9.9 C
New York

ਭਾਰਤੀ ਲੋਕ ਕੌਣ ਹਨ?

Published:

Rate this post

ਹਿੰਦੋਸਤਾਨੀ ਬਰੇ-ਸਗੀਰ (ਉੱਪ-ਮਹਾਂਦੀਪ) ਦੇ ਇਤਿਹਾਸ ਵਿੱਚ ਇਹ ਸਵਾਲ ਬਹੁਤ ਹੀ ਜਟਿਲ ਤੇ ਗੁੰਝਲਦਾਰ ਹੈ ਕਿ ਆਰੀਆ ਲੋਕ ਕੌਣ ਸਨ। ਇਸ ਸਵਾਲ ਦਾ ਜਵਾਬ ਇਤਿਹਾਸ, ਪੁਰਾਤੱਤਵ ਵਿਗਿਆਨ, ਭਾਸ਼ਾਵਾਂ ਦਾ ਅਧਿਐਨ, ਮਿਥਿਹਾਸ, ਜੈਨੇਟਿਕਸ ਤੇ ਸੋਸ਼ਲ ਐਂਥਰੋਪੌਲੋਜੀ ਦੇ ਖੇਤਰਾਂ ਦੇ ਗਿਆਨ ਵਿੱਚੋਂ ਲੱਭਣਾ ਪਵੇਗਾ। ਦੱਖਣੀ ਏਸ਼ੀਆ ਤੇ ਖ਼ਾਸਕਰ ਭਾਰਤ ਵਿੱਚ ਵਸਦੇ ਲੋਕ ਕੌਣ ਹਨ? ਉਹ ਕਿੱਥੋਂ ਆਏ? ਕੀ ਆਰੀਆ ਲੋਕ ਬਾਹਰੋਂ ਆਏ? ਸਿੰਧ ਘਾਟੀ ਦੀ ਸੱਭਿਅਤਾ ਨਾਲ ਜੁੜੇ ਹੋਏ ਲੋਕ ਕੌਣ ਸਨ? ਉਨਾਂ ਦਾ ਆਰੀਆ ਲੋਕਾਂ ਨਾਲ ਕੀ ਸਬੰਧ ਸੀ? ਅਜੋਕੀ ਦੱਖਣੀ ਏਸ਼ਿਆਈ ਵਸੋਂ ਜਿਸ ਵਿੱਚ ਭਾਰਤ, ਪਾਕਿਸਤਾਨ, ਸ੍ਰੀਲੰਕਾ, ਨੇਪਾਲ ਤੇ ਬਰਮਾ ਆਦਿ ਸ਼ਾਮਿਲ ਹਨ, ਇਨਾਂ ਪੁਰਾਤਨ ਲੋਕਾਂ ਨਾਲ ਕਿਸ ਤਰਾਂ ਸਬੰਧਤ ਹੈ? ਧਰਤੀ ’ਤੇ ਰਹਿੰਦੇ ਸਾਰੇ ਮਨੁੱਖ ਇੱਕੋ ਥਾਂ ਪੈਦਾ ਹੋਏ ਜਾਂ ਵੱਖ-ਵੱਖ ਥਾਵਾਂ ’ਤੇ? ਤੇ ਹੋਰ ਕਿੰਨੇ ਹੀ ਅਹਿਮ ਸਵਾਲ ਹਨ ਜੋ ਸਾਡੇ ਇਤਿਹਾਸ ਨਾਲ ਜੁੜੇ ਹੋਏ ਨੇ।
ਪਿਛਲੇ ਸਮੇਂ ਵਿੱਚ ਇਨਾਂ ਸਵਾਲਾਂ ਬਾਰੇ ਕਈ ਵਾਦ-ਵਿਵਾਦ ਵੀ ਚੱਲੇ ਤੇ ਇਨਾਂ ਨੂੰ ਰਾਜਨੀਤੀ ਨਾਲ ਵੀ ਜੋੜਿਆ ਗਿਆ। ਬੜਾ ਜ਼ੋਰ ਦੇ ਕੇ ਇਹ ਵੀ ਕਿਹਾ ਗਿਆ ਕਿ ਸਾਨੂੰ ਗ਼ਲਤ ਇਤਿਹਾਸ ਪੜਾਇਆ ਗਿਆ ਹੈ। ਇਹ ਵੀ ਕਿਹਾ ਗਿਆ ਕਿ ਪੁਰਾਤਨ ਭਾਰਤ ਵਿੱਚ ਬਾਹਰੋਂ ਕੋਈ ਨਹੀਂ ਆਇਆ, ਆਰੀਆ ਲੋਕ ਇੱਥੋਂ ਦੇ ਮੂਲ ਵਸਨੀਕ ਸਨ ਤੇ ਸਿੰਧ ਘਾਟੀ ਸੱਭਿਅਤਾ ਦੇ ਲੋਕ ਜਿਨਾਂ ਨੇ ਉੱਤਰੀ ਭਾਰਤ ਤੇ ਖ਼ਾਸ ਕਰਕੇ ਪੰਜਾਬ ਵਿੱਚ ਕੋਈ ਪੰਜ ਹਜ਼ਾਰ ਸਾਲ ਪਹਿਲਾਂ ਸ਼ਹਿਰ ਵਸਾਏ, ਵੀ ਆਰੀਆ ਹੀ ਸਨ। ਇਸ ਤਰਾਂ ਦੇ ਸਵਾਲਾਂ ਦੇ ਪੱਕੇ ਜਵਾਬ ਲੱਭਣੇ ਬੜੇ ਮੁਸ਼ਕਿਲ ਹੁੰਦੇ ਹਨ। ਬੜੇ ਸਮੇਂ ਤੋਂ ਅਵਸ਼ੇਸ਼ਾਂ, ਇਤਿਹਾਸਕ ਤੱਥਾਂ ਤੇ ਬੋਲੀਅਾਂ ਆਦਿ ਦੇ ਆਧਾਰ ’ਤੇ ਇਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ 30 ਕੁ ਸਾਲਾਂ ਤੋਂ ਇਨਾਂ ਸਵਾਲਾਂ ਦੇ ਜਵਾਬ ਮਨੁੱਖੀ ਡੀ. ਐੱਨ. ਏ. ਦੇ ਅਧਿਐਨ ਨਾਲ ਲੱਭਣ ਦੇ ਨਵੇਂ ਤਰੀਕੇ ਸਾਹਮਣੇ ਆਏ ਨੇ। ਇਸ ਆਧਾਰ ’ਤੇ ਵਿਗਿਆਨਕ ਵਿਸ਼ਲੇਸ਼ਣ ਨਾਲ ਜੋ ਨਵੇਂ ਨਤੀਜੇ ਮਿਲੇ ਨੇ, ਉਨਾਂ ’ਤੇ ਵਿਸ਼ਵਾਸ ਕਰਨਾ ਵੱਧ ਮੁਨਾਸਬ ਹੈ।
ਮਨੁੱਖੀ ਸਰੀਰ ਸੈੱਲਾਂ ਤੋਂ ਬਣਿਆ ਹੋਇਐ। ਹਰੇਕ ਸੈੱਲ ਵਿੱਚ ਨਿਊਕਲੀਅਸ ਤੇ ਮਾਈਟੋਕੌਂਡਰੀਆ ਪ੍ਰਮੁੱਖ ਹੁੰਦੇ ਹਨ। ਮਨੁੱਖੀ ਸੈੱਲ ਵਿੱਚ ਨਿਊਕਲੀਅਸ ਤੇ ਮਇਟੋਕੌਂਡਰੀਆ ਵਿੱਚ ਡੀ. ਐੱਨ. ਏ. ਪਾਇਆ ਜਾਂਦਾ ਹੈ। ਨਿਊਕਲੀਅਸ ਵਿਚਲਾ ਡੀ.ਐੱਨ.ਏ. ਮਾਤਾ ਤੇ ਪਿਤਾ ਦੇ ਡੀ.ਐੱਨ.ਏ. ਦਾ ਸੁਮੇਲ ਹੁੰਦਾ ਹੈ ਜਦੋਂਕਿ ਮਇਟੋਕੌਂਡਰੀਆ ਵਿਚਲਾ ਡੀ. ਐੱਨ. ਏ. ਸਿਰਫ਼ ਮਾਂ ਤੋਂ ਮਿਲਦਾ ਹੈ। ਇਸ ਲਈ ਇੱਕ ਮਾਂ ਦੇ ਸਾਰੇ ਬੱਚਿਅਾਂ ਦਾ ਮਇਟੋਕੌਂਡਰੀਆ ਵਿਚਲਾ ਡੀ.ਐੱਨ.ਏ. ਇੱਕੋ ਜਿਹਾ ਹੋਵੇਗਾ ਤੇ ਇੱਕ ਨਾਨੀ ਦੇ ਸਾਰੇ ਦੋਹਤੇ ਦੋਹਤੀਅਾਂ ਦੇ ਮਇਟੋਕੌਂਡਰੀਆ ਵਿਚਲਾ ਡੀ.ਐੱਨ.ਏ. ਵੀ ਇੱਕੋ ਜਿਹਾ ਹੋਣਾ ਚਾਹੀਦਾ ਹੈ। ਇਸੇ ਤਰਾਂ ਪੜਨਾਨੀ, ਪੜ-ਪੜ ਨਾਨੀ ਤੋਂ ਪੈਦਾ ਹੋਏ ਬੱਚਿਅਾਂ ਦਾ ਵੀ। ਜਦੋਂ ਮਇਟੋਕੌਂਡਰੀਆ ਦਾ ਡੀ.ਐੱਨ.ਏ. ਮਾਂ ਤੋਂ ਬੱਚੇ ਵਿੱਚ ਜਾਂਦਾ ਹੈ ਤਾਂ ਇਸ ਦੇ ਨਕਲ ਹੋਣ ਦੀ ਪ੍ਰਕਿਰਿਆ ਵਿੱਚ ਗ਼ਲਤੀਅਾਂ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਕਾਰਨ ਡੀ.ਐੱਨ.ਏ. ਦੀ ਲੰਮੀ ਲੜੀ ਵਿੱਚ ਕਈ ਥਾਵਾਂ ’ਤੇ ਬਦਲਾਓ ਆ ਜਾਂਦੇ ਨੇ, ਜਿਸ ਨੂੰ ਮਿਊਟੇਸ਼ਨ ਆਖਦੇ ਨੇ। ਇਹ ਲਗਭਗ ਨਿਯਤ ਹੈ ਕਿ ਕਿੰਨੀਅਾਂ ਕੁ ਗ਼ਲਤੀਅਾਂ ਜਾਂ ਮਿਊਟੇਸ਼ਨਾਂ ਡੀ.ਐੱਨ.ਏ. ਦੇ ਇੱਕ ਪੀੜੀ ਤੋਂ ਦੂਸਰੀ ਪੀੜੀ ਵਿੱਚ ਉਲੱਥਾ ਕਰਨ ਸਮੇਂ ਹੁੰਦੀਅਾਂ ਹਨ ਤੇ ਵਿਗਿਆਨੀਅਾਂ ਨੇ ਮਿਊਟੇਸ਼ਨ ਦੀ ਇਸ ਦਰ ਨੂੰ ਨਾਪਿਆ ਹੋਇਆ ਹੈ। ਜੇ ਆਪਾਂ ਦੋ ਮਨੁੱਖਾਂ ਦੇ ਮਇਟੋਕੌਂਡਰੀਆ ਵਿੱਚੋਂ ਡੀ.ਐੱਨ.ਏ. ਲਈਏ। ਉਨਾਂ ਨੂੰ ਆਪਸ ਵਿੱਚ ਮੇਲ ਕੇ ਉਨਾਂ ਵਿਚਲੇ ਫ਼ਰਕ ਨੂੰ ਮਿਣੀਏ ਤਾਂ ਇਸ ਫ਼ਰਕ ਤੋਂ ਇਹ ਜਾਣਿਆ ਜਾ ਸਕਦਾ ਹੈ ਕਿ ਕਿੰਨੀਅਾਂ ਪੀੜੀਅਾਂ ਪਹਿਲਾਂ ਉਨਾਂ ਦੀ ਇੱਕੋ ਪੜ-ਪੜ-ਪੜ ਨਾਨੀ ਸੀ। ਇਸ ਤਰੀਕੇ ਨਾਲ ਕੋਈ ਵੀ ਦੋ ਮਨੁੱਖਾਂ ਵਿਚਲੀ ਮਾਂ ਵੱਲੋਂ ਰਿਸ਼ਤੇਦਾਰੀ ਦੀ ਦੂਰੀ ਨਾਪੀ ਜਾ ਸਕਦੀ ਹੈ। ਇਸ ਤਰਾਂ ਦੀ ਖੋਜ ਜ਼ਰੀਏ ਕੋਈ 30 ਕੁ ਸਾਲ ਪਹਿਲਾਂ ਸਾਹਮਣੇ ਆਇਆ ਸਭ ਤੋਂ ਵੱਡਾ ਤੱਥ ਇਹ ਸੀ ਕਿ ਸਾਰੇ ਮਨੁੱਖਾਂ ਦੀ ਮਾਂ ਇੱਕੋ ਹੈ ਤੇ ਉਹ ਅਫ਼ਰੀਕਾ ਵਿੱਚ ਰਹਿੰਦੀ ਸੀ ਤੇ ਸਾਰੀ ਦੁਨੀਅਾਂ ਦੇ ਮਨੁੱਖ ਅਫ਼ਰੀਕਾ ਵਿੱਚੋਂ ਆਏ ਨੇ, ਜਿੱਥੋਂ ਬਾਅਦ ਵਿੱਚ ਉਹ ਸਾਰੀ ਦੁਨੀਅਾਂ ਵਿੱਚ ਫੈਲੇ।
ਪਿਛਲੇ ਸਾਲਾਂ ਵਿੱਚ ਡੀ.ਐੱਨ.ਏ. ਨਿਰੀਖਣ ਦੇ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ। ਹੁਣ ਅਸੀਂ ਨਿਊਕਲੀਅਸ ਦੇ ਡੀ.ਐੱਨ.ਏ. ਦਾ ਨਿਰੀਖਣ ਵੀ ਕਰ ਸਕਦੇ ਹਾਂ। ਜੇਕਰ ਡੀ.ਐੱਨ.ਏ. ਬਹੁਤ ਥੋੜੀ ਮਿਕਦਾਰ ਵਿੱਚ ਉਪਲਬਧ ਹੋਵੇ ਤਾਂ ਵੀ ਅਸੀਂ ਉਸ ਨੂੰ ਜਾਂਚ ਸਕਦੇ ਹਾਂ। ਡੀ.ਐੱਨ.ਏ. ਦੇ ਨਿਰੀਖਣ ਵਿੱਚੋਂ ਮਿਲਦੀ ਜਾਣਕਾਰੀ ਨੂੰ ਸੰਭਾਲਣ ਤੇ ਇਸ ਦੇ ਵਿਸ਼ਲੇਸ਼ਣ ਲਈ ਵੱਡੇ ਕੰਪਿਊਟਰਾਂ ਦੀ ਲੋੜ ਪੈਂਦੀ ਹੈ, ਜੋ ਪਿਛਲੇ ਸਾਲਾਂ ਵਿੱਚ ਹੀ ਸਾਨੂੰ ਉਪਲੱਬਧ ਹੋਏ ਨੇ। ਇਨਾਂ ਨਵੀਅਾਂ ਤਕਨੀਕਾਂ ਦੇ ਵਿਕਾਸ ਨਾਲ ਅਸੀਂ ਬਹੁਤ ਸਾਰੇ ਨਵੇਂ ਤਜਰਬੇ ਕਰ ਸਕਦੇ ਹਾਂ ਤੇ ਵੱਖ ਵੱਖ ਤੇ ਬਹੁਤ ਸਾਰੇ ਲੋਕਾਂ ਦਾ ਮਇਟੋਕੌਂਡਰੀਆ ਦਾ ਤੇ ਨਿਊਕਲੀਅਸ ਦਾ ਡੀ.ਐੱਨ.ਏ. ਜਾਂਚ ਸਕਦੇ ਹਾਂ। ਸਿਰਫ਼ ਬਾਪ ਤੋਂ ਮਿਲਣ ਵਾਲੇ ‘ਵਾਈ’ () ਕ੍ਰੋਮੋਸੋਮ ਨੂੰ ਅਲੱਗ ਕਰਕੇ ਇਸ ਵਿਚਲੇ ਫ਼ਰਕ ਨੂੰ ਨਾਪ ਕੇ ਅਸੀਂ ਮਨੁੱਖਾਂ ਵਿੱਚ ਬਾਪ ਵਾਲੇ ਪਾਸਿਉਂ ਰਿਸ਼ਤੇਦਾਰੀ ਵੀ ਮਿਣ ਸਕਦੇ ਹਾਂ। ਇਨਾਂ ਵਿਗਿਆਨਕ ਵਿਧੀਅਾਂ ਨਾਲ ਇਤਿਹਾਸ ਨਾਲ ਸਬੰਧਤ ਕਈ ਸਵਾਲਾਂ ਦੇ ਪੱਕੇ ਜਵਾਬ ਲੱਭੇ ਜਾ ਸਕਦੇ ਨੇ ਜੋ ਕਿ ਪਹਿਲਾਂ ਸੰਭਵ ਨਹੀਂ ਸੀ।
1980ਵਿਅਾਂ ਵਿੱਚ ਇਹ ਸਭ ਸੰਭਵ ਨਹੀਂ ਸੀ। ਇਸ ਕਰਕੇ ਵਿਗਿਆਨੀਅਾਂ ਨੇ ਮਇਟੋਕੌਂਡਰੀਆ ਵਿਚਲੇ ਡੀ.ਐੱਨ.ਏ. ਦੇ ਨਿਰੀਖਣ ਨੂੰ ਪਹਿਲ ਦਿੱਤੀ ਕਿਉਂਕਿ ਇਹ ਕੰਮ ਆਸਾਨ ਸੀ ਤੇ ਉਸ ਸਮੇਂ ਦੇ ਯੰਤਰਾਂ ਨਾਲ ਕੀਤਾ ਜਾ ਸਕਦਾ ਸੀ। ਇਸ ਸਾਰੇ ਵਿਗਿਆਨਕ ਵਿਸ਼ਲੇਸ਼ਣ ਲਈ ਕਈ ਕਿਸਮ ਦੇ ਸੂਖ਼ਮ ਯੰਤਰਾਂ ਤੇ ਕੰਪਿਊਟਰਾਂ ਦੀ ਲੋੜ ਪੈਂਦੀ ਹੈ ਤੇ ਕਈ ਵਿਗਿਆਨੀ ਮਿਲ ਕੇ ਹੀ ਇਸ ਕੰਮ ਨੂੰ ਸਿਰੇ ਚਾੜਦੇ ਨੇ। ਭਾਰਤ ਵਿੱਚ ਦੋ ਤਿੰਨ ਜਗਾ ’ਤੇ ਹੀ ਇਹ ਖੋਜ ਹੁੰਦੀ ਹੈ ਤੇ ਬਹੁਤ ਘੱਟ ਮਿਕਦਾਰ ਵਾਲੇ ਡੀ.ਐੱਨ.ਏ. ਦੇ ਨਮੂਨਿਅਾਂ ਲਈ ਵਿਦੇਸ਼ੀ ਪ੍ਰਯੋਗਸ਼ਾਲਾਵਾਂ ਦੀ ਮਦਦ ਵੀ ਲੈਣੀ ਪੈਂਦੀ ਹੈ।
ਇਸ ਸਾਲ ਦੋ ਖੋਜ ਪੱਤਰ ਛਪੇ ਨੇ, ਜਿਨਾਂ ਵਿਚਲੇ ਨਤੀਜਿਅਾਂ ਨੇ ਇਤਿਹਾਸ ਨਾਲ ਜੁੜੇ ਕੁਝ ਮੁੱਢਲੇ ਸਵਾਲਾਂ ਦੇ ਜਵਾਬਾਂ ਉੱਤੇ ਚਾਨਣਾ ਪਾਇਆ ਹੈ। ਇੱਕ ਪੇਪਰ ‘ਸੈੱਲ’ ਨਾਮ ਦੇ ਜਰਨਲ ਵਿੱਚ ਛਪਿਆ ਹੈ ਤੇ ਦੂਸਰਾ ‘ਸਾਇੰਸ’ ਨਾਮ ਦੇ ਜਰਨਲ ਵਿੱਚ। ਸਿੰਧ ਘਾਟੀ ਦੀ ਸੱਭਿਅਤਾ 2600-1900 ਈਸਾ ਪੂਰਵ ਦੇ ਦਰਮਿਆਨ ਪੰਜਾਬ, ਸਿੰਧ ਅਤੇ ਲਾਗਲੇ ਇਲਾਕਿਅਾਂ ਵਿੱਚ ਵਿਕਸਿਤ ਹੋਈ ਸੀ। ਰਾਖੀਗੜੀ ਜੋ ਕਿ ਅਜੋਕੇ ਹਰਿਆਣਾ ਵਿੱਚ ਸਥਿਤ ਹੈ, ਇਸ ਸੱਭਿਅਤਾ ਦਾ ਇੱਕ ਪ੍ਰਮੁੱਖ ਸਥਾਨ ਸੀ ਤੇ ਇੱਥੋਂ ਬਹੁਤ ਸਾਰੇ ਅਵਸ਼ੇਸ਼ ਮਿਲ ਚੁੱਕੇ ਹਨ। ‘ਸੈੱਲ’ ਨਾਂਦੇ ਵਿਗਿਆਨ ਦੇ ਰਸਾਲੇ ਵਿੱਚ ਛਪੇ ਪੇਪਰ ਵਿੱਚ ਇਸ ਜਗਾ ਦੇ 61 ਪਿੰਜਰਾਂ ਵਿਚਲੇ ਡੀ.ਐੱਨ.ਏ. ਦੇ ਵਿਸ਼ਲੇਸ਼ਣ ਦੇ ਨਤੀਜੇ ਦੱਸੇ ਗਏ ਹਨ। ‘ਸਾਇੰਸ’ ਨਾਂ ਦੇ ਰਸਾਲੇ ਵਿੱਚ ਛਪੇ ਪਰਚੇ ਵਿੱਚ ਦੱਖਣੀ ਏਸ਼ੀਆ ਦੇ ਵੱਖ ਵੱਖ ਥਾਵਾਂ ਤੋਂ ਮਿਲੇ 2000-100 ਸਾਲ ਈਸਾ ਪੂਰਵ ਪੁਰਾਣੇ, ਪੁਰਾਤਨ ਡੀ.ਐੱਨ.ਏ. ਦੇ ਨਮੂਨਿਅਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਭਾਰਤ, ਜਰਮਨੀ ਤੇ ਅਮਰੀਕੀ ਵਿਗਿਆਨੀਅਾਂ ਨੇ ਇਹ ਕੰਮ ਰਲ ਕੇ ਸਿਰੇ ਚਾੜਿਆ ਹੈ। ਮੁੱਖ ਨਤੀਜੇ ਜੋ ਸਾਹਮਣੇ ਆਉਂਦੇ ਹਨ:

  • ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕਾਂ ਦਾ ਮੱਧ ਏਸ਼ੀਆ ਦੇ ਲੋਕਾਂ ਨਾਲ ਜੈਨੇਟਿਕ ਆਧਾਰ ’ਤੇ ਕੋਈ ਸਿੱਧਾ ਤੁਅੱਲਕ ਨਹੀਂ ਸੀ।
  • ਮੱਧ ਏਸ਼ੀਆ ਵਿੱਚੋਂ ਦੱਖਣੀ ਏਸ਼ੀਆ ਵਿੱਚ 2000 ਈਸਾ ਪੂਰਵ ਤੋਂ ਬਾਅਦ ਜੋ ਲੋਕ ਆਏ ਉਹ ਇੰਡੋ-ਯੂਰਪੀਅਨ ਭਾਸ਼ਾਵਾਂ ਬੋਲਣ ਵਾਲੇ ਸਨ।
