ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਸਹੁੰ ਚੁੱਕਣ ਦੀ ਤਿਆਰੀ ਵਿਚਾਲੇ ਇੱਕ ਕੌਮਾਂਤਰੀ ਪੱਧਰ ਦੀ ਸੂਚਨਾ ਇਹ ਵੀ ਆਈ ਹੈ ਕਿ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਅਮਰੀਕਾ-ਭਾਰਤ ਸਾਂਝੀਆਂ ਤਰਜੀਹਾਂ ਬਾਰੇ ਨਵੀਂ ਸਰਕਾਰ ਨਾਲ ਚਰਚਾ ਕਰਨ ਵਾਸਤੇ ਨਵੀਂ ਦਿੱਲੀ ਜਾਣਗੇ। ਵਾਈਟ ਹਾਊਸ ਨੇ ਬਾਕਾਇਦਾ ਇਸ ਜਾਣਕਾਰੀ ਦੀ ਪੁਸ਼ਟੀ ਕਰ ਦਿੱਤੀ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਚੁਣੇ ਜਾਣ ’ਤੇ ਵਧਾਈ ਦੇਣ ਵਾਸਤੇ ਬੁੱਧਵਾਰ ਨੂੰ ਫੋਨ ਕੀਤਾ ਸੀ ਅਤੇ ਇਸੇ ਦੌਰਾਨ ਦੋਵੇਂ ਆਗੂਆਂ ਵਿਚਾਲੇ ਸੁਲੀਵਨ ਦੀ ਯਾਤਰਾ ਬਾਰੇ ਵੀ ਚਰਚਾ ਹੋਈ।
ਵਾਈਟ ਹਾਊਸ ਨੇ ਕਿਹਾ, ‘ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਤੇ ਕੌਮੀ ਜਮਹੂਰੀ ਗੱਠਜੋੜ ਨੂੰ ਭਾਰਤ ਦੀਆਂ ਆਮ ਚੋਣਾਂ ਵਿੱਚ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ।’ ਬਾਇਡਨ ਨੇ ਲੋਕਤੰਤਰੀ ਪ੍ਰਕਿਰਿਆ ਵਿੱਚ 65 ਕਰੋੜ ਭਾਰਤੀਆਂ ਦੇ ਹਿੱਸਾ ਲੈਣ ’ਤੇ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ। ਵਾਈਟ ਹਾਊਸ ਨੇ ਕਿਹਾ, ‘ਦੋਵੇਂ ਆਗੂਆਂ ਨੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਦੀ ਨਵੀਂ ਦਿੱਲੀ ਦੀ ਆਗਾਮੀ ਯਾਤਰਾ ਬਾਰੇ ਵੀ ਚਰਚਾ ਕੀਤੀ। ਇਸ ਯਾਤਰਾ ਦੌਰਾਨ ਨਵੀਂ ਸਰਕਾਰ ਦੇ ਨਾਲ ਭਰੋਸੇਯੋਗ, ਰਣਨੀਤਕ ਤਕਨਾਲੋਜੀ ਭਾਈਵਾਲੀ ਸਣੇ ਅਮਰੀਕੀ-ਭਾਰਤੀ ਤਰਜੀਹਾਂ ਬਾਰੇ ਗੱਲਬਾਤ ਕੀਤੀ ਜਾਵੇਗੀ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਇਡਨ ਦੇ ਵਧਾਈ ਸੁਨੇਹੇ ਦੇ ਜਵਾਬ ਵਿੱਚ ਕਾਫੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਵਧਾਈ ਸੁਨੇਹੇ ਅਤੇ ਭਾਰਤੀ ਲੋਕਤੰਤਰ ਪ੍ਰਤੀ ਉਨ੍ਹਾਂ ਦੇ ਸਨਮਾਨ ਲਈ ਧੰਨਵਾਦ ਕੀਤਾ। ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇੱਕ ਪੋਸਟ ਰਾਹੀਂ ਭਾਰਤ-ਅਮਰੀਕਾ ਆਲਮੀ ਸਾਂਝੇਦਾਰੀ ਆਉਣ ਵਾਲੇ ਸਾਲਾਂ ਵਿੱਚ ਨਵੀਆਂ ਉਪਲਬਧੀਆਂ ਹਾਸਲ ਕਰਨ ਵਾਸਤੇ ਤਿਆਰ ਹੋਣ ਦੀ ਗੱਲ ਆਖੀ ਹੈ, ਜਿਹੜੀ ਮਨੁੱਖਤਾ ਦੀ ਭਲਾਈ ਅਤੇ ਆਲਮੀ ਪੱਧਰ ’ਤੇ ਸਭ ਦੇ ਭਲੇ ਲਈ ਇੱਕ ਸ਼ਕਤੀ ਬਣੀ ਰਹੇਗੀ। ਸੁਲੀਵਨ ਦੀ ਭਾਰਤ ਯਾਤਰਾ ਦੀ ਪੁਸ਼ਟੀ ਹੋ ਗਈ ਹੈ ਹਾਲਾਂਕਿ ਇਸ ਦੀ ਤਰੀਕ ਦਾ ਐਲਾਨ ਫਿਲਹਾਲ ਨਹੀਂ ਕੀਤਾ ਗਿਆ ਹੈ।
ਅਮਰੀਕੀ ਸੁਰੱਖਿਆ ਸਲਾਹਕਾਰ ਵੱਲੋਂ ਜਲਦ ਹੀ ਕੀਤਾ ਜਾਵੇਗਾ ਭਾਰਤ ਦਾ ਦੌਰਾ

Published: