ਲੰਦਨ/ਪੰਜਾਬ ਪੋਸਟ
ਆਪਣੇ ਸਟਾਰ ਖਿਡਾਰੀਆਂ ਦੀ ਖਰਾਬ ਲੈਅ ਨਾਲ ਜੂਝ ਰਹੀ ਭਾਰਤੀ ਟੀਮ ਪੰਜਵੇਂ ਅਤੇ ਆਖਰੀ ਟੈਸਟ ਮੈਚ ’ਚ ਆਸਟਰੇਲੀਆ ਹੱਥੋਂ ਛੇ ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨ ਮਗਰੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੇ ਫਾਈਨਲ ’ਚੋਂ ਬਾਹਰ ਹੋ ਗਈ ਹੈ, ਜਦ ਕਿ ਆਸਟਰੇਲੀਆ ਇਸ ਜਿੱਤ ਨਾਲ 10 ਸਾਲ ਬਾਅਦ ਬਾਰਡਰ-ਗਾਵ ਸਕਰਟਰਾਫੀ 3-1 ਨਾਲ ਜਿੱਤ ਕੇ ਡਬਲਿਊ ਟੀਸੀ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਦੂਜੇ ਬੰਨੇ, ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਤਾਜ਼ਾ ਕੌਮਾਂਤਰੀ ਕਿ੍ਰਕਟ ਕੌਂਸਲ (ਆਈਸੀਸੀ) ਟੈਸਟ ਦਰਜਾਬੰਦੀ ਵਿੱਚ ਕਰੀਅਰ ਦੇ ਸਰਬੋਤਮ 908 ਰੇਟਿੰਗ ਅੰਕਾਂ ਨਾਲ ਨਾਲ ਗੇਂਦਬਾਜ਼ਾਂ ਦੀ ਸੂਚੀ ’ਚ ਸਿਖ਼ਰਲਾ ਸਥਾਨ ਕਾਇਮ ਰੱਖਿਆ ਹੈ। ਉਸ ਨੇ ਆਸਟਰੇਲੀਆ ਖ਼ਿਲਾਫ਼ ਪੰਜਵੇਂ ਅਤੇ ਆਖਰੀ ਟੈਸਟ ਦੀ ਪਹਿਲੀ ਪਾਰੀ ’ਚ ਦੋ ਵਿਕਟਾਂ ਲੈਣ ਤੋਂ ਬਾਅਦ ਆਪਣੇ ਰੇਟਿੰਗ ਅੰਕਾਂ ਵਿੱਚ ਇੱਕ ਅੰਕ ਹੋਰ ਜੋੜਿਆ ਹੈ। ਖੱਬੂ ਸਪਿੰਨਰ ਰਵਿੰਦਰ ਜਡੇਜਾ ਇੱਕ ਸਥਾਨ ਦੇ ਫਾਇਦੇ ਨਾਲ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਸਕਾਟਬੋਲੈਂਡ ਨਾਲ ਸਾਂਝੇ ਤੌਰ ’ਤੇ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ। ਸਿਡਨੀ ’ਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਬੋਲੈਂਡ 29 ਸਥਾਨ ਉਪਰ ਸਿਖਰਲੇ 10 ’ਚ ਸ਼ਾਮਲ ਹੋ ਗਿਆ ਹੈ। ਬੋਲੈਂਡ ਨੇ ਸਿਡਨੀ ਵਿਚ 10 ਵਿਕਟਾਂ ਲਈਆਂ। ਆਸਟਰੇਲੀਆ ਦੀ ਜਿੱਤ ਵਿੱਚ ਉਸ ਦਾ ਪ੍ਰਦਰਸ਼ਨ ਅਹਿਮ ਰਿਹਾ। ਇਸੇ ਤਰਾਂ ਆਖਰੀ ਟੈਸਟ ’ਚ ਪੰਜ ਵਿਕਟਾਂ ਸਦਕਾ ਆਸਟਰੇਲੀਆ ਦਾ ਕਪਤਾਨ ਪੈਟ ਕਮਿੰਨਸ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਦਾ ਕਾਗਿਸੋ ਰਬਾਡਾ ਇਕ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਆਸਟਰੇਲੀਆ ਖ਼ਿਲਾਫ਼ ਆਖਰੀ ਟੈਸਟ ਦੀ ਦੂਜੀ ਪਾਰੀ ਵਿੱਚ 33 ਗੇਂਦਾਂ ’ਚ 61 ਦੌੜਾਂ ਬਣਾਉਣ ਵਾਲਾ ਰਿਸ਼ਭ ਪੰਤ ਬੱਲੇਬਾਜ਼ਾਂ ਦੀ ਦਰਜਾਬੰਦੀ ’ਚ ਤਿੰਨ ਸਥਾਨ ਉਪਰ ਨੌਵੇਂ ਨੰਬਰ ’ਤੇ ਪਹੁੰਚ ਗਿਆ ਹੈ।