ਪਿਛਲੇ ਦਿਨੀਂ ਰਿਲੀਜ਼ ਹੋਈ ਪੁਸਤਕ ‘ਪਾ ਚਾਨਣ ਦੀਬਾਤ’ (ਦੋਹਾ ਸੰਗ੍ਹ) ਦਾ ਸ਼ਾਇਰ ਜਗਤਾਰ ਗਿੱਲ ਸਮਾਜਿਕ ਨਿਆਂ ਤੇ ਬਰਾਬਰੀ ਲਈ ਆਪਣੀ ਕਲਮ ਦੀ ਵਰਤੋਂ ਕਰਦਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਗਤਾਰ ਗਿੱਲ ਧੀਮੀ ਗਤੀ ਦਾ ਸ਼ਾਇਰ ਹੈ। ਉਹ ਥੋੜਾ ਤੇ ਚੰਗਾ ਲਿਖਣ ਵਿੱਚ ਯਾਕੀਨ ਰੱਖਦਾ ਹੈ। ਉਹ ਅਜਿਹਾ ਤਪੱਸਵੀ ਤੇ ਸ਼ਬਦ ਸਾਧਕ ਹੈ ਜਿਸਦਾ ਬੜੀ ਸੰਜੀਦਗੀ ਤੇ ਨਿਸ਼ਠਾ ਨਾਲ ਖੁੱਭ ਕੇ ਲਿਖਣ ਵਿੱਚ ਵਿਸ਼ਵਾਸ਼ ਹੈ। ਉਹ ਪਿਛਲੇ ਕਈ ਵਰਿਆਂ ਤੋਂ ਕਾਵਿ ਸਿਰਜਣਾ ਨਾਲ ਜੁੜਿਆ ਹੋਇਆ ਹੈ। ਜਗਤਾਰ ਗਿੱਲ ਕਿਰਤੀ ਕਿਸਾਨ ਹਿਤੈਸ਼ੀ ਅਤੇ ਲੋਕ ਹਿੱਤਾਂ ਪ੍ਰਤੀ ਵਚਨਬੱਧ ਹੈ। ਉਹ ਸਮਾਜਿਕ ਅਨਿਆਂ ਤੇ ਅੱਤਿਆਚਾਰ ਵਿਰੋਧੀ ਹੈ। ਜਨਤਾ ਪ੍ਰਤੀ ਆਪਣੀ ਵਿਚਾਰਧਾਰਕ ਪ੍ਰਤੀਬੱਧਤਾ ਅਤੇ ਸਮਾਜਿਕ ਪਰਿਵਰਤਨ ਉਸਦੇ ਲੇਖਨ ਦਾ ਬੜਾ ਅਹਿਮ ਮਕਸਦ ਹੈ।
ਜਗਤਾਰ ਗਿੱਲ ਦੇ ਦੋਹਿਆਂ ਵਿਚਲੇ ਸਾਰੇ ਸਰੋਕਾਰ, ਕਿਸਾਨੀ ਦੀ ਦੁਰਦਸ਼ਾ, ਪ੍ਰਕਿਰਤਕ ਸਰੋਤਾਂ ਨਾਲ ਖਿਲਵਾੜ ਅਤੇ ਕੁਦਰਤ ਨਾਲ ਛੇੜਛਾੜ, ਵਿਸਰ ਗਏ ਰੀਤੀ ਰਿਵਾਜ਼, ਰੁੱਤਾਂ, ਤਿੱਥ ਤਿਓਹਾਰ, ਗਰਕ ਹੁੰਦੀਆਂ ਜਾ ਰਹੀਆਂ ਨੈਤਿਕ ਤੇ ਮਾਨਵੀ ਕਦਰਾਂ ਕੀਮਤਾਂ ਅਤੇ ‘ਕਲਾ ਲੋਕਾਂ ਲਈ’ ਦੇ ਸਿਧਾਂਤ ਨੂੰ ਉਹ ਸਮਰਪਿਤ ਹੈ। ਜਗਤਾਰ ਗਿੱਲ ਦੀ ਸ਼ਾਇਰੀ ਵਿੱਚ ਸਾਦਗੀ, ਸੁਹਜ, ਮਾਸੂਮੀਅਤ, ਕਲਾਤਮਿਕਤਾ, ਪ੍ਰਤਿਭਾ ਅਤੇ ਸੰਖੇਫਤਾ ਹੈ। ਉਸਦੀ ਅਹਿਸਾਸ ਦੀ ਗਹਿਰਾਈ ਵਿੱਚ ਡੁੱਬ ਕੇ ਲਿਖੀ ਕਵਿਤਾ ਦਾ ਰੰਗ ਸੁਹਜਮਈ ਹੈ।
ਜਗਤਾਰ ਗਿੱਲ ਸਧਾਰਨ ਜੱਟ ਪਰਿਵਾਰ ਦਾ ਜੰਮਪਲ ਹੈ। ਬਾਸਰਕੇ ਗਿੱਲ ਵਾਸੀ ਉਨਾਂ ਦਾ ਪਰਿਵਾਰ ਛੋਟਾ ਸੀ। ਦਾਦਾ ਜੀ ਅਤੇ ਪਿਤਾ ਜੀ ਇਕੱਲੇ। ਅੱਗੇ ਉਹ ਚਾਰ ਭਰਾ ਅਤੇ ਦੋ ਭੈਣਾਂ। ਦਾਦਾ ਜੀ ਇੱਕ ਜਾਗਰੂਕ ਇਨਸਾਨ ਸਨ। ਦਾਦਾ ਜੀ ਅੰਗਰੇਜ ਸਰਕਾਰ ਦੀ ਫੌਜ ਵਿੱਚ ਨੌਕਰ ਸਨ। ਉਹ ਬਰਮਾ ਤੇ ਮਲਾਇਆ ਵੀ ਗਏ ਸਨ। ਉਸਦੇ ਦਾਦਾ ਜੀ ਸਾਹਿਤਕ ਪੁਸਤਕਾਂ ਅਤੇ ਪ੍ਰੀਤਲੜੀ ਦੇ ਪਾਠਕ ਸਨ। ਘਰ ਸੋਵੀਅਤ ਦੇਸ਼, ਅਮਰੀਕਨ ਰਿਪੋਟਰ ਅਤੇ ਪ੍ਰੀਤ ਲੜੀ ਆਦਿ ਆਉਂਦੇ ਸਨ। ਜਗਤਾਰ ਗਿੱਲ ਦਾਦਾ ਜੀ ਦਾ ਪ੍ਰਭਾਵ ਸਵੀਕਾਰ ਕਰਦੇ ਸਨ।
ਉਸ ਨੇ ਮੁਢਲੀ ਪੜਾਈ ਬਾਬਾ ਸੋਹਨ ਸਿੰਘ ਸਕੂਲ ਭਕਨਾ ਤੋਂ ਕੀਤੀ ਅਤੇ ਉੱਚ ਸਿੱਖਿਆ ਖਾਲਸਾ ਕਾਲਜ ਅੰਮਿ੍ਤਸਰ ਤੋਂ ਪ੍ਰਾਪਤ ਕੀਤੀ। ਇੱਥੇ ਉਸਨੂੰ ਵਿਦਿਵਾਨ ਲੇਖਕ ਡਾ: ਊਧਮ ਸਿੰਘ ਸ਼ਾਹੀ ਅਤੇ ਜਸਵੰਤ ਖੁਮਾਰ ਦੀ ਸਰਪ੍ਰਸਤੀ ਮਿਲੀ ਜਿਸ ਨੇ ਉਸਦੀ ਕਾਵਿ ਕਲਾ ਨੂੰ ਸੰਵਾਰਿਆ। ਉਸ ਸਹਿਤ ਦੀ ਵਿਧਾ ਗਜ਼ਲ ਵੱਲ ਵਿਸ਼ੇਸ਼ ਰੁਚੀ ਵਿਖਾਈ।
ਪੰਜਾਬ ਦੇ ‘ਕਾਲੇ ਦਿਨਾਂ’ ਦਾ ਸੰਤਾਪ ਉਸਨੇ ਆਪਣੇ ਪਿੰਡੇ ਉੱਤੇ ਹੰਢਾਇਆ। ਉਹ ਖਾਸਾ ਦੇ ਇੱਕ ਨਿੱਜੀ ਸਕੂਲ ਵਿੱਚ ਹਿੰਦੀ ਪੜਾਉਂਦਾ ਸੀ। ਇਸ ਕਥਿਤ ਲਹਿਰ ਬਾਰੇ ਲਿਖਣ, ਸਕੂਲ ਦੀ ਵਰਦੀ ਅਤੇ ਰਾਸ਼ਟਰੀ ਗੀਤ ਨੂੰ ਲੈ ਕੇ ਉਸਨੂੰ ਧਮਕੀਆਂ ਮਿਲ ਰਹੀਆਂ ਸਨ। ਇੱਕ ਰਾਤ ਉਸਨੂੰ ਅੱਤਵਾਦੀ ਘਰੋਂ ਚੁੱਕ ਕੇ ਲੈ ਗਏ। ਉਸਨੂੰ ਖੇਤਾਂ ਵਿੱਚ ਗੋਲੀਆਂ ਮਾਰ ਕੇ ਚਲਦੇ ਬਣੇ। ਬੁਰੀ ਤਰਾਂ ਘਾਇਲ, ਕੁਦਰਤ ਦਾ ਕਿ੍ਰਸ਼ਮਾ ਕਹਿ ਲਓ ਕਿ ਉਹ ਬਚ ਗਿਆ। ਉਹ ਭਾਵੇਂ ਪੰਜਾਬ ਤੋਂ ਨਿਕਲ ਗਿਆ, ਪਰ ਉਸ ਨੇ ਲਿਖਣਾ ਨਿਰੰਤਰ ਜਾਰੀ ਰੱਖਿਆ। ਦਿਨ ਲੰਘਦੇ ਗਏ। ਉਹ ਗਜ਼ਲ ਦੀ ਸਿਨਫ ਨੂੰ ਤ੍ਰਾਸ਼ਦਾ ਰਿਹਾ।
ਲੁਧਿਅਣੇ ਸਾਹਿਤ ਅਕਾਦਮੀ ਦੀਆਂ ਚੋਣਾਂ ਤੋਂ ਪਰਤਦਿਆਂ ਉਸ ਆਪਣੀਆਂ ਗਜ਼ਲਾਂ, ਗੀਤਾਂ, ਦੋਹਿਆਂ, ਮਾਹੀਏ ਟੱਪੇ ਆਦਿ ਦੀ ਪੁਸਤਕ ਛਪਵਾਉਣ ਦਾ ਫੈਸਲਾ ਲਿਆ। ਉੱਥੇ ਉਸਨੇ ‘ਸੰਭਾਵਨਾ’ ਦੇ ਸੰਪਾਦਕ ਅਤੇ ਇਸ ਵਿਧਾ ਦੇ ਵਿਦਵਾਨ ਲੇਖਕ ਸਰਬਜੀਤ ਸਿੰਘ ਸੰਧੂ ਨੂੰ ਆਪਣਾ ਖਰੜਾ ਸੌਂਪ ਆਇਆ। ਖਰੜਾ ਵਾਚਨ ਉਪਰੰਤ ਕੁਝ ਦਿਨਾਂ ਬਾਅਦ ਸੰਧੂ ਨੇ ਕਿਹਾ ਸੀ, ‘ਭਲਿਆਮਾਨਸਾ ਕਿੱਥੇ ਰਿਹਾਂ ਐਨਾ ਚਿਰ। ਸਭ ਕੁਝ ਨਾਲ ਹੀ ਲੈ ਕੇ ਮਰਨਾ ਈ’। ਸੰਧੂ ਨੇ ਕਾਫੀ ਮਿਹਨਤ ਅਤੇ ਲੋੜੀਦੀਆਂ ਸੋਧਾਂ ਕਰਕੇ ਛਪਣ ਵਾਲੀ ਕਿਤਾਬ ਦਾ ਖਰੜਾ ਤਿਆਰ ਕੀਤਾ ਅਤੇ ਮੇਰੇ ਹਵਾਲੇ ਕਰ ਦਿੱਤਾ। ਫਿਰ ਉਹ ਖਰੜਾ ਲੈ ਕੇ ਆਪਣੇ ਮੁਢਲੇ ਉਸਤਾਦ ਕੋਲ ਲੈ ਗਿਆ। ਉਸ ਮੁੱਖ ਬੰਦ ਲਿਖ ਦਿੱਤਾ ਅਤੇ ਸ਼ਾਇਰ ਕਲਾਕਾਰ ਬੀਬਾ ਬਲਵੰਤ ਨੇ ਬੜੀ ਰੀਝ ਨਾਲ ਸਰਵਰਕ ਬਣਾਇਆ। ਇਸ ਤਰਾਂ ‘ਵੰਗਾਂ ਕੱਚ ਦੀਆਂ’ ਦਾ ਜਨਮ ਹੋਇਆ। ਅਸੀਂ ਪ੍ਰੀਤ ਨਗਰ ਵਿਚਾਰ ਚਰਚਾ ਕਰਵਾਇਆਂ ਜਿਸ ਵਿੱਚ ਡਾ: ਸੁਖਦੇਵ ਸਿੰਘ ਖਹਿਰਾ, ਡਾ: ਦਰਿਆ, ਡਾ: ਊਦਮ ਸਿੰਘ ਸ਼ਾਹੀ ਵਿਦਵਾਨ ਆਲੋਚਕ ਅਤੇ ਸਾਹਿਤਕਾਰ ਨਿਰਮਲ ਅਰਪਨ, ਦੀਪ ਦਵਿੰਦਰ, ਦੇਵ ਦਰਦ, ਹਰੀ ਸਿੰਘ ਗਰੀਬ ਅਤੇ ਗੁਰਬਿੰਦਰ ਬਾਗੀ ਆਦਿ ਸ਼ਾਮਲ ਹੋਏ ਸਨ।
ਜਗਤਾਰ ਗਿੱਲ ਨਾਲ ਸਾਡੇ ਪਰਿਵਾਰਕ ਸਬੰਧ ਹਨ। ਅਸੀਂ ਇੱਕ ਦੂਸਰੇ ਦੇ ਸੁੱਖ ਦੁੱਖ ਵਿੱਚ ਸ਼ਰੀਕ ਹੁੰਦੇ ਆ ਰਹੇ ਹਾਂ। ਉਸਦੇ ਵਡੱਪਣ ਦੀ ਇੱਕ ਘਟਨਾ ਬਿਆਨ ਕਰਨ ਦੀ ਉਸਤੋਂ ਖਿਮਾਂ ਸਹਿਤ ਗੁਸਤਾਖੀ ਕਰ ਰਿਹਾਂ ਹਾਂ। ਮੇਰੇ ਛੋਟੇ ਬੇਟੇ ਦਾ ਵਿਆਹ ਸੀ। ਉਸਦੇ ਸਹੁਰਿਆਂ ਮਹਾਂਰਾਸ਼ਟਰ ਦੇ ਸ਼ਹਿਰ ਨਾਗਪੁਰ ਤੋਂ ਅੰਮਿ੍ਰਤਸਰ ਆ ਕੇ ਵਿਆਹ ਕਰਨਾ ਸੀ। ਉਹ ਦਸ ਕੁ ਦਿਨ ਪਹਿਲਾਂ ਅੰਮਿ੍ਰਤਸਰ ਆ ਗਏ। ਉਹ ਕੋਈ ਕਿਰਾਏ ’ਤੇ ਮਕਾਨ ਲੱਭਣ ਲੱਗੇ। ਜਦੋਂ ਸਾਡੀ ਇਸ ਸਮੱਸਿਆ ਦਾ ਪਤਾ ਜਗਤਾਰ ਗਿੱਲ ਨੂੰ ਲੱਗਾ ਤਾਂ ਉਸਨੇ ਅੰਮਿ੍ਰਤਸਰ ਦੇ ਨੇੜੇ ਆਪਣੇ ਪਿੰਡ ਦੇ ਘਰ ਉਨਾਂ ਦਾ ਪ੍ਰਬੰਧ ਕੀਤਾ। ਉਸ ਵਿਆਹ ਮੌਕੇ ਗੁਰਦੁਆਰਾ ਸਾਹਿਬ ਸਾਰਾ ਪ੍ਰਬੰਧ ਅਤੇ ਕੰਨਿਆਦਾਨ ਕੀਤਾ। ਉਸ ਦਿਨ ਤੋਂ ਉਹ ਇਸ ਰਿਸ਼ਤੇ ਨੂੰ ਨਿਭਾਉਂਦਾ ਰਿਹਾ ਹੈ ਅਤੇ ਹਰ ਦਿਨ ਤਿਉਹਾਰ ਆਪਣੀਆਂ ਬੇਟੀਆਂ ਦੇ ਨਾਲ ਇਸ ਮੂੰਹ ਬੋਲੀ ਧੀ ਨੂੰ ਵੀ ਅਸ਼ੀਰਵਾਦ ਦੇ ਕੇ ਜਾਂਦਾ ਹੈ। ਉਹ ਮੇਰੇ ਨਿੱਕੇ ਪੋਤਿਆਂ ਦਾ ਨਾਨੂ ਹੈ।
ਪਾ ਚਾਨਣ ਦੀ ਬਾਤ (ਦੋਹਾ ਸੰਗ੍ਰਹਿ) ਜਦੋਂ ਛੱਪ ਕੇ ਆਇਆ ਤਾਂ ਅਸੀਂ (ਜਗਤਾਰ ਗਿੱਲ ਤੇ ਮੁਖ਼ਤਾਰ ਗਿੱਲ) ਫਤਿਹਗੜ ਚੂੜੀਆਂ ਸੁਚਾ ਸਿੰਘ ਰੰਧਾਵਾ, ਰੋਜ਼ੀ ਸਿੰਘ, ਗੁਰਦਾਸਪੁਰ ਬੀਬਾ ਬਲਵੰਤ ਅਤੇ ਬਟਾਲਾ ਦਵਿੰਦਰ ਦੀਦਾਰ, ਡਾ: ਰਵਿੰਦਰ ਆਦਿ ਦੋਸਤਾਂ ਨਾਲ ਸੰਵਾਦ ਰਚਾਉਣ ਪਹੁੰਚੇ ਸੀ। ਉਨਾਂ ਦੇ ਸੰਜੀਦਾ ਪ੍ਰਤੀਕਰਮ ਨੇ ਸਾਨੂੰ ਬਹੁਤ ਪ੍ਰਭਾਵਤ ਕੀਤਾ। ਪ੍ਰੋ: ਸ਼ਗੀਰ ਤਬੱਸਮ, ਨਦੀਮ ਅਫਜ਼ਲ ਨਦੀਮ (ਪਾਕਿਸਤਾਨ) ਦੇ ਵਿਦਿਵਾਨਾਂ ਨੇ ਕਿਹਾ, ‘ਸ਼ਾਇਰੀ ਦੀ ਇੱਕ ਸਿਨਫ ਹੈ ਦੋਹਾ। ਜਗਤਾਰ ਗਿੱਲ ਦੇ ਦੋਹਿਆਂ ਵਿੱਚ ਕਿਤੇ ਕਿਤੇ ਸੂਫ਼ੀਇਜ਼ਮ ਦੀ ਝਲਕ ਮਿਲਦੀ ਹੈ’।
‘ਦੋਹਾ ਸੂਫ਼ੀ ਕਾਵਿ ਦਾ ਉੱਚਤਮ ਰੂਪ ਹੈ। ਮੈਨੂੰ ਖੁਸ਼ੀ ਹੈ ਕਿ ਜਗਤਾਰ ਗਿੱਲ ਇਸ ਪੈਂਡੇ ’ਤੇ ਪੱਕੇ ਪੈਰੀਂ ਤੁਰ ਪਿਆ ਹੈ’। ਮੁਬਾਰਕ! ਬੀਬਾ ਬਲਵੰਤ। ਸਰਬਜੀਤ ਸੰਧੂ ਨੇ ਨਾਂ ਸਿਰਫ ਉਸਦੇ ਦੋਹਿਆਂ ਨੂੰ ਦਰੁਸਤ ਕੀਤਾ, ਸਰਾਹਿਆ ਸਗੋਂ ਇਸ ਸਿਨਫ਼ ਬਾਰੇ ਬੜਾ ਖੋਜ਼ ਭਰਪੂਰ ਤੇ ਸੰਜੀਦਾ ਆਰਟੀਕਲ ਅੰਤਿਕਾ ਦੇ ਰੂਪ ਵਿੱਚ ਲਿਖਿਆ। ਵੱਖ-ਵੱਖ ਮੈਗਜ਼ੀਨਾਂ ਤੇ ਅਖਬਾਰਾਂ ਵਿੱਚ ਸਮੀਖਿਆ ਛਪੀ।
ਜਗਤਾਰ ਗਿੱਲ ਜਿੰਦਗੀ ਤੇ ਜ਼ਮੀਨ ਨਾਲ ਜੁੜਿਆ ਸ਼ਾਇਰ ਹੈ। ਉਹ ਜ਼ਿੰਦਗੀ ਦੇ ਦਰਦ ਨੂੰ ਵੀ ਜਾਣਦਾ/ਮਹਿਸੂਸਦਾ ਤੇ ਜ਼ਮੀਨ ਦੇ ਦਰਦ ਨੂੰ ਵੀ। ਜਦੋਂ ਨੌਜਵਾਨੀ ਵਿੱਚ ਨਸ਼ਾ ਲਤ ਵੱਧ ਕੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਵੇ ਤਾਂ ਸ਼ਾਇਰ ਪੀੜਤ ਮਾਵਾਂ ਦੀ ਹੂਕ ਬਣਦਾ ਹੈ।
ਮਾਵਾਂ ਰਾਤ ਨਾਂ ਸੌਦੀਆਂ, ਵੇਖ ਕੇ ਨਸ਼ਾ ਵਪਾਰ
ਪੁੱਤਰ ਫਿਰਨ ਲੁਕਾਉਂਦੀਆਂ, ਬੰਦ ਹੀ ਰੱਖਣ ਬਾਰ
ਨਿਰਸੰਦੇਹ ਜਗਤਾਰ ਗਿੱਲ ਦੇ ਦੋਹੇ ਸਿਆਸੀ, ਧਾਰਮਿਕ ਸਮਾਜਿਕ, ਬੌਧਿਕ, ਸੱਭਿਆਚਾਰਕ, ਆਰਥਿਕ ਅਤੇ ਮਾਨਵਤਾ ਦੇ ਚਾਨਣ ਦੀ ਬਾਤ ਪਾਉਂਦੇ ਹਨ। ਆਮੀਨ!
ਮੋ: 98140 82217
ਪ੍ਰੀਤ ਨਗਰ-143109 ( ਅੰਮਿ੍ਰਤਸਰ)
ਫੋਟੋ ਕੈਪਸ਼ਨ 1 ਜਗਤਾਰ ਗਿੱਲ
2 ਫਤਿਹਗੜ ਚੂੜੀਆਂ ਵਿਖੇ ਪਾ ਚਾਨਣ ਦੀ ਬਾਤ (ਦੋਹਾ ਸੰਗ੍ਰਹਿ) ਸ਼ਾਇਰ ਮਿੱਤਰ ਰੋਜੀ ਸਿੰੰਘ ਅਤੇ ਸੁੱਚਾ ਸਿੰਘ ਰੰਧਾਵਾ ਨੂੰ ਭੇਂਟ ਕਰ ਰਹੇ ਮੁਖਤਾਰ ਗਿੱਲ, ਜਗਤਾਰ ਗਿੱਲ।
3 ਪ੍ਰੀਤ ਭਾਵ ਪ੍ਰੀਤ ਨਗਰ ਵਿਖੇ ਸਾਹਿਤਕ ਮੈਗਜੀਨ ‘ਮੇਲਾ’ ਰਿਲੀਜ਼ ਕਰ ਰਹੇ ਜਗਤਾਰ ਗਿੱਲ, ਦੀਪਤੀ, ਬੀਬਾ ਬਲਵੰਤ, ਮੁਖ਼ਤਾਰ ਗਿੱਲ, ਵਰਿਆਮ ਸੰਧੂ, ਡਾ: ਰਘਬੀਰ ਸਿੰਘ ਸਿਰਜਣਾ, ਮਨਮੋਹਨ, ਹਿਰਦੇਪਾਲ ਸਿੰਘ ਅਤੇ ਸੁਕੀਰਤ।
-ਮੁਖ਼ਤਾਰ ਗਿੱਲ