ਨਵੀਂ ਦਿੱਲੀ/ਪੰਜਾਬ ਪੋਸਟ
ਭਾਰਤ ਦੀ ਆਪਣੀ ਪੇਸ਼ੇਵਰ ਹਾਕੀ ਲੀਗ, ਹਾਕੀ ਇੰਡੀਆ ਲੀਗ ਭਾਵ ਐੱਚ. ਆਈ. ਐੱਲ. ਸੱਤ ਸਾਲ ਮਗਰੋਂ ਨਵੇਂ ਅੰਦਾਜ਼ ਵਿੱਚ ਪਰਤ ਰਹੀ ਹੈ। ਇਸ ਵਾਰ ਲੀਗ ਵਿੱਚ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਹਿੱਸਾ ਲੈਣਗੀਆਂ। ਇਸ ਦੌਰਾਨ ਪੁਰਸ਼ਾਂ ਦੀਆਂ ਅੱਠ ਅਤੇ ਮਹਿਲਾ ਵਰਗ ਵਿੱਚ ਛੇ ਟੀਮਾਂ ਮੁਕਾਬਲਾ ਕਰਨਗੀਆਂ। ਲੀਗ ਵਿੱਚ ਮਹਿਲਾ ਵਰਗ ਦੇ ਮੁਕਾਬਲੇ ਪਹਿਲੀ ਵਾਰ ਕਰਵਾਏ ਜਾ ਰਹੇ ਹਨ। ਇਹ ਲੀਗ 28 ਦਸੰਬਰ ਤੋਂ ਪਹਿਲੀ ਫਰਵਰੀ ਤੱਕ ਰੁੜਕੇਲਾ ਅਤੇ ਰਾਂਚੀ ਵਿੱਚ ਖੇਡੀ ਜਾਵੇਗੀ। ਪੁਰਸ਼ਾਂ ਦੇ ਮੁਕਾਬਲੇ ਰੁੜਕੇਲਾ, ਜਦਕਿ ਮਹਿਲਾ ਵਰਗ ਦੇ ਮੁਕਾਬਲੇ ਰਾਂਚੀ ’ਚ ਖੇਡੇ ਜਾਣਗੇ। ਲੀਗ ਲਈ ਖਿਡਾਰੀਆਂ ਦੀ ਨਿਲਾਮੀ 13 ਤੋਂ 15 ਅਕਤੂਬਰ ਤੱਕ ਹੋਵੇਗੀ। ਹਾਕੀ ਇੰਡੀਆ ਲੀਗ ਦੀ ਵਾਪਸੀ ਨਾ ਸਿਰਫ ਦੇਸ਼ ਵਿੱਚ ਹਾਕੀ ਦੇ ਇਤਿਹਾਸ ’ਚ ਅਹਿਮ ਕਦਮ ਹੈ, ਸਗੋਂ ਮਹਿਲਾ ਹਾਕੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਵੀ ਇਹ ਬਹੁਤ ਮਹੱਤਵਪੂਰਨ ਹੈ। ਜਾਣਕਾਰੀ ਅਨੁਸਾਰ ਹਰ ਟੀਮ ’ਚ 24 ਖਿਡਾਰੀ ਹੋਣਗੇ, ਜਿਨ੍ਹਾਂ ’ਚੋਂ ਘੱਟੋ-ਘੱਟ 16 ਭਾਰਤੀ ਹੋਣਗੇ। ਚਾਰ ਜੂਨੀਅਰ ਖਿਡਾਰੀ ਅਤੇ ਅੱਠ ਕੌਮਾਂਤਰੀ ਖਿਡਾਰੀਆਂ ਦਾ ਹੋਣਾ ਵੀ ਲਾਜ਼ਮੀ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹਾਕੀ ਇੰਡੀਆ ਲੀਗ ਕੌਮੀ ਟੀਮਾਂ ਲਈ ਵੀ ਨਵੇਂ ਖਿਡਾਰੀ ਪੈਦਾ ਕਰੇਗੀ।