ਇਟਲੀ/ਪੰਜਾਬ ਪੋਸਟ
ਯੂਰਪੀਅਨ ਯੂਨੀਅਨ ਵਿੱਚ ਸਭ ਤੋਂ ਵੱਧ ਪ੍ਰਵਾਸੀ ਇਟਲੀ ਵਿੱਚ ਆਉਂਦੇ ਹਨ, ਹੁਣ ਇਹ ਮੁਲਕ ਇਸ ਦਾ ਹੱਲ ਆਪਣੀ ਸਰਹੱਦ ਤੋਂ ਬਾਹਰ ਜਾ ਕੇ ਲੱਭ ਰਿਹਾ ਹੈ। ਇਟਲੀ ਨੇ ਪ੍ਰਵਾਸੀਆਂ ਦੀ ਚੁਣੌਤੀ ਨਾਲ ਨਜਿੱਠਣ ਲਈ ਅਲਬਾਨੀਆ ਵਿੱਚ ਦੋ ਕੈਂਪ ਖੋਲ੍ਹੇ ਹਨ। ਇਨ੍ਹਾਂ ਕੈਂਪਾਂ ਵਿੱਚ ਪ੍ਰਤੀ ਮਹੀਨਾ 3000 ਪ੍ਰਵਾਸੀਆਂ ਨੂੰ ਰੱਖਣ ਦੀ ਸਹੂਲਤ ਹੋਵੇਗੀ। ਇਹ ਉਹ ਪ੍ਰਵਾਸੀ ਹਨ ਜਿਨ੍ਹਾਂ ਨੂੰ ਯੂਰਪ ਦੀ ਪਹਿਲੀ ‘ਆਫਸੋਰਿੰਗ’ ਸਕੀਮ ਦੇ ਹਿੱਸੇ ਵਜੋਂ ਇਟਲੀ ਦੇ ਰਸਤਿਓਂ ਬਚਾਇਆ ਗਿਆ। ਹਾਲਾਂਕਿ, ਯੂਰਪੀ ਮਹਾਂਦੀਪ ਅਨਿਯਮਿਤ ਪ੍ਰਵਾਸ ਦੀ ਚੁਣੌਤੀ ਦੇ ਹੱਲ ਦੇ ਲਈ ਜੂਝ ਰਿਹਾ ਹੈ। ਇਹ ਕੈਂਪ ਸੇਂਗਜਿਨ ਦੀ ਉੱਤਰੀ ਅਲਬਾਨੀਅਨ ਬੰਦਰਗਾਹ ਵਿੱਚ ਹੈ। ਉਧਰ ਦੂਜੇ ਪਾਸੇ ਨੇੜਲੇ ਗਜਾਡਰ ਵਿੱਚ ਇੱਕ ਸਾਬਕਾ ਹਵਾਈ ਸੈਨਾ ਦੇ ਬੇਸ ’ਤੇ ਬਣੇ ਕੈਂਪ ਦੇ ਉਦਘਾਟਨ ਵਿੱਚ ਹਾਲੇ ਦੇਰੀ ਹੈ।
ਇਮਾਰਤਾਂ ਦਾ ਪੂਰੀ ਤਰ੍ਹਾਂ ਪ੍ਰਬੰਧਨ ਇਟਲੀ ਦੀ ਸਰਕਾਰ ਹੀ ਕਰੇਗੀ ਅਤੇ ਉਸੇ ਨੇ ਹੀ ਇਨ੍ਹਾਂ ਦੇ ਨਿਰਮਾਣ ਲਈ ਭੁਗਤਾਨ ਵੀ ਕੀਤਾ ਸੀ। ਦਰਅਸਲ, ਇਹ ਕੌਮਾਂਤਰੀ ਪਾਣੀਆਂ ਵਿੱਚੋਂ ਬਚਾਏ ਗਏ ਪ੍ਰਵਾਸੀਆਂ ਲਈ ਵਰਤੇ ਜਾਣਗੇ। ਹਾਲਾਂਕਿ ਇਹ ਕੈਂਪ ਔਰਤਾਂ, ਬੱਚਿਆਂ ਜਾਂ ਕਮਜੋਰ ਸਮਝੇ ਜਾਣ ਵਾਲੇ ਲੋਕਾਂ ਲਈ ਨਹੀਂ ਹਨ। ਅਲਬਾਨੀਆ ਵਿੱਚ ਇਟਲੀ ਦੇ ਰਾਜਦੂਤ, ਫੈਬਰੀਜੀਓ ਬੂਚੀ ਨੇ ਦੱਸਿਆ, “ਇਟਲੀ ਅਤੇ ਯੂਰਪੀਅਨ ਕਨੂੰਨ ਇਹਨਾਂ ਕੇਂਦਰਾਂ ਵਿੱਚ ਲਾਗੂ ਹੋਣਗੇ। ਇਹ ਇਟਲੀ ਦਾ ਹੀ ਕੇਂਦਰ ਹੈ, ਪਰ ਇਹ ਸਥਿਤ ਅਲਬਾਨੀਆ ਵਿੱਚ ਹੈ।” ਇਟਲੀ ਅਤੇ ਅਲਬਾਨੀਆ ਦੇ ਪ੍ਰਧਾਨ ਮੰਤਰੀਆਂ ਵੱਲੋਂ ਹਸਤਾਖਰ ਕੀਤਾ ਗਿਆ ਸਮਝੌਤਾ ਪੰਜ ਸਾਲਾਂ ਲਈ ਲਾਗੂ ਰਹੇਗਾ। ਜੇਕਰ ਇਹ ਇਟਲੀ ’ਤੇ ਪ੍ਰਵਾਸੀਆਂ ਦੇ ਬੋਝ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਰੋਕਣ ਵਿੱਚ ਸਫਲ ਸਾਬਤ ਹੁੰਦਾ ਹੈ ਤਾਂ ਉਸ ਸਮਝੌਤੇ ਨੂੰ ਵਧਾਉਣ ਦਾ ਸੰਕਲਪ ਵੀ ਹੈ।
ਇਸ ਸਾਲ ਸਮੁੰਦਰੀ ਰਸਤੇ ਇਟਲੀ ਵਿੱਚ ਹੁਣ ਤੱਕ ਦੀ ਪ੍ਰਵਾਸੀਆਂ ਦੀ ਆਮਦ ਲਗਭਗ 31,000 ਹੈ, ਜੋ 2023 ਦੀ ਇਸੇ ਮਿਆਦ ਦੇ ਮੁਕਾਬਲੇ 50 ਫੀਸਦ ਤੋਂ ਘੱਟ ਹੈ। ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਪ੍ਰਵਾਸੀਆਂ ਦੀ ਚੁਣੌਤੀ ਨਾਲ ਸਖਤੀ ਨਾਲ ਨਜਿੱਠਣ ਦਾ ਵਾਅਦਾ ਕਰਦੇ ਹੋਏ ਪੀ. ਐੱਮ. ਬਣਨ ਦੀ ਦੌੜ ਵੱਲ ਵਧੇ ਸਨ ਅਤੇ ਅਲਬਾਨੀਆ ਯੋਜਨਾ ਇਸ ਦਾ ਮੁੱਖ ਸਿਧਾਂਤ ਬਣ ਗਈ ਹੈ। ਇਟਲੀ ਦੀ ਵਿਰੋਧੀ ਧਿਰ ਅਤੇ ਮਨੁੱਖੀ ਅਧਿਕਾਰ ਸਮੂਹਾਂ ਵੱਲੋਂ ਇਸ ਬਾਰੇ ਆਲੋਚਨਾਵਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਇਸ ਦੀ ਵੱਡੀ ਲਾਗਤ 650 ਮਿਲੀਅਨ ਇਟਾਲੀਅਨ ਯੂਰੋ ਵੀ ਹੈ।
ਇਟਲੀ ਨੇ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਚੁੱਕਿਆ ਨਵਾਂ ਕਦਮ

Published: