ਮੋਹਾਲੀ/ਜਗਰਾਓਂ/ਪੰਜਾਬ ਪੋਸਟ
ਪੰਜਾਬ ਦੇ ਅਤੇ ਖਾਸਕਰ ਸਿੱਖ ਮਸਲਿਆਂ ਦੇ ਸੀਨੀਅਰ ਪੱਤਰਕਾਰ, ਬੇਬਾਕ ਲਿਖਾਰੀ ਅਤੇ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਅੰਤਿਮ ਸੁਆਸ ਅੱਜ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਲਏ ਜਿੱਥੇ ਉਹ ਕੁੱਝ ਅਰਸੇ ਤੋਂ ਜ਼ੇਰੇ-ਇਲਾਜ ਸਨ। ਉਨ੍ਹਾਂ ਦਾ ਮ੍ਰਿਤਕ ਸਰੀਰ ਅੱਜ ਸ਼ਾਮ ਨੂੰ ਜਗਰਾਉ ਪਹੁੰਚ ਜਾਵੇਗਾ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 19 ਜੁਲਾਈ ਨੂੰ ਸਵੇਰੇ 10 ਵਜੇ ਲੁਧਿਆਣਾ ਦੇ ਜਗਰਾਓਂ ਲਾਗਲੇ ਸ਼ੇਰਪੁਰ ਰੋਡ ਵਾਲੇ ਸ਼ਮਸ਼ਾਨਘਾਟ ਵਿੱਚ ਹੋਵੇਗਾ। ਇਸ ਮੰਦਭਾਗੀ ਸੂਚਨਾ ਨੂੰ ਸਾਂਝਾ ਕਰਦੇ ਹੋਏ ਜਸਪਾਲ ਸਿੰਘ ਹੇਰਾਂ ਦੇ ਪੁੱਤਰ ਰਿਸ਼ਬਦੀਪ ਸਿੰਘ ਹੇਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ਹੇਰਾਂ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਅੱਜ ਸਵੇਰੇ ਮੈਕਸ ਹਸਪਤਾਲ ਮੋਹਾਲੀ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜਸਪਾਲ ਸਿੰਘ ਹੇਰਾਂ ਦੇ ਦਿਹਾਂਤ ਉੱਤੇ ਪੰਥਕ ਪੱਤਰਕਾਰੀ ਦੇ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।