- ਜੰਗਲਾਤ ਸੇਵਾ ਵਿੱਚ ਸਮਰਪਣ ਤੇ ਵਾਤਾਵਰਣ ਸੁਰੱਖਿਆ ਲਈ ਉਨ੍ਹਾਂ ਦੇ ਯਤਨ ਸਦਾ ਯਾਦ ਰਹਿਣਗੇ : ਨਰਿੰਦਰ ਮੋਦੀ
- ਪ੍ਰਧਾਨ ਮੰਤਰੀ ਮੋਦੀ ਦੇ ਦਿਆਲੂ ਤੇ ਦਿਲਾਸੇ ਭਰੇ ਸ਼ਬਦ ਅਤੇ ਮੇਰੇ ਭਰਾ ਦੀ ਪੰਜਾਬ ਪ੍ਰਤੀ ਸੇਵਾ ਦੀ ਮਾਨਤਾ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ : ਤਰਨਜੀਤ ਸਿੰਘ ਸੰਧੂ
ਅੰਮ੍ਰਿਤਸਰ, ਨਵੀਂ ਦਿੱਲੀ/ਪੰਜਾਬ ਪੋਸਟ
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਆਗੂ ਮਰਹੂਮ ਸ. ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਅਤੇ ਜੰਗਲਾਤ ਵਿਭਾਗ ਦੇ ਸਾਬਕਾ ਅਧਿਕਾਰੀ ਸ. ਜਸਜੀਤ ਸਿੰਘ ਸਮੁੰਦਰੀ ਦੇ ਦੇਹਾਂਤ ਉੱਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਪ੍ਰੀਤਿੰਦਰ ਕੌਰ ਸੰਧੂ ਅਤੇ ਭਰਾ ਸਾਬਕਾ ਰਾਜਦੂਤ ਅਤੇ ਭਾਜਪਾ ਆਗੂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਸਮੂਹ ਪਰਿਵਾਰ ਨਾਲ ਦਿਲੋਂ ਸਨੇਹ ਤੇ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਭਾਜਪਾ ਪੰਜਾਬ ਦੇ ਬੁਲਾਰੇ ਪ੍ਰੋ.ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਗੁਰਦੁਆਰਾ ਸੁਧਾਰ ਲਹਿਰ ਦੇ ਇੱਕ ਬਹੁਤ ਹੀ ਸਤਿਕਾਰਯੋਗ ਨੇਤਾ ਸਨ, ਜਿਨ੍ਹਾਂ ਨੇ ਗੁਰਦੁਆਰਿਆਂ ਦਾ ਜਮਹੂਰੀ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ। ਸ. ਸਮੁੰਦਰੀ ਦੀ ਮੌਤ 40 ਦੇ ਦਹਾਕੇ ਦੇ ਸ਼ੁਰੂ ਵਿੱਚ ਲਾਹੌਰ ਜੇਲ੍ਹ ਵਿੱਚ ਬ੍ਰਿਟਿਸ਼ ਹਿਰਾਸਤ ਵਿੱਚ ਹੋਈ ਸੀ। ਉਨ੍ਹਾਂ ਦੀ ਸੇਵਾ ਅਤੇ ਕੁਰਬਾਨੀ ਦੀ ਮਾਨਤਾ ਵਜੋਂ ਸਿੱਖ ਭਾਈਚਾਰੇ ਨੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦਾ ਨਾਮ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ।
ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਸਰਹਾਲੀ ਵਿੱਚ ਦੋ ਅਤੇ ਲਾਇਲਪੁਰ ਹੁਣ ਪਾਕਿਸਤਾਨ) ਵਿੱਚ 2 ਸਕੂਲ ਸਥਾਪਿਤ ਕੀਤੇ। ਸ. ਤੇਜਾ ਸਿੰਘ ਸਮੁੰਦਰੀ ਦੇ ਹੋਣਹਾਰ ਪੁੱਤਰ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਸਥਾਪਕ ਵਾਈਸ ਚਾਂਸਲਰ ਰਹੇ। ਸ. ਬਿਸ਼ਨ ਸਿੰਘ ਸਮੁੰਦਰੀ ਦੀ ਪਤਨੀ ਸ੍ਰੀਮਤੀ ਜਗਜੀਤ ਕੌਰ ਸੰਧੂ ਨੇ 1958 ਵਿੱਚ ਅਮਰੀਕਾ ਵਿੱਚ ਡਾਕਟਰੇਟ ਕੀਤੀ ਅਤੇ ਅੰਮ੍ਰਿਤਸਰ ਵਿੱਚ ਪੜ੍ਹਾਉਣ ਲਈ ਵਤਨ ਵਾਪਸ ਆਏ। ਉਲਾਂਘ ਦੇ ਸਪੁੱਤਰ ਸ. ਜਸਜੀਤ ਸਿੰਘ ਸਮੁੰਦਰੀ ਧਾਰਮਿਕ ਤੇ ਦਿਆਲੂ ਸੁਭਾਅ ਦੇ ਮੁਲਕ ਸਨ ਅਤੇ ਹਰੇਕ ਦੀ ਹਮੇਸ਼ਾ ਦਿਲੋਂ ਮਦਦ ਕਰਨ ਵਾਲੇ ਸਨ। ਉਹ ਅਧਿਆਤਮਵਾਦ ਤੇ ਪ੍ਰਮਾਤਮਾ ਵਿਚ ਡੂੰਘੀ ਅਤੇ ਸਥਾਈ ਵਿਸ਼ਵਾਸ ਰੱਖਣ ਵਾਲਾ ਸੀ, ਉਨ੍ਹਾਂ ਪੇਂਡੂ ਪੰਜਾਬ ਵਿੱਚ ਸਿੱਖਿਆ ਦੇ ਵਿਸਥਾਰ ਦੀ ਪਰਿਵਾਰਕ ਪਰੰਪਰਾ ਦੀ ਪਾਲਣਾ ਕੀਤੀ। ਉਨ੍ਹਾਂ ਆਪਣੇ ਦਾਦਾ ਜੀ ਸ. ਤੇਜਾ ਸਿੰਘ ਸਮੁੰਦਰੀ ਵੱਲੋਂ ਵੀਹਵੀਂ ਸਦੀ ਦੇ ਸ਼ੁਰੂਆਤ ’ਚ ਤਰਨਤਾਰਨ ਦੇ ਪਿੰਡ ਸਰਹਾਲੀ ਵਿਚ ਸਥਾਪਿਤ ਵਿੱਦਿਅਕ ਸੰਸਥਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਟਰੱਸਟ ਦੇ ਪ੍ਰਧਾਨ ਵਜੋਂ ਖ਼ਾਲਸਾ ਸਕੂਲ ਦੇ ਪ੍ਰਬੰਧਕੀ ਖ਼ਾਸਕਰ ਕੇ ਲੜਕੀਆਂ ਨੂੰ ਸਿੱਖਿਆ ਦਿਵਾਉਣ ਲਈ ਅਣਥੱਕ ਯੋਗਦਾਨ ਪਾਇਆ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ, “ਮੈਨੂੰ ਸ. ਜਸਜੀਤ ਸਿੰਘ ਸਮੁੰਦਰੀ ਜੀ ਦੇ ਦੇਹਾਂਤ ਦੀ ਖ਼ਬਰ ਦੁੱਖ ਅਤੇ ਉਦਾਸੀ ਨਾਲ ਮਿਲੀ। ਉਨ੍ਹਾਂ ਦਾ ਦੇਹਾਂਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਈ ਸਾਲਾਂ ਤੱਕ ਉਨ੍ਹਾਂ ਨੇ ਸਮਰਪਣ ਅਤੇ ਵਚਨਬੱਧਤਾ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ। ਇੱਕ ਜੰਗਲਾਤ ਸੇਵਾ ਅਧਿਕਾਰੀ ਵਜੋਂ ਵਾਤਾਵਰਣ ਦੀ ਰੱਖਿਆ ਲਈ ਉਨ੍ਹਾਂ ਦੇ ਯਤਨਾਂ ਨੂੰ ਸਦਾ ਪਿਆਰ ਨਾਲ ਯਾਦ ਕੀਤਾ ਜਾਵੇਗਾ।”
ਸ੍ਰੀ ਮੋਦੀ ਨੇ ਸ. ਜਸਜੀਤ ਸਿੰਘ ਸਮੁੰਦਰੀ ਵੱਲੋਂ ਜੀਵਨ ਦੀਆਂ ਚੁਣੌਤੀਆਂ ਦਾ ਆਤਮਵਿਸ਼ਵਾਸ, ਤਾਕਤ ਅਤੇ ਹਿੰਮਤ ਨਾਲ ਸਾਹਮਣਾ ਕਰਨ ’ਤੇ ਕਿਹਾ ਕਿ ਉਹ ਸਿਰਫ਼ ਇਕ ਸਰਕਾਰੀ ਅਧਿਕਾਰੀ ਨਹੀਂ ਸਨ, ਸਗੋਂ ਇੱਕ ਸੰਵੇਦਨਸ਼ੀਲ ਮਨੁੱਖ ਸਨ, ਜਿਨ੍ਹਾਂ ਦੀ ਸਾਦਗੀ, ਸਮਰਪਣ ਅਤੇ ਲੋਕਾਂ ਨਾਲ ਮੇਲ ਮਿਲਾਪ ਸਭ ਦੇ ਦਿਲਾਂ ਨੂੰ ਛੂੰਹਦਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਸਜੀਤ ਸਿੰਘ ਸਮੁੰਦਰੀ ਦੁਆਰਾ ਆਪਣੇ ਜੀਵਨ ਵਿੱਚ ਜੋ ਸੰਸਕਾਰ ਅਤੇ ਕਦਰਾਂ-ਕੀਮਤਾਂ ਸਥਾਪਿਤ ਕੀਤੀਆਂ, ਉਹ ਪਰਿਵਾਰ ਅਤੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਰਹਿਣਗੀਆਂ। ਉਨ੍ਹਾਂ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਪਰਿਵਾਰ ਨੂੰ ਇਸ ਮੁਸ਼ਕਲ ਵੇਲੇ ਵਿੱਚ ਹੌਸਲਾ ਤੇ ਸਹਾਰਾ ਦੇਣਗੀਆਂ।
ਪ੍ਰਧਾਨ ਮੰਤਰੀ ਨੇ ਅੰਤ ਵਿੱਚ ਪੂਰੇ ਪਰਿਵਾਰ ਪ੍ਰਤੀ ਆਪਣੀਆਂ ਦਿਲੋਂ ਸੰਵੇਦਨਾਵਾਂ ਪ੍ਰਗਟ ਕਰਦਿਆਂ ਕਿਹਾ, “ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ ਤੇ ਪਰਿਵਾਰ ਨੂੰ ਇਸ ਡੂੰਘੇ ਦੁਖ ਨੂੰ ਸਹਿਣ ਦੀ ਤਾਕਤ ਤੇ ਹਿੰਮਤ ਦੇਣ। ਮੇਰਾ ਦਿਲੀ ਸਨੇਹ ਸਦਾ ਪਰਿਵਾਰ ਦੇ ਨਾਲ ਹਨ।”
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰੀ ਦਿਲ ਨਾਲ, ਅਸੀਂ ਅੱਜ ਆਪਣੇ ਪਿਆਰੇ ਭਰਾ ਸਰਦਾਰ ਜਸਜੀਤ ਸਿੰਘ ਸਮੁੰਦਰੀ ਨੂੰ ਉਨ੍ਹਾਂ ਦੀ ਅੰਤਿਮ ਯਾਤਰਾ ‘ਤੇ ਅਲਵਿਦਾ ਕਹਿੰਦੇ ਹਾਂ। ਦੁੱਖ ਦੀ ਇਸ ਘੜੀ ਵਿੱਚ, ਸਾਡਾ ਪਰਿਵਾਰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਦਿਆਲੂ ਸ਼ੋਕ ਸੰਦੇਸ਼ ਤੋਂ ਬਹੁਤ ਪ੍ਰਭਾਵਿਤ ਹੈ। ਉਨ੍ਹਾਂ ਦੇ ਦਿਲਾਸੇ ਭਰੇ ਸ਼ਬਦ ਅਤੇ ਮੇਰੇ ਭਰਾ ਦੀ ਪੰਜਾਬ ਪ੍ਰਤੀ ਸੇਵਾ ਦੀ ਮਾਨਤਾ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ।






