ਜੇਨੇਵਾ/ਪੰਜਾਬ ਪੋਸਟ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਸਵਿਟਜ਼ਰਲੈਂਡ ਦੇ ਦੋ ਦਿਨਾ ਦੌਰੇ ਉੱਤੇ ਜੇਨੇਵਾ ਵਿਖੇ ਆਪਣੇ ਹਮਰੁਤਬਾ ਇਗਨਾਜ਼ੀਓ ਡੈਨੀਅਲ ਜੀਓਵਾਨੀ ਕੈਸਿਸ ਨਾਲ ਦੁਵੱਲੇ ਰਿਸ਼ਤਿਆਂ ਬਾਰੇ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗੱਲਬਾਤ ਦਾ ਕੇਂਦਰ ਭਾਰਤ ਅਤੇ ਚਾਰ ਮੁਲਕੀ ਯੂਰਪੀ ਬਲਾਕ ‘ਐਫਟਾ’ ਜਿਸ ਵਿਚ ਸਵਿਟਜ਼ਰਲੈਂਡ ਵੀ ਸ਼ਾਮਲ ਹੈ, ਨਾਲ ਵਪਾਰ ਸਮਝੌਤਾ ਸੀ। ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਬਾਰੇ ਜਿਹੜੀ ਗੱਲਬਾਤ ਕੀਤੀ ਉਸ ਦੌਰਾਨ ਮੁੱਖ ਕੇਂਦਰ ਬਿੰਦੂ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਭਾਰਤ ਅਤੇ ਐਫਟਾ (ਸਵਿਟਜ਼ਰਲੈਂਡ, ਨਾਰਵੇ, ਆਈਸਲੈਂਡ ਤੇ ਪ੍ਰਿੰਸੀਪੈਲਿਟੀ ਆਫ਼ ਲੈਸ਼ਟੀਅਨ) ਦਰਮਿਆਨ ਹੋਣ ਵਾਲਾ ਮੁਕਤ ਵਪਾਰ ਸਮਝੌਤਾ ਸੀ। ਭਾਰਤ ਨੇ ਯੂਰੋਪੀ ਮੁਕਤ ਵਪਾਰ ਐਸੋਸੀਏਸ਼ਨ (ਐੱਫਟਾ) ਨਾਲ ਮਾਰਚ ਵਿਚ ਵਪਾਰ ਤੇ ਆਰਥਿਕ ਭਾਈਵਾਲੀ ਸਮਝੌਤਾ ਸਹੀਬੰਦ ਕੀਤਾ ਸੀ, ਜਿਸ ਤਹਿਤ ਨਵੀਂ ਦਿੱਲੀ ਨੂੰ ਇਨ੍ਹਾਂ ਚਾਰ ਯੂਰੋਪੀ ਮੁਲਕਾਂ ਤੋਂ 100 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਮਿਲੀ ਸੀ। ਬੈਠਕ ਦੌਰਾਨ ਜੈਸ਼ੰਕਰ ਤੇ ਕੈਸਿਸ ਨੇ ਆਪਸੀ ਹਿੱਤਾਂ ਵਾਲੇ ਆਲਮੀ ਤੇ ਖੇਤਰੀ ਮੁੱਦਿਆਂ ਬਾਰੇ ਵੀ ਚਰਚਾ ਕੀਤੀ।
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਸਵਿਟਜ਼ਰਲੈਂਡ ਦੇ ਆਪਣੇ ਹਮਰੁਤਬਾ ਨਾਲ ਕੀਤੀ ਅਹਿਮ ਗੱਲਬਾਤ

Published: