ਆਰਲਿੰਗਟਨ/ਪੰਜਾਬ ਪੋਸਟ
ਲੰਮੇ ਸਮੇਂ ਬਾਅਦ ਰਿੰਗ ਵਿੱਚ ਪਰਤੇ ਮਹਾਨ ਮੁੱਕੇਬਾਜ਼ ਮਾਈਕਟਾਈਸਨ 58 ਸਾਲ ਦੀ ਉਮਰ ’ਚ ਆਪਣਾ ਪੁਰਾਣਾ ਜਾਦੂ ਨਹੀਂ ਦਿਖਾ ਸਕਿਆ ਅਤੇ ਪੇਸ਼ੇਵਰ ਮੁੱਕੇਬਾਜ਼ੀ ਦੇ ਮਹਾਂ-ਮੁਕਾਬਲੇ ’ਚ ਉਸਨੂੰ 27 ਸਾਲਾਂ ਜੇਕ ਪੌਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟਾਈਸਨ ਕੁੱਲ 20 ਸਾਲ ਬਾਅਦ ਪੇਸ਼ੇਵਰ ਮੁਕਾਬਲੇ ਲਈ ਰਿੰਗ ’ਚ ਉਤਰਿਆ ਸੀ ਅਤੇ ਇਸ ਮੈਚ ਸਬੰਧੀ ਕਾਫੀ ਪ੍ਰਚਾਰ ਵੀ ਕੀਤਾ ਗਿਆ ਸੀ ਹਾਲਾਂਕਿ ਇਹ ਮੈਚ ਉਮੀਦਾਂ ਮੁਤਾਬਕ ਨਹੀਂ ਰਿਹਾ ਅਤੇ ਦਰਸ਼ਕਾਂ ਨੇ ਇਸ ’ਤੇ ਖੁੱਲ ਕੇ ਨਾਰਾਜ਼ਗੀ ਵੀ ਜ਼ਾਹਰ ਕੀਤੀ। ਯੂਟਿਊਬਰ ਤੋਂ ਮੁੱਕੇਬਾਜ਼ ਬਣੇ ਜੇਕ ਪੌਲ ਨੂੰ ਸਰਬ-ਸੰਮਤੀ ਨਾਲ ਜੇਤੂ ਐਲਾਨਿਆ ਗਿਆ ਹਾਲਾਂਕਿ ਜਿੱਤ ਦੇ ਅੰਤਰ ਨੂੰ ਲੈ ਕੇ ਜੱਜ ਇੱਕਮਤ ਨਹੀਂ ਸਨ। ਇੱਕ ਜੱਜ ਨੇ ਸਾਬਕਾ ਹੈਵੀਵੇਟ ਚੈਂਪੀਅਨ ਪੌਲ ਨੂੰ 8 ਅੰਕਾਂ ਦੇ ਫਰਕ ਨਾਲ, ਜਦ ਕਿ ਬਾਕੀ ਦੋ ਜੱਜਾਂ ਨੇ ਉਸ ਨੂੰ 6 ਅੰਕਾਂ ਦੇ ਫਰਕ ਨਾਲ ਜੇਤੂ ਐਲਾਨਿਆ। ਟਾਈਸਨ ਨੇ ਸ਼ੁਰੂ ਵਿੱਚ ਹਮਲਾਵਰ ਰੁਖ ਅਖਤਿਆਰ ਕੀਤਾ ਪਰ ਉਹ ਇਸ ਨੂੰ ਕਾਇਮ ਨਹੀਂ ਰੱਖ ਸਕਿਆ। ਦੂਜੇ ਪਾਸੇ ਪੌਲ ਹੌਲੀ-ਹੌਲੀ ਹੋਰ ਹਮਲਾਵਰ ਹੁੰਦਾ ਗਿਆ। ਟਾਈਸਨ ਕੋਲ ਉਸ ਦੇ ਮੁੱਕਿਆਂ ਦਾ ਕੋਈ ਜਵਾਬ ਨਹੀਂ ਸੀ। ਇਹ ਮੈਚ ਪਹਿਲਾਂ 20 ਜੁਲਾਈ ਨੂੰ ਹੋਣਾ ਸੀ ਪਰ ਟਾਈਸਨ ਦੇ ਬਿਮਾਰ ਹੋਣ ਕਾਰਨ ਇਹ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇੱਕ ਹੋਰ ਮੈਚ ਵਿੱਚ ਕੈਟੀਟੇਲਰ ਨੇ ਅਮਾਂਡਾਸੇਰਾਨੋ ਨੂੰ ਹਰਾ ਕੇ ਆਪਣਾ ਸੁਪਰ ਲਾਈਟਵੇਟ ਖਿਤਾਬ ਕਾਇਮ ਰੱਖਿਆ।