾਦ 29 ਦੌੜਾਂ) ਵੱਲੋਂ ਤੀਜੀ ਵਿਕਟ ਲਈ ਨਿਭਾਈ 58 ਦੌੜਾਂ ਦੀ ਭਾਈਵਾਲੀ ਸਦਕਾ 17.2 ਓਵਰਾਂ ਵਿੱਚ 3 ਵਿਕਟਾਂ ’ਤੇ 98 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਕਪਤਾਨ ਰੋਹਿਤ ਸ਼ਰਮਾ 8 ਦੌੜਾਂ ਤੇ ਸ਼ੁਭਮਨ ਗਿੱਲ 6 ਦੌੜਾਂ ਬਣਾ ਕੇ ਆਊਟ ਹੋਏ। ਬੰਗਲਾਦੇਸ਼ ਵੱਲੋਂ ਮੇਹਦੀ ਹਸਨ ਮਿਰਾਜ਼ ਨੇ ਦੋ ਵਿਕਟਾਂ ਲਈਆਂ ਜਦਕਿ ਤਈਜੁਲ ਇਸਲਾਮ ਨੂੰ ਇੱਕ ਵਿਕਟ ਮਿਲੀ। ਦੋਵਾਂ ਪਾਰੀਆਂ ’ਚ ਨੀਮ ਸੈਂਕੜੇ ਜੜਨ ਵਾਲੇ ਜੈਸਵਾਲ ਨੂੰ ‘ਪਲੇਅਰ ਆਫ ਦਿ ਮੈਚ’ ਅਤੇ ਰਵੀਚੰਦਰਨ ਅਸ਼ਿਵਨ ਨੂੰ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ। ਦੂਜੀ ਪਾਰੀ ’ਚ ਜਡੇਜਾ, ਬੁਮਰਾਹ ਅਤੇ ਅਸ਼ਿਵਨ ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦਕਿ ਅਕਾਸ਼ਦੀਪ ਨੂੰ ਇੱਕ ਵਿਕਟ ਮਿਲੀ। ਭਾਰਤ ਨੇ ਦੂਜੇ ਟੈਸਟ ਮੈਚ ’ਚ ਜਿੱਤ ਦੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊ. ਟੀ. ਸੀ.) ਸੂਚੀ ਦੀ ਚੋਟੀ ’ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਹੁਣ ਟੈਸਟ ਲੜੀ ਉਪਰੰਤ ਦੁਹਾਂ ਟੀਮਾਂ ਦਰਮਿਆਨ ਤਿੰਨ ਟੀ-20 ਮੈਚਾਂ ਦੀ ਲੜੀ ਚੱਲ ਰਹੀ ਹੈ।