  • ਅਜੋਕੇ ਭਾਰਤ ਵਿੱਚ ਵਸਦੇ ਲੋਕਾਂ ਦਾ 30 ਫ਼ੀਸਦੀ ਤੋਂ ਘੱਟ ਡੀ.ਐੱਨ.ਏ. ਉਨਾਂ ਲੋਕਾਂ ਨਾਲ ਰਲਦਾ ਹੈ ਜੋ 2000 ਈਸਾ ਪੂਰਵ ਤੋਂ ਬਾਅਦ ਭਾਰਤ ਵਿੱਚ ਆਏ ਤੇ ਬਾਕੀ ਦਾ ਡੀ.ਐੱਨ.ਏ. ਸਿੰਧ ਘਾਟੀ ਦੇ ਲੋਕਾਂ ਜਾਂ ਉਨਾਂ ਲੋਕਾਂ ਨਾਲ ਮਿਲਦਾ ਹੈ ਜੋ ਪਹਿਲਾਂ ਇਥੇ ਰਹਿੰਦੇ ਸਨ।
    ਇਸ ਖੋਜ ਤੋਂ ਇਹ ਸਾਫ਼ ਹੈ ਕਿ ‘ਆਰੀਆ’ ਲੋਕ ਬਾਹਰਲੇ ਇਲਾਕਿਅਾਂ ਤੋਂ ਇਥੇ ਆਏ ਤੇ ਉਨਾਂ ਦੇ ਆਉਣ ਤੋਂ ਪਹਿਲਾਂ ਇਥੇ ਰਹਿੰਦੇ ਲੋਕਾਂ ਨੇ ਸ਼ਹਿਰ ਵਸਾਏ ਹੋਏ ਸਨ। ਅੱਜ ਦੇ ਭਾਰਤੀ ਲੋਕ ਇਨਾਂ ਦੋਵਾਂ ਕਿਸਮ ਦੇ ਲੋਕਾਂ (ਭਾਵ ਆਰੀਆ ਤੋਂ ਪਹਿਲਾਂ ਏਥੇ ਰਹਿਣ ਵਾਲਿਅਾਂ ਅਤੇ ਆਰੀਆ ਲੋਕਾਂ) ਦਾ ਮਿਸ਼ਰਣ ਹਨ।
    ਇੱਕ ਹੋਰ ਖੋਜ ਬਹੁਤ ਅਹਿਮ ਹੈ ਜੋ ਕੁਝ ਸਾਲ ਪਹਿਲਾਂ ਡੀ.ਐੱਨ.ਏ. ਵਿਸ਼ਲੇਸ਼ਣ ਦੇ ਆਧਾਰ ’ਤੇ ਬਾਇਓਮੈਡੀਕਲ ਜਿਨੋਮਿਕਸ ਦੀ ਕਲਕੱਤੇ ਵਿੱਚ ਸਥਿਤ ਨੈਸ਼ਨਲ ਇੰਸਟੀਚਿਊਟ ਵਿੱਚ ਕੀਤੀ ਗਈ ਸੀ। ਇਹ ਖੋਜ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਜਨਰਲ ਵਿੱਚ ਛਪੀ ਸੀ। ਭਾਰਤ ਤੇ ਵੱਖ ਵੱਖ ਲੋਕਾਂ, ਧਰਮਾਂ, ਸੂਬਿਅਾਂ, ਜਾਤੀਅਾਂ ਆਦਿ ਦੇ ਡੀ.ਐੱਨ.ਏ. ਦੇ ਨਮੂਨਿਅਾਂ ਦੇ ਅਧਿਐਨ ਤੋਂ ਸਾਬਤ ਹੋਇਆ ਕਿ ਸਾਰੇ ਭਾਰਤੀ ਲਗਭਗ ਇੱਕੋ ਜਿਹੇ ਹਨ ਭਾਵੇਂ ਉਹ ਕਿਸੇ ਧਰਮ, ਜਾਤ ਜਾਂ ਸੂਬੇ ਦੇ ਰਹਿਣ ਵਾਲੇ ਹੋਣ। ਇਸ ਸਾਰੀ ਖੋਜ ਤੋਂ ਸਪੱਸ਼ਟ ਸਿੱਟੇ ਨਿਕਲਦੇ ਹਨ ਕਿ ਅਜੋਕੇ ਭਾਰਤੀ ਲੋਕ ਪੁਰਾਤਨ ਭਾਰਤੀ ਲੋਕਾਂ (ਜੋ ਕਿ 2000 ਈਸਾ ਪੂਰਵ ਤੋਂ ਪਹਿਲਾਂ ਇਥੇ ਰਹਿੰਦੇ ਸਨ) ਤੇ ਆਰੀਆ ਲੋਕਾਂ (ਜੋ ਮੱਧ ਏਸ਼ੀਆ ਤੋਂ ਇਥੇ ਆਏ) ਦਾ ਮਿਸ਼ਰਣ ਹਨ।
    ਭਾਸ਼ਾਵਾਂ ਤੇ ਹੋਰ ਅਵਸ਼ੇਸ਼ਾਂ ਦੇ ਆਧਾਰ ’ਤੇ ਵੀ ਪੁਰਾਤਤਵ ਵਿਗਿਆਨੀਅਾਂ ਤੇ ਇਤਿਹਾਸਕਾਰਾਂ ਨੇ ਇਸੇ ਤਰਾਂ ਦੇ ਸਿੱਟੇ ਕੱਢੇ ਸਨ, ਪਰ ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਬੜੇ ਜ਼ੋਰ ਸ਼ੋਰ ਨਾਲ ਇਹ ਕਹਿਣਾ ਸ਼ੁਰੂ ਕੀਤਾ ਕਿ ਭਾਰਤ ਵਿੱਚ ਕੋਈ ਬਾਹਰੋਂ ਨਹੀਂ ਆਇਆ ਤੇ ਸਿੰਧ ਘਾਟੀ ਦੇ ਲੋਕ ਵੀ ਆਰੀਆ ਲੋਕਾਂ ਦੇ ਪੂਰਵਜ ਹੀ ਸਨ। ਹੁਣ ਵਿਗਿਆਨਕ ਆਧਾਰ ’ਤੇ ਸਾਹਮਣੇ ਆਏ ਨਤੀਜੇ ਇਸ ਤਰਾਂ ਦੇ ਦਾਅਵਿਅਾਂ ਨਾਲ ਮੇਲ ਨਹੀਂ ਖਾਂਦੇ। ਦੂਸਰੀ ਰੌਚਿਕ ਗੱਲ ਇਹ ਸਾਹਮਣੇ ਆਈ ਹੈ ਕਿ ਭਾਰਤੀ ਲੋਕ ਜੋ ਧਰਮਾਂ, ਜਾਤਾਂ, ਭਾਸ਼ਾਵਾਂ ਤੇ ਸਥਾਨਾਂ ਦੇ ਆਧਾਰ ’ਤੇ ਵੰਡੇ ਦਿਖਾਈ ਦਿੰਦੇ ਹਨ, ਅਸਲ ਵਿੱਚ ਇੱਕ ਦੂਸਰੇ ਦੇ ਬਹੁਤ ਨੇੜੇ ਹਨ। ਡੀ.ਐੱਨ.ਏ. ਦਾ ਵਿਸ਼ਲੇਸ਼ਣ ਦੱਸਦਾ ਹੈ ਕਿ ਬ੍ਰਾਹਮਣਾਂ ਵਿੱਚ ਉਨਾਂ ਲੋਕਾਂ ਦਾ ਡੀ.ਐੱਨ.ਏ. ਹੈ ਜਿਨਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਤੇ ਰਾਜਪੂਤਾਂ ਵਿੱਚ ਦ੍ਰਾਵਿੜ ਲੋਕਾਂ ਦਾ। ਭਾਰਤੀ ਵਸੋਂ ਵਿੱਚ ਪੁਰਾਤਨ ਆਦਿਵਾਸੀ ਤੇ ਚੀਨੀ ਲੋਕਾਂ ਦਾ ਡੀ.ਐੱਨ.ਏ. ਵੀ ਕੁਝ ਹੱਦ ਤੱਕ ਮਿਲਿਆ ਹੋਇਆ ਹੈ। ਜਾਤਾਂ ਦੇ ਆਧਾਰ ’ਤੇ ਵਿਆਹ ਸ਼ਾਦੀ ਦੀ ਪਰੰਪਰਾ ਕੋਈ 70 ਪੀੜੀਅਾਂ ਪਹਿਲਾਂ ਹੀ ਸ਼ੁਰੂ ਹੋਈ। ਉਸ ਤੋਂ ਪਹਿਲਾਂ ਦੱਖਣੀ ਏਸ਼ੀਆ ਵਿੱਚ ਹਰ ਤਰਾਂ ਦੇ ਲੋਕਾਂ ਦੀਆਂ ਆਪਸ ਵਿੱਚ ਵਿਆਹ ਸ਼ਾਦੀਅਾਂ ਹੁੰਦੀਅਾਂ ਸਨ ਅਤੇ ਇਸ ਦੇ ਪ੍ਰਮਾਣ ਅਜੋਕੇ ਭਾਰਤੀਅਾਂ ਦੇ ਡੀ.ਐੱਨ.ਏ. ਵਿੱਚੋਂ ਮਿਲਦੇ ਹਨ। ਵਿਗਿਆਨਕ ਤੱਥ ਸੰਕੇਤ ਕਰਦੇ ਹਨ ਕਿ ਭਾਰਤ ਵਿੱਚ ਕੋਈ ਖਾਲਸ ਸਮੂਹ ਨਹੀਂ ਹੈ ਤੇ ਪਿਛਲੇ ਸਮੇਂ ਵਿੱਚ ਅਸੀਂ ਇੱਕ ਦੂਜੇ ਨਾਲ ਘੁਲਦੇ ਮਿਲਦੇ ਤੇ ਡੀ. ਐੱਨ. ਏ. ਦਾ ਆਦਾਨ ਪ੍ਰਦਾਨ ਕਰਦੇ ਰਹੇ ਹਾਂ।
    ਕਈ ਵਾਰ ਅਸੀਂ ਅਜੋਕੇ ਸੱਭਿਆਚਾਰ ਦੇ ਅਸਰ ਥੱਲੇ ਭਾਵੁਕ ਤਰੀਕੇ ਨਾਲ ਸੋਚਦੇ ਹਾਂ, ਪਰ ਸਾਨੂੰ ਵਿਗਿਆਨਕ ਤੱਥਾਂ ਨੂੰ ਭਾਵੁਕਤਾ ਨਾਲ ਨਹੀਂ ਲੈਣਾ ਚਾਹੀਦਾ ਸਗੋਂ ਉਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਗਿਆਨ ਨੇ ਸਾਨੂੰ ਸਿਖਾਇਆ ਕਿ ਸਾਨੂੰ ਪਰਮਾਤਮਾ ਨੇ ਆਪਣੇ ਰੂਪ ਵਿੱਚ ਬਣਾਇਆ ਜਾਂ ਨਹੀਂ, ਪਰ ਅਸੀਂ ਜਾਨਵਰਾਂ ਤੋਂ ਕੋਈ ਖ਼ਾਸ ਵੱਖਰੇ ਨਹੀਂ ਹਾਂ। ਮਨੁੱਖ ਤੇ ਚੂਹੇ ਦੇ ਡੀ.ਐੱਨ.ਏ. ਵਿੱਚ ਸਿਰਫ਼ ਪੰਜ ਫ਼ੀਸਦੀ ਦਾ ਅੰਤਰ ਹੈ। ਜਿਸ ਤਰਾਂ ਹੁਣ ਸਾਨੂੰ ਪੱਕਾ ਪਤਾ ਹੈ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਨਹੀਂ ਹੈ ਤੇ ਸੂਰਜ ਵਰਗੇ ਅਨੇਕਾਂ ਹੋਰ ਸੂਰਜ ਤੇ ਧਰਤੀ ਵਰਗੀਅਾਂ ਅਨੇਕਾਂ ਹੋਰ ਧਰਤੀਅਾਂ ਹਨ। ਇਸੇ ਤਰਾਂ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਦੱਖਣੀ ਏਸ਼ੀਆ ਦੇ ਲੋਕ ਬਹੁਤ ਸਾਰੀਅਾਂ ਨਸਲਾਂ ਦਾ ਸੁਮੇਲ ਹਨ ਜੋ ਵੱਖ ਵੱਖ ਸਮਿਅਾਂ ’ਤੇ ਇਥੇ ਆਏ ਤੇ ਵਸ ਗਏ। ਸਾਨੂੰ ਆਪਣੇ ਇਸ ਰਲੇ-ਮਿਲੇ ਪਿਛੋਕੜ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਨਾ ਕਿ ਇਸ ਨੂੰ ਨਕਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
    -ਪ੍ਰੋ. ਅਰਵਿੰਦ

Read News Paper

Related articles

spot_img

Recent articles

spot_img