*ਅਹਿਤਿਆਤ ਵਜੋਂ ਨਿਗਰਾਨੀ ‘ਚ ਰੱਖਿਆ : ਅੱਜ ਟੈਸਟ ਰਿਪੋਰਟਾਂ ਮਗਰੋਂ ਡਾਕਟਰ ਲੈਣਗੇ ਅੱਗੇ ਦਾ ਫ਼ੈਸਲਾ
ਮੋਹਾਲੀ/ਪੰਜਾਬ ਪੋਸਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਨ੍ਹਾਂ ਨੂੰ ਰੈਗੂਲਰ ਚੈਕਅੱਪ ਲਈ ਫੋਰਟਿਸ ਹਸਪਤਾਲ ‘ਚ ਦਾਖਲ ਕਰਾਇਆ ਗਿਆ ਸੀ ਉਨ੍ਹਾਂ ਦੀ ਸਿਹਤ ਠੀਕ ਦੱਸੀ ਗਈ ਹੈ ਪਰ ਅਜੇ ਡਾਕਟਰਾਂ ਦੀ ਦੇਖ ਰੇਖ ਹੇਠ ਉਨ੍ਹਾਂ ਨੂੰ ਹਸਪਤਾਲ ਵਿੱਚ ਹੀ ਰੱਖਿਆ ਗਿਆ ਹੈ। ਡਾਕਟਰਾਂ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਮੁੱਖ ਮੰਤਰੀ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਕੋਈ ਖਾਸ ਸਮੱਸਿਆ ਨਹੀਂ ਹੈ। ਡਾਕਟਰਾਂ ਨੇ ਆਪਣੀ ਜਾਂਚ ‘ਚ ਪਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਅੰਤੜੀ ‘ਚ ਸੋਜ ਦੇ ਲੱਛਣ ਹਨ, ਜਿਸ ਕਾਰਨ ਦਿਲ ‘ਤੇ ਦਬਾਅ ਬਣ ਰਿਹਾ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ‘ਚ ਉਤਰਾਅ-ਚੜ੍ਹਾਅ ਆਉਣ ਲੱਗਦਾ ਹੈ, ਇਸ ਸਬੰਧੀ ਕੁਝ ਹੋਰ ਜਾਂਚ ਹੋਣੀ ਬਾਕੀ ਹੈ ਅਤੇ ਖੂਨ ਦੇ ਕੁੱਝ ਹੋਰ ਟੈਸਟ ਕੀਤੇ ਗਏ ਹਨ, ਜਿਨ੍ਹਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ, ਇਸ ਲਈ ਪੂਰੀ ਰਾਤ ਮੁੱਖ ਮੰਤਰੀ ਨੂੰ ਡਾਕਟਰਾਂ ਦੀ ਦੇਖ-ਰੇਖ ਵਿਚ ਰੱਖਿਆ ਗਿਆ ਅਤੇ ਸਵੇਰੇ ਰਿਪੋਰਟਾਂ ਨੂੰ ਦੇਖ ਕੇ ਡਾਕਟਰ ਅੱਗੇ ਦੀ ਪ੍ਰਕਿਰਿਆ ਸਬੰਧੀ ਫ਼ੈਸਲਾ ਲੈਣਗੇ।