- ਇੱਕ ਵੀਡੀਓ ਰਾਹੀਂ ਅੰਗਹੀਣਾਂ ਦੀਆਂ ਨਕਲਾਂ ਲਾਉਣ ਅਤੇ ਮਜ਼ਾਕ ਉਡਾਉਣ ਦਾ ਮਾਮਲਾ
ਦਿੱਲੀ/ਪੰਜਾਬ ਪੋਸਟ
ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਵੀਡੀਓ ’ਚ ਅੰਗਹੀਣ ਲੋਕਾਂ ਦੀ ਨਕਲ ਲਾ ਕੇ ਉਨਾਂ ਦਾ ‘ਮਜ਼ਾਕ’ ਉਡਾਉਣ ਦੇ ਮਾਮਲੇ ਵਿੱਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਯੁਵਰਾਜ ਸਿੰਘ, ਸੁਰੇਸ਼ ਰੈਨਾ ਅਤੇ ਗੁਰਕੀਰਤ ਮਾਨ ਖ਼ਿਲਾਫ਼ ਦਿੱਲੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨੈਸ਼ਨਲ ਸੈਂਟਰ ਫਾਰ ਪ੍ਰਮੋਸ਼ਨ ਆਫ ਐਂਪਲਾਇਮੈਂਟ ਫਾਰ ਡਿਸਏਬਲਡ (ਐੱਨਸੀਪੀਈਡੀਪੀ) ਦੇ ਪ੍ਰਧਾਨ ਅਰਮਾਨ ਅਲੀ ਨੇ ਅਮਰ ਕਾਲੋਨੀ ਥਾਣੇ ਦੇ ਇੰਚਾਰਜ ਕੋਲ ਇਹ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਫੇਸਬੁੱਕ ਦੀ ਮਾਲਕੀ ਵਾਲੀ ਮੈਟਾ ਇੰਡੀਆ ਦੀ ਮੀਤ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਸੰਧਿਆ ਦੇਵਨਾਥਨ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਹੈ। ਅਲੀ ਨੇ ਸ਼ਿਕਾਇਤ ’ਚ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ਦੀ ਮਾਲਕੀ ਵਾਲੀ ਕਪੰਨੀ ਮੈਟਾ ’ਤੇ ਅਜਿਹੀ ਵੀਡੀਓ ਸਾਂਝੀ ਕਰ ਕੇ ਸੂਚਨਾ ਤਕਨਾਲੋਜੀ ਐਕਟ 2000 ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਮਰ ਕਾਲੋਨੀ ਥਾਣੇ ਵਿੱਚ ਸ਼ਿਕਾਇਤ ਮਿਲ ਗਈ ਹੈ ਅਤੇ ਇਸ ਨੂੰ ਅਗਲੀ ਜਾਂਚ ਲਈ ਜ਼ਿਲ੍ਹੇ ਦੇ ਸਾਈਬਰ ਸੈੱਲ ਨੂੰ ਭੇਜਿਆ ਜਾਵੇਗਾ। ਇੰਗਲੈਂਡ ਵਿਖੇ ਸਾਬਕਾ ਕ੍ਰਿਕਟਰਾਂ ਦਾ ਇੱਕ ਟੂਰਨਾਮੈਂਟ ਜਿੱਤਣ ਉਪਰੰਤ ਇਨਾਂ ਖਿਡਾਰੀਆਂ ਨੇ ਜਸ਼ਨ ਮਨਾਉਂਦੇ ਹੋਏ ਇਹ ਵੀਡੀਓ ਬਣਾ ਕੇ ਪਾਈ ਜਿਸ ਉੱਤੇ ਭਾਰੀ ਵਿਵਾਦ ਉੱਠਿਆ ਹੈ।