ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਈਡਨ ਇਜ਼ਰਾਈਲ ਨੂੰ ਯੂ. ਐੱਸ. ਮਿਲਟਰੀ ਏਡ ਨੂੰ ਲੈ ਕੇ ਗੁੰਝਲਦਾਰ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਅਮਰੀਕੀ ਸੈਨੇਟ ਵਿੱਚ ਰਿਪਬਲੀਕਨ ਸੈਨੇਟਰ ਬਰਨੀ ਸੈਂਡਰਸ ਵੱਲੋਂ ਜੋਅ ਬਾਈਡਨ ਵੱਲ ਸੇਧਤ ਇੱਕ ਮਤਾ ਪੇਸ਼ ਕੀਤਾ ਗਿਆ। ਜਿਸ ਵਿੱਚ ਇਜ਼ਰਾਈਲ ਨੂੰ ਜਾਰੀ ਅਮਰੀਕੀ ਸੈਨਿਕ ਮਦਦ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।
ਭਾਵੇਂ ਇਹ ਮਤਾ ਸੈਨਿਟ ਵਿੱਚ 72 ਦੇ ਮੁਕਾਬਲੇ 11 ਵੋਟਾਂ ਨਾਲ ਰੱਦ ਕਰ ਦਿੱਤਾ ਗਿਆ। ਪਰ 9 ਡੈਮੋਕ੍ਰੈਟਸ ਨੇ ਸੈਂਡਰਸ ਦੇ ਸਮਰਥਨ ਵਿੱਚ ਵੋਟ ਪਾਈ। ਡੈਮੋਕ੍ਰੇਟ ਆਗੂਆਂ ਅੰਦਰ ਗਾਜ਼ਾ ਵਿੱਚ ਹੁਣ ਤੱਕ 24 ਹਜ਼ਾਰ ਫਲਸਤੀਨੀ ਨਾਗਰਿਕਾਂ ਦੀਆਂ ਮੌਤਾਂ ਲਈ ਜਿੰਮੇਵਾਰ ਇਜ਼ਰਾਈਲ ਨੂੰ ਗਾਜ਼ਾ ਵਿੱਚ ਹਮਲਾ ਅਤੇ ਕਬਜ਼ਾ ਕਰਨ ਨੂੰ ਅਨੈਤਿਕ ਕਾਰਵਾਈ ਕਰਾਰ ਦਿੰਦਿਆ ਸੈਨੇਟ ਵਿੱਚ ਚੇਤਾਵਨੀ ਦਿੱਤੀ ਕਿ ਲੱਖਾਂ ਬੱਚੇ ਸਾਡੀਆਂ ਅੱਖਾਂ ਸਾਹਮਣੇ ਭੁੱਖੇ ਮਰ ਰਹੇ ਹਨ।
ਸੈਂਡਰਸ ਨੇ ਮੀਡੀਆ ਦੀ ਉਸ ਰਿਪੋਰਟ ਵੱਲ ਵੀ ਧਿਆਨ ਦਿਵਾਇਆ ਜਿਸ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਬੀਤੇ 6 ਹਫਤਿਆਂ ਵਿੱਚ ਅਮਰੀਕਾ ਦੁਆਰਾ ਦਿੱਤੇ 22,000 ਬੰਬ ਫਲਸਤੀਨੀ ਅਬਾਦੀ ’ਤੇ ਸੁੱਟ ਚੁੱਕਾ ਹੈ।
ਪਾਰਟੀ ਅੰਦਰ ਅਸੰਤੁਸ਼ਟ ਆਗੂਆਂ ਵੱਲੋਂ ਬਾਈਡਨ ਪ੍ਰਸ਼ਾਸਨ ਦੇ ਦਬਾਅ ਦੇ ਬਾਵਜੂਦ ਵੀ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਸਰਕਾਰ ਗਾਜ਼ਾ ਵਿੱਚ ਨਾਗਰਿਕ ਮੌਤਾਂ ਨੂੰ ਰੋਕਣ ਅਤੇ ਭਾਰੀ ਲੜਾਈ ਨੂੰ ਸਮੇਟਣ ਦੇ ਮਾਮਲੇ ਵਿੱਚ ਬਹੁਤਾ ਅਸਰ ਨਹੀਂ ਕਰ ਰਹੀ। ਸਗੋਂ ਇਜ਼ਰਾਈਲ ਇਹ ਐਲਾਨ ਕਰ ਰਿਹਾ ਹੈ ਕਿ ਹਮਾਸ ਦਾ ਨਾਮੋ-ਨਿਸ਼ਾਨ ਮਿਟਾਉਣ ਦੇ ਇਜ਼ਰਾਈਲੀ ਮਿਸ਼ਨ ਨੂੰ ਕੋਈ ਰੋਕ ਨਹੀਂ ਸਕਦਾ। ਜੋਅ ਬਾਈਡਨ ਇਜ਼ਰਾਈਲ-ਗਾਜਾ ਜੰਗ ਮਾਮਲੇ ਵਿੱਚ ਇਸ ਕਦਰ ਫਸ ਕੇ ਰਹਿ ਗਏ ਹਨ ਕਿ ਇਹ ਮਸਲਾ ਹੁਣ ਬਾਈਡਨ ਲਈ ਸਿਆਸੀ ਮਜ਼ਬੂਰੀ ਬਣਦਾ ਜਾ ਰਿਹਾ ਹੈ, ਜਿਸਦਾ ਅਸਰ ਨੇੜੇ ਆ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਸਪੱਸ਼ਟ ਨਜ਼ਰ ਆਵੇਗਾ।