ਖਨੌਰੀ/ਪੰਜਾਬ ਪੋਸਟ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਚੱਲ ਰਿਹਾ ਮਰਨ ਵਰਤ ਅੱਜ 64ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸ ਦਰਮਿਆਨ, ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ਤੋਂ ਲੋਕਾਂ ਨੂੰ ਸਬੰਧੋਨ ਕਰਦੇ ਹੋਏ 12 ਫਰਵਰੀ ਨੂੰ ਖਨੌਰੀ ਬਾਰਡਰ ਵਿਖੇ ਹੋਣ ਵਾਲੀ ਮਹਾ ਪੰਚਾਇਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਆਪਣਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ‘ਫਸਲਾਂ ਦੀ ਘੱਟੋ ਘੱਟ ਕੀਮਤ ਦੀ ਕਾਨੂੰਨੀ ਗਰੰਟੀ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਸੀ, ਪਰ ਦਿੱਲੀ ਅੰਦੋਲਨ ਵਿੱਚ ਕਿਸਾਨ ਸਾਥੀਆਂ ਦੀ ਸ਼ਿਕਾਇਤ ਸੀ ਕਿ ਪੰਜਾਬ ਵਾਲੇ ਅੰਦੋਲਨ ਛੱਡ ਕੇ ਜਾ ਰਹੇ ਹਨ। ਪੰਜਾਬ ਦੇ ਸਿਰ ਇਹ ਉਲਾਂਭਾ ਉਤਾਰਨ ਲਈ ਇਹੀ ਮੰਗ ਲੈਕੇ ਮੈਂ ਪਰਮਾਤਮਾ ਦੀ ਕਿਰਪਾ ਸਦਕਾ ਲੜ ਰਿਹਾ ਹਾਂ। ਪੂਰੇ ਦੇਸ਼ ਨੂੰ ਐੱਮਐੱਸਪੀ ਦੀ ਗਾਰੰਟੀ ਚਾਹੀਦੀ ਹੈ। ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਅਜਿਹਾ ਨਹੀਂ ਕੀਤਾ, ਸਗੋਂ ਪਰਮੇਸ਼ੁਰ ਨੇ ਸਾਨੂੰ ਅਜਿਹਾ ਕਰਨ ਲਈ ਬਣਾਇਆ ਹੈ। ਜੋ ਕਰਦਾ ਹੈ ਉਹ ਵਾਹਿਗੁਰੂ ਹੀ ਕਰਦਾ ਹੈ। ਮੈਂ ਇਸ ਲਈ ਪੂਰੇ ਦੇਸ਼ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ’। ਅੱਜ ਦੇ ਸੁਨੇਹੇ ਵਿੱਚ ਡੱਲੇਵਾਲ ਨੇ ਕਿਹਾ ਕਿ ‘18 ਜਨਵਰੀ ਦੀ ਰਾਤ ਨੂੰ ਕੇਂਦਰ ਦਾ ਪੱਤਰ ਮਿਲਿਆ ਸਾਰੀਆਂ ਦੀ ਬਹੁਤ ਮੰਗ ਤੋਂ ਬਾਅਦ ਮੈਂ ਸਿਰਫ ਮੈਡੀਕਲ ਸਹਾਇਤਾ ਲਈ ਸੀ, ਪਰ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ’।
ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ਤੋਂ ਦਿੱਤਾ ਸੰਦੇਸ਼, ਆਉਂਦੇ ਪ੍ਰੋਗਰਾਮਾਂ ਬਾਰੇ ਦੱਸੀ ਗੱਲਬਾਤ

Published: