ਪੰਜਾਬ ਪੋਸਟ/ਬਿਓਰੋ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲੇ ਵਿੱਚ ਉੱਤਰ ਪ੍ਰਦੇਸ਼ ਤੋਂ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਹਮਲੇ ਦੌਰਾਨ ਸੰਤੁਲਨ ਵਿਗੜਨ ਕਾਰਨ ਬੱਸ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਨੌਂ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਅੱਤਵਾਦੀ ਹਮਲਾ ਸ਼ਾਮ ਕਰੀਬ ਸਵਾ ਛੇ ਵਜੇ ਸ਼ਿਵ ਖੋੜੀ ਮੰਦਿਰ ਤੋਂ ਮਾਤਾ ਵੈਸ਼ਨੋ ਦੇਵੀ ਮੰਦਿਰ ਜਾ ਰਹੀ ਬੱਸ ’ਤੇ ਕਟੜਾ ਵਿੱਚ ਪੋਨੀ ਖੇਤਰ ਦੇ ਤੇਰਯਾਥ ਪਿੰਡ ਨੇੜੇ ਹੋਇਆ। ਰਿਆਸੀ ਦੇ ਐਸ. ਐਸ. ਪੀ ਮੋਹਿਤਾ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ, ‘ਇੱਕ ਮੰਦਭਾਗੀ ਘਟਨਾ ਵਾਪਰੀ ਹੈ ਅਤੇ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਅੱਤਵਾਦੀਆਂ ਨੇ ਬੱਸ ’ਤੇ ਹਮਲਾ ਕਰਦਿਆਂ ਗੋਲੀਬਾਰੀ ਕੀਤੀ। ਡਰਾਈਵਰ ਸੰਤੁਲਨ ਗੁਆ ਬੈਠਾ ਅਤੇ ਬੱਸ ਖੱਡ ਵਿੱਚ ਡਿੱਗ ਗਈ।’ ਉਨਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਘਟਨਾ ਵਿੱਚ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ, ‘ਮਿ੍ਰਤਕਾਂ ਦੀ ਸ਼ਨਾਖਤ ਨਹੀਂ ਹੋ ਸਕੀ ਹੈ ਪਰ ਮੁੱਢਲੀਆਂ ਰਿਪੋਰਟਾਂ ਅਨੁਸਾਰ ਸਾਰੇ ਉੱਤਰ ਪ੍ਰਦੇਸ਼ ਨਾਲ ਸਬੰਧਿਤ ਦੱਸੇ ਜਾ ਰਹੇ ਹਨ।’ ਏਸ ਹਮਲੇ ਦੌਰਾਨ ਵਾਲ-ਵਾਲ ਬਚੇ ਇੱਕ ਵਿਅਕਤੀ ਨੇ ਦੱਸਿਆ ਕਿ ਬੱਸ ’ਤੇ 25 ਤੋਂ 30 ਗੋਲੀਆਂ ਦਾਗ਼ੀਆਂ ਗਈਆਂ ਸਨ ਜਿਸ ਤੋਂ ਬਾਅਦ ਬੱਸ ਹਾਦਸੇ ਦਾ ਵੀ ਸ਼ਿਕਾਰ ਹੋਈ।
ਜੰਮੂ ਕਸ਼ਮੀਰ ਵਿਖੇ ਸ਼ਰਧਾਲੂਆਂ ਦੀ ਬੱਸ ’ਤੇ ਦਹਿਸ਼ਤੀ ਹਮਲਾ; 9 ਲੋਕਾਂ ਦੀ ਮੌਤ

Published: