ਜਲੰਧਰ/ਪੰਜਾਬ ਪੋਸਟ
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਸਾਹਮਣੇ ਆ ਗਿਆ ਹੈ ਅਤੇ ਇਸ ਤਹਿਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਜੇਤੂ ਰਹੇ ਹਨ। ਮਹਿੰਦਰ ਭਗਤ ਨੂੰ 55246 ਵੋਟਾਂ ਪਈਆਂ ਅਤੇ ਉਨ੍ਹਾਂ ਨੇ 37,325 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ ਉਤੇ ਸ਼ੀਤਲ ਅੰਗੁਰਾਲ ਰਹੇ ਹਨ, ਉਨ੍ਹਾਂ 17921 ਵੋਟਾਂ ਪਈਆਂ ਹਨ ਅਤੇ ਤੀਜੇ ਨੰਬਰ ਉਤੇ ਕਾਂਗਰਸ ਉਮੀਦਵਾਰ ਸਰਿੰਦਰ ਕੌਰ ਨੂੰ 16757 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆ। ਇਸ ਚੋਣ ਨਤੀਜੇ ਦੀ ਖਾਸ ਗੱਲ ਇਹ ਵੀ ਸੀ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਮਹਿੰਦਰ ਭਗਤ ਦੀ ਲੀਡ ਸਮੁੱਚੇ ਸਮੇਂ ਦੌਰਾਨ ਬਰਕਰਾਰ ਰਹੀ ਅਤੇ ਵਧਦੀ ਵੀ ਰਹੀ। ਜੇਤੂ ਨਤੀਜਾ ਆਉਣ ਤੋਂ ਬਾਅਦ ਮਹਿੰਦਰ ਭਗਤ ਦੇ ਸਮਰਥਕਾਂ ਵੱਲੋਂ ਭੰਗੜੇ ਪਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਅਤੇ ਜਸ਼ਨ ਮਨਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ‘ਆਪ’ ਦੇ ਮਹਿੰਦਰ ਭਗਤ ਦੀ ਹੂੰਝਾਫੇਰ ਜਿੱਤ
Published: