*ਪੰਜਾਬ ’ਚ ਨੌਜਵਾਨ ਦਾ ਪਰਿਵਾਰ ਮੀਡੀਆ ਰਿਪੋਰਟਾਂ ਤੋਂ ਬਾਅਦ ਕਾਫੀ ਚਿੰਤਿਤ
ਕੈਲੀਫੋਰਨੀਆ/ਪੰਜਾਬ ਪੋਸਟ
ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਖੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਤੋਂ ਬਾਅਦ ਯੂਬਾ ਸਿਟੀ ਦੇ 21 ਸਾਲਾ ਭਾਰਤੀ ਮੂਲ ਦੇ ਜਸ਼ਨਪ੍ਰੀਤ ਸਿੰਘ ਨੂੰ ਕਥਿਤ ਤੌਰ ’ਤੇ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਂਦੇ ਹੋਏ ਇੱਕ ਜਾਨਲੇਵਾ ਹਾਦਸੇ ਦੇ ਦੋਸ਼ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਹੈ। ਇਹ ਹਾਦਸਾ ਕੈਲੀਫੋਰਨੀਆ ਦੇ 10 ਫਰੀਵੇਅ’ਤੇ ਓਂਟਾਰੀਓ ਵਿਖੇ ਵਾਪਰਿਆ। ਰਿਪੋਰਟਾਂ ਅਨੁਸਾਰ ਇਸ ਵੱਡੀ ਟੱਕਰ ਦੇ ਨਤੀਜੇ ਵਜੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਚਾਰ ਹੋਰ ਜ਼ਖਮੀ ਹੋ ਗਏ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਨੁਸਾਰ ਜਸ਼ਨ ਇੱਕ ਤੇਜ਼ ਰਫ਼ਤਾਰ ਟਰੱਕ ਚਲਾ ਰਿਹਾ ਸੀ ਅਤੇ ਭੀੜ ਕਾਰਨ ਹੌਲੀ ਚੱਲ ਰਹੇ ਟਰੈਫਿਕ ਨਾਲ ਟਕਰਾਉਣ ਤੋਂ ਪਹਿਲਾਂ ਬਰੇਕ ਲਗਾਉਣ ਵਿੱਚ ਅਸਫਲ ਰਿਹਾ। ਸਿੰਘ ਨੂੰ ਰੈਂਚੋ ਕੁਕਾਮੋਂਗਾ ਵਿਖੇ ਵੈਸਟ ਵੈਲੀ ਡਿਟੈਂਸ਼ਨ ਸੈਂਟਰ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ’ਤੇ ਵਾਹਨ ਨਾਲ ਕਤਲ ਅਤੇ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਮਰੀਕਾ ਵਿੱਚ ਵਾਪਰੇ ਇੱਕ ਟਰੱਕ ਹਾਦਸੇ ਨੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕਰਨ ਸਬੰਧੀ ਵੱਡੇ ਵੱਧਰ ’ਤੇ ਬਹਿਸ ਛੇੜ ਦਿੱਤੀ ਹੈ। ਵੀਰਵਾਰ ਨੂੰ ਵਾਈਟ ਹਾਊਸ ਦੀ ਇੱਕ ਬ੍ਰੀਫਿੰਗ ਵਿੱਚ ਪ੍ਰੈਸ ਸਕੱਤਰ ਕੈਰੋਲਿਨ ਲੀਵਿਟ ਨੇ ਅਣਅਧਿਕਾਰਤ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕਰਨ ਨੂੰ ‘ਪਰੇਸ਼ਾਨ ਕਰਨ ਵਾਲਾ’ ਦੱਸਿਆ। ਉਨਾਂ ਪੁਸ਼ਟੀ ਕੀਤੀ ਕਿ ਕੈਲੀਫ਼ੋਰਨੀਆ ਨੇ ਸਿੰਘ ਨੂੰ ਇੱਕ ਡਰਾਈਵਰ ਲਾਇਸੈਂਸ ਦਿੱਤਾ ਸੀ ਅਤੇ ਕਿਹਾ ਕਿ ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਵਿੱਚ ਜਸ਼ਨਪ੍ਰੀਤ ਦਾ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰ ਨੂੰ ਇਸ ਦੁਰਘਟਨਾ ਦੀ ਜਾਣਕਾਰੀ ਮਿਲਣ ਨਾਲ ਪਿੰਡ ਵਿੱਚ ਵੀ ਸੋਗ ਦਾ ਮਾਹੌਲ ਹੈ। ਉਸ ਦੇ ਪਿਤਾ ਰਵਿੰਦਰ ਸਿੰਘ ਨੇ ਉਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਕਿ ਉਨਾਂ ਦਾ ਪੁੱਤਰ ਦੁਰਘਟਨਾ ਸਮੇਂ ਨਸ਼ੇ ਦੀ ਹਾਲਤ ਵਿੱਚ ਸੀ। ਰਵਿੰਦਰ ਨੇ ਕਿਹਾ, ‘ਮੇਰਾ ਪੁੱਤਰ ਨਸ਼ਾ ਨਹੀਂ ਕਰਦਾ। ਉਹ ਅੰਮਿ੍ਰਤਧਾਰੀ ਸਿੱਖ ਹੈ। ਉਸ ’ਤੇ ਨਸ਼ੇ ਦੇ ਇਲਜ਼ਾਮ ਬਿਲਕੁਲ ਗਲਤ ਹਨ’। ਰਵਿੰਦਰ, ਜੋ ਸਕੂਲ ਬੱਸ ਡਰਾਈਵਰ ਹਨ, ਨੇ ਗੁਰਦਾਸਪੁਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੁਰਘਟਨਾ ਨੂੰ ‘ਬਹੁਤ ਦੁਖਦਾਈ ਅਤੇ ਮੰਦਭਾਗੀ’ ਦੱਸਿਆ ਅਤੇ ਮਿ੍ਰਤਕ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨਾਂ ਕਿਹਾ ਕਿ ਇਹ ਜਾਣਬੁੱਝ ਕੇ ਨਹੀਂ ਹੋਇਆ। ਰਵਿੰਦਰ ਨੇ ਕੇਂਦਰ ਸਰਕਾਰ ਨੂੰ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਬੇਨਤੀ ਕੀਤੀ ਕਿ ਉਹ ਉਨਾਂ ਦੇ ਪੁੱਤਰ ਦਾ ਸਮਰਥਨ ਕਰਨ ਤਾਂ ਜੋ ਉਸ ਨਾਲ ਕੋਈ ਨਾਇਨਸਾਫੀ ਨਾ ਹੋਵੇ। ਜ਼ਿਕਰਯੋਗ ਹੈ ਕਿ ਇਹ ਅਜਿਹੀ ਦੂਜੀ ਘਟਨਾ ਹੈ ਜਦੋਂ ਭਾਰਤੀ ਮੂਲ ਦੇ ਟਰੱਕ ਡਰਾਈਵਰ ’ਤੇ ਅਮਰੀਕਾ ਵਿੱਚ ਘਾਤਕ ਦੁਰਘਟਨਾ ਦਾ ਇਲਜ਼ਾਮ ਲੱਗਾ ਹੈ। ਇਸ ਤੋਂ ਪਹਿਲਾਂ, 12 ਅਗਸਤ ਨੂੰ, ਹਰਜਿੰਦਰ ਸਿੰਘ (28) ਨੇ ਫਲੋਰੀਡਾ ਵਿੱਚ ਆਪਣੇ ਟਰੈਕਟਰ-ਟਰੇਲਰ ਨਾਲ ਗੈਰ-ਕਾਨੂੰਨੀ ਯੂ-ਟਰਨ ਕੀਤਾ ਸੀ, ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਉਸ ’ਤੇ ਵਾਹਨ ਹੱਤਿਆ ਦੇ ਤਿੰਨ ਮਾਮਲੇ ਦਰਜ ਹਨ। ਇਸ ਘਟਨਾ ਤੋਂ ਬਾਅਦ, ਅਮਰੀਕੀ ਵਿਦੇਸ਼ ਸਕੱਤਰ ਮਾਰਕੋ ਰੂਬਿਓ ਨੇ ਵਪਾਰਕ ਟਰੱਕ ਡਰਾਈਵਰ ਵਰਕ ਵੀਜ਼ਾ ਜਾਰੀ ਕਰਨ ’ਤੇ ਰੋਕ ਦਾ ਐਲਾਨ ਕੀਤਾ ਸੀ।






