ਸਿਡਨੀ/ਪੰਜਾਬ ਪੋਸਟ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਭਲੇ ਹੀ ਟੀਮ ਦੇ ਹਿੱਤ ਵਿਚ ਖ਼ੁਦ ਨੂੰ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਪਰ ਨਵੇਂ ਸਾਲ ਵਿਚ ਵੀ ਭਾਰਤੀ ਬੱਲੇਬਾਜ਼ਾਂ ਦਾ ਹਾਲ ਨਹੀਂ ਬਦਲਿਆ ਅਤੇ ਆਸਟ੍ਰੇਲੀਆਂ ਖ਼ਿਲਾਫ ਪੰਜਵੇਂ ਅਤੇ ਆਖ਼ਰੀ ਟੈਸਟ ਦੇ ਪਹਿਲੇ ਦਿਨ ਅੱਜ ਪੂਰੀ ਟੀਮ 185 ਦੌੜਾਂ ਉਤੇ ਆਊਟ ਹੋ ਗਈ। ਖ਼ਰਾਬ ਫਾਰਮ ਅਤੇ ਤਕਨੀਕੀ ਕਮਜ਼ੋਰੀਆਂ ਨਾਲ ਜੂਝ ਰਹੇ ਵਿਰਾਟ ਕੋਹਲੀ 69 ਗੇਂਦਾਂ ‘ਚ 17 ਦੌੜਾਂ ਬਣਾ ਕੇ ਆਊਟ ਹੋ ਗਏ। ਆਫ਼ ਸਟੰਪ ਤੋਂ ਬਾਹਰ ਜਾ ਰਹੀ ਗੇਂਦ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ ਅਤੇ ਇੱਥੇ ਵੀ ਉਸ ਨੇ ਆਸਾਨੀ ਨਾਲ ਆਪਣਾ ਵਿਕਟ ਗੁਆ ਦਿਤਾ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਆਸਟ੍ਰੇਲੀਆ ਨੇ ਇਕ ਵਿਕਟ ‘ਤੇ ਨੌਂ ਦੌੜਾਂ ਬਣਾ ਲਈਆਂ ਸਨ। ਕਾਰਜਕਾਰੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਖ਼ਰਾਬ ਫਾਰਮ ਨਾਲ ਜੂਝ ਰਹੇ ਉਸਮਾਨ ਖ਼ਵਾਜਾ (ਦੋ ਦੌੜਾਂ) ਨੂੰ ਪੈਵੇਲੀਅਨ ਭੇਜਿਆ। ਨੌਜਵਾਨ ਸੈਮ ਕਾਨਸਟਾਸ 7 ਦੌੜਾਂ ਬਣਾ ਕੇ ਖੇਡ ਰਿਹਾ ਸੀ ਅਤੇ ਪਹਿਲੀ ਗੇਂਦ ‘ਤੇ ਬੁਮਰਾਹ ਨੂੰ ਚੌਕਾ ਜੜ ਦਿਤਾ। ਬੁਮਰਾਹ ਅਤੇ ਕਾਨਸਟਾਸ ਵਿਚਕਾਰ ਹਲਕੀ ਬਹਿਸ ਵੀ ਹੋਈ। ਇਸ ਤੋਂ ਪਹਿਲਾਂ ਬੁਮਰਾਹ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਭਾਰਤੀ ਬੱਲੇਬਾਜ਼ਾਂ ਨੂੰ ਬਹੁਤ ਜ਼ਿਆਦਾ ਰੱਖਿਆਤਮਕ ਤਰੀਕੇ ਨਾਲ ਖੇਡਣ ਦਾ ਨਤੀਜਾ ਭੁਗਤਣਾ ਪਿਆ।