ਲੁਧਿਆਣਾ/ਪੰਜਾਬ ਪੋਸਟ
ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕ ਖੇਡਾਂ 31 ਜਨਵਰੀ ਤੋਂ 2 ਫ਼ਰਵਰੀ ਤੱਕ ਹੋਣ ਜਾ ਰਹੀਆਂ ਹਨ। ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਪੱਤੀ ਸੁਹਾਵੀਆ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਤੇ ਸੈਕਟਰੀ ਗੁਰਵਿੰਦਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਮਿੰਨੀ ਉਲੰਪਿਕਸ ਦੇ ਨਾਮ ਤੋਂ ਮਕਬੂਲ ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਧਾਨ ਕਰਨਲ ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕਸ ਪੂਰੇ ਜੋਸ਼ ਨਾਲ 31 ਜਨਵਰੀ, 1 ਤੇ 2 ਫਰਵਰੀ ਨੂੰ ਪੰਜਾਬ ਸਰਕਾਰ ਦੀ ਮਦਦ ਨਾਲ ਕਰਵਾਈਆਂ ਜਾ ਰਹੀਆਂ ਹਨ। ਐਤਕੀਂ ਇਸ ਖੇਡ ਮੇਲੇ ਨੂੰ ਪੰਜਾਬ ਦੇ ਪੇਂਡੂ ਖੇਡ ਮੇਲੇ ਦਾ ਅਹਿਸਾਸ ਕਰਵਾਉਣ ਲਈ ਪੰਜਾਬ ਦੀਆਂ ਪੁਰਾਤਨ ਅਤੇ ਵਿਰਾਸਤੀ ਖੇਡਾਂ ਕਰਵਾਉਣ ਦਾ ਵੀ ਉਪਰਾਲਾ ਕੀਤਾ ਗਿਆ ਹੈ, ਜਿਸ ਵਿੱਚ ਘੜਾ ਦੌੜ, ਸੂਈ ਧਾਗਾ ਦੌੜ, ਬੋਰੀ ਚੁੱਕਣਾ ਤੇ ਬਾਜ਼ੀਗਰਾਂ ਦੇ ਕਰਤੱਬ ਵੀ ਦੇਖਣ ਨੂੰ ਮਿਲਣਗੇ। ਸਰਕਾਰ ਵੱਲੋਂ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਜ਼ਿੰਮੇਵਾਰੀ ਸੌਪੀ ਗਈ ਹੈ।