ਜੰਮੂ/ਪੰਜਾਬ ਪੋਸਟ
ਢਿੱਗਾਂ ਡਿੱਗਣ ਦੀ ਘਟਨਾ ਨਾਲ ਪ੍ਰਭਾਵਿਤ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਨੂੰ ਪਿਛਲੇ ਤਿੰਨ ਦਿਨ ਬੰਦ ਰਹਿਣ ਤੋਂ ਬਾਅਦ ਅੱਜ ਇੱਕ ਪਾਸਿਉਂ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਨਾਲ ਹੀ ਫਸੇ ਹੋਏ ਯਾਤਰੀਆਂ/ਸੈਲਾਨੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਕੱਟੜਾ ਤੋਂ ਨਵੀਂ ਦਿੱਲੀ ਲਈ ਇੱਕ ਵਿਸ਼ੇਸ਼ ਰੇਲਗੱਡੀ ਚਲਾਈ ਗਈ ਹੈ। ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਇੱਕੋ-ਇੱਕ ਹਰ ਮੌਸਮ ’ਚ ਚੱਲਣ ਵਾਲਾ ਹਾਈਵੇਅ, ਐਤਵਾਰ ਤੜਕੇ ਭਾਰੀ ਬਾਰਸ਼ ਤੇ ਬੱਦਲ ਫਟਣ ਕਾਰਨ ਵੱਡੇ ਪੱਧਰ ’ਤੇ ਵਾਪਰੀਆਂ ਢਿੱਗਾਂ ਡਿੱਗਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਬੰਦ ਹੋ ਗਿਆ ਸੀ। ਫਸੇ ਹੋਏ ਯਾਤਰੀਆਂ ਦੀ ਸਹਾਇਤਾ ਅਤੇ “ਵਾਧੂ ਭੀੜ” ਨੂੰ ਸਮਾਉਣ ਲਈ ਕਟੜਾ ਸਟੇਸ਼ਨ ਤੋਂ ਨਵੀਂ ਦਿੱਲੀ ਤੱਕ ਇੱਕ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਸਾਰੇ ਸੈਲਾਨੀਆਂ ਦੀ ਭਲਾਈ ਲਈ ਵਚਨਬੱਧ ਹੋਣ ਦੀ ਗੱਲ ਕੀਤੀ ਹੈ ਅਤੇ ਸਾਰਿਆਂ ਨੂੰ ਸਹਿਯੋਗ ਅਤੇ ਜ਼ਰੂਰੀ ਸੇਧਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ। ਓਧਰ, ਇਹ ਗੱਲ ਵੀ ਵੇਖੀ ਗਈ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਕਾਰਨ ਹਜ਼ਾਰਾਂ ਸੈਲਾਨੀ ਕਸ਼ਮੀਰ ਛੱਡ ਕੇ ਜਾ ਰਹੇ ਹਨ ਅਤੇ ਅਧਿਕਾਰੀਆਂ ਵੱਲੋਂ ਸੈਲਾਨੀਆਂ ਦੀ ਉਨ੍ਹਾਂ ਦੀ ਆਪਣੇ ਘਰੀਂ ਸੁਰੱਖਿਅਤ ਵਾਪਸੀ ਲਈ ਲੋੜੀਂਦੇ ਪ੍ਰਬੰਧ ਯਤਨ ਕੀਤੇ ਜਾ ਰਹੇ ਹਨ।