ਦਿੱਲੀ/ਪੰਜਾਬ ਪੋਸਟ
ਯੂਰਪੀ ਦੇਸ਼ ਫਰਾਂਸ ਦੇ ਪੈਰਿਸ ਵਿੱਚ ਬੀਤੇ ਦਿਨੀਂ ਸਮਾਪਤ ਹੋਈਆਂ ਪੈਰਾਲੰਪਿਕ ਖੇਡਾਂ ਵਿੱਚ 29 ਤਗ਼ਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦਾ ਰਾਜਧਾਨੀ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ। ਖਿਡਾਰੀਆਂ ਦਾ ਸਵਾਗਤ ਕਰਨ ਲਈ ਉਨਾਂ ਦੇ ਪਰਿਵਾਰਕ ਮੈਂਬਰ, ਸਮੱਰਥਕ ਅਤੇ ਖੇਡ ਪ੍ਰਬੰਧਕ ਪਹੁੰਚੇ। ਦਿਵਿਆਂਗ ਪਰ ਬੇਮਿਸਾਲ ਦਿ੍ੜ ਇਰਾਦੇ ਵਾਲੇ ਭਾਰਤ ਦੇ ਪੈਰਾਅਥਲੀਟ ਆਪਣੀ ਪੈਰਾਲੰਪਿਕ ਮੁਹਿੰਮ ’ਤੇ ਮਾਣ ਮਹਿਸੂਸ ਕਰ ਸਕਦੇ ਹਨ ਕਿਉਂਕਿ ਜ਼ਿਆਦਾਤਰ ਸਥਾਪਤ ਨਾਂ ਅਵਾਲੇ ਖਿਡਾਰੀ ਉਮੀਦਾਂ ’ਤੇ ਖਰੇ ਉਤਰੇ ਅਤੇ ਬਹੁਤੇ ਖਿਡਾਰੀਆਂ ਨੇ ਆਪਣੇ ਹੀ ਰਿਕਾਰਡ ਤੋੜੇ ਅਤੇ ਕੁੱਲ 29 ਤਗ਼ਮੇ ਜਿੱਤ ਕੇ ਵੱਡੇ ਮੰਚ ’ਤੇ ਆਪਣੀ ਜਗਾ ਬਣਾਈ।ਭਾਰਤ ਨੇ ਕੁੱਲ 29 ਤਗ਼ਮੇ ਜਿੱਤੇ, ਜਿਨਾਂ ਵਿੱਚ ਸੱਤ ਸੋਨੇ ਦੇ ਤਗ਼ਮੇ ਵੀ ਸ਼ਾਮਲ ਹਨ, ਜੋ ਦੇਸ਼ ਲਈ ਇਨਾਂ ਖੇਡਾਂ ਵਿੱਚ ਪਹਿਲੀ ਵਾਰ ਹੋਇਆ ਹੈ। ਭਾਰਤ ਨੇ ਸਾਲ 2016 ਦੇ ਸੈਸ਼ਨ ਵਿੱਚ ਹੀ ਆਪਣੀ ਮੌਜੂਦਗੀ ਦਰਜ ਕਰਵਾਉਣੀ ਸ਼ੁਰੂ ਕੀਤੀ ਸੀ, ਜਿਸ ਵਿੱਚ ਦੇਸ਼ ਦੇ ਪੈਰਾਅਥਲੀਟ ਚਾਰ ਤਗ਼ਮੇ ਜਿੱਤ ਸਕੇ ਸੀ। ਇਸ ਮਗਰੋਂ ਪਿਛਲੀ ਵਾਰ ਟੋਕੀਓਖੇਡਾਂ ਵਿੱਚ ਭਾਰਤ ਦੇ ਪੈਰਾ ਖਿਡਾਰੀਆਂ ਨੇ 19 ਤਗ਼ਮੇ ਜਿੱਤੇ ਸਨ। ਇਸ ਵਾਰ ਖਾਸ ਗੱਲ ਇਹ ਵੀ ਸੀ ਕਿ ਪੰਜ ਖੇਡਾਂ ਵਿੱਚ ਕੁੱਲ 29 ਤਗ਼ਮਿਆਂ ਵਿੱਚੋਂ ਸਿਰਫ਼ ਟਰੈਕ ਐਂਡ ਫੀਲਡ ਮੁਕਾਬਲੇ ’ਚ ਹੀ 17 ਤਗ਼ਮੇ ਮਿਲੇ, ਜਿਸ ਨੇ ਯਕੀਨੀ ਬਣਾਇਆ ਕਿ ਭਾਰਤ ਦੇਸ਼ ਇਨਾਂ ਖੇਡਾਂ ਦੇ ਸਿਖਰਲੇ 20 ’ਚ ਸ਼ਾਮਲ ਰਿਹਾ।