13.8 C
New York

ਸੁਲਤਾਨ-ਉੱਲ-ਕੌਮ : ਸ. ਜੱਸਾ ਸਿੰਘ ਆਹਲੂਵਾਲੀਆ

Published:

Rate this post

ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਇੱਕ ਤੋਂ ਵੱਧ ਕੇ ਇੱਕ ਮਿਸਾਲੀ, ਉੱਚੇ ਸੁੱਚੇ ਕਿਰਦਾਰ ਵਾਲੇ, ਬਹਾਦਰ, ਯੋਧੇ ਅਤੇ ਸਹਿਯੋਗ ਅਗਵਾਈ ਦੇਣ ਵਾਲੇ ਜਰਨੈਲ ਹੋਏ ਹਨ। ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਵੱਖ-ਵੱਖ ਮੌਕਿਆਂ ਉੱਤੇ ਇਨਾਂ ਮਹਾਨ ਜਰਨੈਲਾਂ ਨੇ ਸਮੇਂ ਦੇ ਹਾਲਾਤ ਮੁਤਾਬਕ ਢੁੱਕਵੇਂ ਫੈਸਲੇ ਲੈਂਦੇ ਹੋਏ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵਿੱਚ ਵੀ ਚੜਦੀ ਕਲਾ ਨਾਲ ਸਿੱਖੀ ਦੇ ਇਸ ਸ਼ਾਨਾਮੱਤੇ ਸਫਰ ਨੂੰ ਬੁਲੰਦੀ ਨਾਲ ਅੱਗੇ ਵਧਾਇਆ। ਜੇ ਅਠਾਰਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੀ ਗੱਲ ਕਰੀਏ ਤਾਂ ਸ. ਜੱਸਾ ਸਿੰਘ ਆਹਲੂਵਾਲੀਆ ਉਨਾਂ 3 ਪ੍ਰਮੁੱਖ ਸਿੱਖ ਜਰਨੈਲਾਂ ਵਿੱਚੋਂ ਇੱਕ ਸਨ ਜਿਨਾਂ ਨੇ ਅਪਣੀ ਸਿਆਣਪ ਅਤੇ ਬਹਾਦਰੀ ਨਾਲ ਪੰਜਾਬ ਵਿਚ ਸੁਤੰਤਰ ਖ਼ਾਲਸਾ ਰਾਜ ਦੀ ਸਥਾਪਨਾ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਦੇ ਸਿੱਕੇ ਜਾਰੀ ਕਰ ਕੇ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਨੂੰ ਅਮਲੀ ਜਾਮਾ ਪੁਆਇਆ ਸੀ। ਬੰਦਾ ਸਿੰਘ ਬਹਾਦਰ ਤੋਂ ਬਾਅਦ ਦੂਜੀ ਵਾਰ ਇਹ ਮਹਾਨ ਕਾਰਜ ਕਰਨ ਵਾਲੇ ਮਹਾਨ ਸਿੱਖ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਨੇ 1764-65 ਵਿਚ ਲਾਹੌਰ ਅਤੇ ਸਰਹਿੰਦ ਨੂੰ ਜਿੱਤ ਕੇ ਖ਼ਾਲਸਾ ਰਾਜ ਕਾਇਮ ਕੀਤਾ ਸੀ। ਪੰਜਾਬ ਨੂੰ ਕਾਬੁਲ ਦੇ ਰਾਜ ਦਾ ਹਿੱਸਾ ਬਣਨ ਤੋਂ ਬਚਾਉਣ ਵਾਲੇ ਵੀ ਉਹੀ ਸਨ ਜਿਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਉੱਤਰ-ਪੱਛਮ ਵਲੋਂ ਹੁੰਦੇ ਹਮਲਿਆਂ ਨੂੰ ਠੱਲ ਪਾ ਕੇ ਦੇਸ਼ ਦੀ ਆਜ਼ਾਦੀ ਅਤੇ ਸਰਹੱਦਾਂ ਨੂੰ ਕਾਇਮ ਰੱਖਿਆ ਸੀ। ਸੱਚ ਤਾਂ ਇਹ ਹੈ ਕਿ ਪੰਜਾਬ ਸੂਬਾ ਭਾਰਤ ਨੂੰ ਜੱਸਾ ਸਿੰਘ ਆਹਲੂਵਾਲੀਆ ਵਲੋਂ ਦਿੱਤਾ ਗਿਆ ਉਹ ਤੋਹਫ਼ਾ ਹੈ ਜਿਸ ਲਈ ਦੇਸ਼ ਵਾਸੀਆਂ ਨੂੰ ਸਦਾ ਉਨਾਂ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ। ਇਸ ਤਰਾਂ ਪੰਜਾਬ ਅਤੇ ਸਿੱਖ ਕੌਮ ਨੂੰ ਹੀ ਨਹੀਂ ਬਲਕਿ ਭਾਰਤ ਦੇਸ਼ ਨੂੰ ਵੀ ਉਨਾਂ ਦੀ ਇੱਕ ਵੱਡੀ ਦੇਣ ਹੈ।

ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜਨਮ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਦਿੱਤੀ ਗਈ ਅਸੀਸ ਸਦਕਾ ਸ. ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਕੁੱਖੋਂ 3 ਮਈ 1718 ਈ: ਨੂੰ ਪਿੰਡ ਆਹਲੂ ਜ਼ਿਲਾ ਲਾਹੌਰ ਵਿੱਚ ਹੋਇਆ। ਜਦੋਂ ਬਾਲਕ ਜੱਸਾ ਸਿੰਘ ਮਹਿਜ਼ 5 ਸਾਲ ਦੇ ਸਨ, ਤਾਂ ਉਨਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਇਸ ਉਪਰੰਤ ਆਪ ਅਤੇ ਆਪ ਦੀ ਮਾਤਾ ਜੀਵਨ ਕੌਰ, ਮਾਤਾ ਸੁੰਦਰੀ ਜੀ ਦੇ ਦਰਸ਼ਨਾਂ ਨੂੰ ਜਾ ਰਹੀ ਸੰਗਤ ਨਾਲ ਦਿੱਲੀ ਗਏ। ਇੱਥੇ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਦਾ ਗੁਰਬਾਣੀ ਨਾਲ ਪਿਆਰ ਵੇਖ ਉਨਾਂ ਜੱਸਾ ਸਿੰਘ ਨੂੰ ਆਪਣੇ ਕੋਲ ਦਿੱਲੀ ਰੱਖ ਲਿਆ ਅਤੇ ਪੁੱਤਰਾਂ ਵਾਂਗ ਪਾਲਿਆ ਅਤੇ ਪੜਾਇਆ ਲਿਖਾਇਆ। ਕੁੱਲ ਸੱਤ ਸਾਲ ਜੱਸਾ ਸਿੰਘ ਜੀ ਦਿੱਲੀ ਰਹੇ ਅਤੇ ਵਾਪਸ ਪੰਜਾਬ ਆਉਣ ਲੱਗਿਆ ਮਾਤਾ ਸੁੰਦਰੀ ਜੀ ਨੇ ਆਪ ਨੂੰ ਸੁੰਦਰ ਵਸਤਰ ਅਤੇ ਅਨੇਕਾਂ ਵਸਤਾਂ ਦੇ ਨਾਲ ਅਸੀਸਾਂ ਦੇ ਕੇ ਵਿਦਾ ਕੀਤਾ। ਫਿਰ ਅੰਮਿ੍ਰਤਸਰ ਆ ਕੇ ਆਪ ਨੇ ਭਾਈ ਮਨੀ ਸਿੰਘ ਤੋਂ ਗੁਰਮੁੱਖੀ ਸਿੱਖੀ। ਆਪ ਕੀਰਤਨ ਵੀ ਬਹੁਤ ਵਧੀਆ ਕਰਦੇ ਸਨ। ਵਿਸਾਖੀ ਵਾਲੇ ਦਿਨ ਆਪ ਵਲੋਂ ਗਾਈ ਜਾ ਰਹੀ ‘‘ਆਸਾ ਦੀ ਵਾਰ’’ ਨੇ ਨਵਾਬ ਕਪੂਰ ਸਿੰਘ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਉਪਰੰਤ, ਨਵਾਬ ਕਪੂਰ ਸਿੰਘ ਜੱਸਾ ਸਿੰਘ ਨੂੰ ਕਰਤਾਰਪੁਰ ਆਪਣੇ ਡੇਰੇ ਲੈ ਗਏ। ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਆਪਣਾ ਧਰਮਪੁੱਤਰ ਬਣਾ ਲਿਆ ਅਤੇ ਖੁਦ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਵਿੱਚ ਨਿਪੁੰਨ ਕਰ ਦਿੱਤਾ। ਹੌਲੀ ਹੌਲੀ ਜੱਸਾ ਸਿੰਘ ਦੀ ਗਿਣਤੀ ਪ੍ਰਮੁੱਖ ਯੋਧਿਆਂ ਵਿਚ ਹੋਣ ਲੱਗੀ ਅਤੇ ਇਹ ਉਹ ਸਮਾਂ ਸੀ, ਜਦੋਂ ਸਮੇਂ ਦੀਆਂ ਸਰਕਾਰਾਂ ਸਿੱਖ ਕੌਮ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਸਨ। 1752 ਈਂ ਵਿੱਚ ਜੱਸਾ ਸਿੰਘ ਆਹਲੂਵਾਲੀਆ ਨੇ ਆਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਗੁਰਦੁਆਰਿਆ ਦੀ ਸੇਵਾ ਸੰਭਾਲ ਕਰਵਾਈ। ਇਸ ਮੌਕੇ ਆਪ ਨੇ ਇੱਕ ਲੱਖ ਖਰਚ ਕੇ ਕਿਲਾ ਆਨੰਦਗੜ ਸਾਹਿਬ ਦੀ ਬਾਉਲੀ ਸਾਹਿਬ ਦਾ ਨਿਰਮਾਣ ਵੀ ਕਰਵਾਈਆ।

ਸੰਨ 1754 ਦੀ ਵਿਸਾਖੀ ਨੂੰ ਸਰਬਤ ਖਾਲਸੇ ਨੇ ਸ. ਜੱਸਾ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਐਲਾਨਿਆ ਅਤੇ ‘ਨਵਾਬ’ ਦੀ ਉਪਾਧੀ ਦਿੱਤੀ। ਸ. ਜੱਸਾ ਸਿੰਘ ਜੀ ਹਰ ਦੀਵਾਲੀ ਅਤੇ ਵਿਸਾਖੀ ਮੌਕੇ ਸਿੱਖ ਮਿਸਲਾਂ ਦੁਆਰਾ ਜਿੱਤਾਂ ਵਿੱਚ ਪ੍ਰਾਪਤ ਇਲਾਕਿਆਂ ਦੀਆਂ ਫਰਦਾ ਬਣਾ ਲਿਆ ਕਰਦੇ ਸਨ। ਮਈ 1757 ਈ. ਵਿੱਚ ਜਹਾਨ ਖਾਨ ਨੇ ਹਰਿਮੰਦਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਸੀ। 20 ਅਪ੍ਰੈਲ 1758 ਅਦੀਨਾ ਬੇਗ ਨੇ ਸਿੰਘਾਂ ਅਤੇ ਮਰਾਠਿਆਂ ਦੀ ਮਦਦ ਨਾਲ ਲਾਹੌਰ ’ਤੇ ਕਬਜ਼ਾ ਕਰ ਲਿਆ। ਸ. ਜੱਸਾ ਸਿੰਘ ਨੇ ਆਪਣਾ ਹਿੱਸਾ ਲਿਆ ਅਤੇ ਲਗਪਗ 100 ਅਫਗਾਨੀ ਕੈਦੀ ਫੜ ਕੇ ਲਿਆਂਦੇ ਅਤੇ ਸਰੋਵਰ ਸਾਫ ਕਰਵਾਇਆ। ਇੱਕ ਵੱਡੀ ਘਟਨਾ ਓਹ ਵੀ ਸੀ ਜਦੋਂ, 10 ਅਪ੍ਰੈਲ 1761 ਨੂੰ ਹਿੰਦੂ ਆਗੂਆਂ ਨੇ ਮਦਦ ਲਈ ਅਰਜ਼ੋਈ ਕੀਤੀ ਕਿ ਅਬਦਾਲੀ ਸਾਡੀਆਂ ਬਹੁ-ਬੇਟੀਆਂ ਨੂੰ ਬੰਦੀ ਬਣਾ ਕੇ ਲਿਜਾ ਰਿਹਾ ਹੈ, ਸਾਡੀ ਮਦਦ ਕਰੋ। ਸ. ਜੱਸਾ ਸਿੰਘ ਆਹਲੂਵਾਲੀਏ ਨੇ ਝੱਟ ਸਾਰੇ ਖਾਲਸੇ ਨੂੰ ਸੱਦੇ ਭੇਜ ਦਿੱਤੇ ਅਤੇ ਗੋਇੰਦਵਾਲ ਦੇ ਲਾਗੇ ਰੁਕੀ ਅਬਦਾਲੀ ਦੀ ਫੌਜ ’ਤੇ ਰਾਤ ਨੂੰ ਅਚਨਚੇਤ ਹਮਲਾ ਕਰਕੇ ਹਿੰਦੂ ਬਹੁ-ਬੇਟੀਆਂ ਨੂੰ ਬਚਾ ਲਿਆ। ਇਹ ਬਹੁ-ਬੇਟੀਆਂ, ਜਿੰਨਾਂ ਦੀ ਗਿਣਤੀ 2200 ਦੱਸੀ ਜਾਂਦੀ ਸੀ, ਨੂੰ ਸੋ-ਸੋ ਮੋਹਰਾਂ ਦੇ ਕੇ ਸੁਰੱਖਿਅਤ ਉਨਾਂ ਦੇ ਘਰੋਂ ਘਰ ਪਹੁੰਚਾਇਆ। ਇਸ ਹਮਦਰਦੀ ਅਤੇ ਬਹਾਦਰੀ ਕਰਕੇ ਜੱਸਾ ਸਿੰਘ ਆਹਲੂਵਾਲੀਆ ਦੀ ਪੂਰੇ ਹਿੰਦੂਸਤਾਨ ਵਿਚ ਸੋਭਾ ਹੋਈ ਸੀ। ਸਤੰਬਰ 1761 ਨੂੰ ਸ. ਜੱਸਾ ਸਿੰਘ ਆਹਲੂਵਾਲੀਏ ਨੇ ਲਾਹੌਰ ’ਤੇ ਕਬਜ਼ਾ ਕਰ ਲਿਆ। ਪੰਥ ਦੇ ਆਪ ਨੂੰ ਸੁਲਤਾਨ-ਉੱਲ-ਕੌਮ (ਪੰਥ ਦਾ ਬਾਦਸ਼ਾਹ) ਐਲਾਨਿਆ ਅਤੇ ਇਸ ਤਰਾਂ, ਆਪ ਸਿੱਖਾਂ ਦੇ ਪਹਿਲੇ ਬਾਦਸ਼ਾਹ ਬਣੇ। ਆਪ ਨੇ ਗੁਰੂ ਸਾਹਿਬ ਨੂੰ ਸਮਰਪਿਤ ਨਾਨਕਸ਼ਾਹੀ ਸਿੱਕਾ ਚਲਾਇਆ ਅਤੇ ਇਸੇ ਸਿੱਕੇ ਨੂੰ ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਾਰੀ ਰੱਖਿਆ ਸੀ। ਲਾਹੌਰ ਦੀ ਜਿੱਤ ਤੋਂ ਬਾਅਦ ਉਨਾਂ ਲਾਹੌਰ ਦਾ ਪ੍ਰਬੰਧ ਸ. ਚੜਤ ਸਿੰਘ ਸ਼ੁੱਕਰ ਚੱਕੀਆ (ਮਹਾਰਾਜਾ ਰਣਜੀਤ ਸਿੰਘ ਦਾ ਦਾਦਾ) ਨੂੰ ਸੌਂਪ ਦਿੱਤਾ ਸੀ।  

ਉਨਾਂ ਦੀ ਦਿੱਖ ਬੇਹੱਦ ਪ੍ਰਭਾਵਸ਼ਾਲੀ ਸੀ- ਉੱਚੇ ਅਤੇ ਲੰਮੇ ਕੱਦ ਵਾਲੇ ਜੱਸਾ ਸਿੰਘ ਆਹਲੂਵਾਲੀਆ ਦਾ ਸਰੀਰ ਬੜਾ ਗਠਿਆ ਹੋਇਆ ਅਤੇ ਸੁਡੌਲ ਸੀ। ਕਣਕਵੰਨਾ ਰੰਗ, ਚੌੜਾ ਮੱਥਾ ਅਤੇ ਚਮਕਦਾਰ ਅੱਖਾਂ ਕਿਸੇ ਨੂੰ ਵੀ ਪ੍ਰਭਾਵਤ ਕਰਨ ਦੀ ਸਮਰਥਾ ਰਖਦੀਆਂ ਸਨ। ਸਰੀਰਕ ਤੌਰ ਉੱਤੇ ਬਲਵਾਨ, ਵਿਅਕਤੀਗਤ ਤੌਰ ਉੱਤੇ ਉਹ ਕਿਸੇ ਵੀ ਤਕੜੇ ਬੰਦੇ ਨੂੰ ਵੰਗਾਰ ਪਾਉਣ ਦੀ ਹਿੰਮਤ ਰੱਖਦੇ ਸਨ। ਚੌੜੀ ਛਾਤੀ, ਲੰਮੀਆਂ ਬਾਹਾਂ ਅਤੇ ਭਰਵੀਂ ਆਵਾਜ਼ ਉਸ ਦੇ ਸਮੁੱਚੇ ਪ੍ਰਭਾਵ ਵਿੱਚ ਇੱਕ ਖਿੱਚ ਰੱਖਦੀਆਂ ਸਨ। ਸਰੀਰਕ ਤੌਰ ਤੇ ਮਜ਼ਬੂਤ ਹੋਣ ਕਾਰਨ ਉਹ ਕਈ ਕਈ ਮੀਲਾਂ ਤੱਕ ਇੱਕੋ ਸਾਹੇ ਘੋੜੇ ਦੀ ਸਵਾਰੀ ਕਰ ਜਾਂਦੇ ਸਨ। ਉਹ ਤੀਰ-ਤਲਵਾਰ ਅਤੇ ਤੋੜੇਦਾਰ ਬੰਦੂਕ ਚਲਾਉਣ ਦੇ ਏਨੇ ਧਨੀ ਸਨ ਕਿ ਉਨਾਂ ਦਾ ਨਿਸ਼ਾਨਾ ਕਦੇ ਖ਼ਾਲੀ ਨਹੀਂ ਸੀ ਜਾਂਦਾ ਅਤੇ ਆਗੂ ਹੋਣ ਦੇ ਬਾਵਜੂਦ ਲੜਾਈ ਦੇ ਮੈਦਾਨ ਵਿੱਚ ਉਹ ਅੱਗੇ ਹੋ ਕੇ ਲੜਨ ਵਾਲਿਆਂ ’ਚੋਂ ਹੁੰਦੇ ਸਨ। ਜੱਸਾ ਸਿੰਘ ਦੇ ਮਨ ਵਿੱਚ ਔਰਤਾਂ ਪ੍ਰਤੀ ਬੜਾ ਸਨਮਾਨ ਸੀ। ਜੱਸਾ ਸਿੰਘ ਆਹਲੂਵਾਲੀਆ ਵਲੋਂ ਕਿਸੇ ਵੀ ਔਰਤ ਨਾਲ ਮਾੜਾ ਨਾ ਕਰਨ ਦੀ ਸਖ਼ਤ ਹਦਾਇਤ ਸੀ।

ਜੱਸਾ ਸਿੰਘ ਹਰੇਕ ਗੁਰਸਿੱਖ ਨੂੰ ‘ਭਾਈ’ ਕਰ ਕੇ ਬੁਲਾਉਂਦੇ ਸਨ ਅਤੇ ਪੂਰਾ ਸਤਿਕਾਰ ਦੇਂਦੇ ਸਨ ਅਤੇ ਇਸੇ ਕਰਕੇ ਦਲ ਖ਼ਾਲਸਾ ਵਿੱਚ ਸ਼ਾਮਲ ਹੋਇਆ ਹਰ ਗੁਰਸਿੱਖ ਉਨਾਂ ਲਈ ਅਪਣੀ ਜਾਨ ਤੱਕ ਵਾਰਨ ਲਈ ਸਦਾ ਤਿਆਰ ਰਹਿੰਦਾ ਸੀ। ਜੱਸਾ ਸਿੰਘ ਆਹਲੂਵਾਲੀਆ ਦਾ ਇਹ ਪੱਕਾ ਨੇਮ ਸੀ ਕਿ ਉਹ ਹਰ ਸਾਲ ਘੱਟੋ-ਘੱਟ ਦੋ ਵਾਰੀ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਅੰਮਿ੍ਰਤਸਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਅੰਮਿ੍ਰਤ ਸਰੋਵਰ ਵਿੱਚ ਇਸ਼ਨਾਨ ਕਰਨ ਜ਼ਰੂਰ ਜਾਇਆ ਕਰਦੇ ਸਨ। 5 ਫ਼ਰਵਰੀ, 1762 ਨੂੰ ਵੱਡੇ ਘੱਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਅੰਮਿ੍ਰਤ ਸਰੋਵਰ ਅਤੇ ਹਰਿਮੰਦਰ ਸਾਹਿਬ ਨੂੰ ਪੂਰੀ ਤਰਾਂ ਨਾਲ ਢਾਹ ਦਿਤਾ ਸੀ। ਜਦੋਂ ਖ਼ਾਲਸੇ ਨੇ ਅੰਮਿ੍ਰਤਸਰ ਇਕੱਠੇ ਹੋ ਕੇ ਹਰਿਮੰਦਰ ਸਾਹਿਬ ਨੂੰ ਮੁੜ ਉਸਾਰਨ ਦਾ ਫ਼ੈਸਲਾ ਕੀਤਾ ਤਾਂ ਇਸ ਕਾਰਜ ਲਈ ‘ਗੁਰੂ ਕੀ ਚਾਦਰ’ ਵਿਛਾਈ ਗਈ। ਸਿੱਖ ਸਰਦਾਰਾਂ ਅਤੇ ਸੰਗਤਾਂ ਵਲੋਂ ਆਈ ਮਾਇਆ 16 ਲੱਖ ਰੁਪਏ ਸੀ ਜਿਸ ਵਿੱਚੋਂ 6 ਲੱਖ ਰੁਪਿਆ ਜੱਸਾ ਸਿੰਘ ਆਹਲੂਵਾਲੀਏ ਦੇ ਹਿੱਸੇ ਦਾ ਸੀ। ਉਨਾਂ ਨੇ ਇਹ ਸਾਰੀ ਮਾਇਆ ਅੰਮਿ੍ਰਤ ਸਰੋਵਰ ਤੇ ਦਰਬਾਰ ਸਾਹਿਬ ਦੀ ਉਸਾਰੀ ਲਈ ਮੱਥਾ ਟੇਕ ਦਿਤੀ। ਮਗਰੋਂ ਇਨਾਂ ਦੇ ਹੱਥੋਂ ਹੀ ਸ੍ਰੀ ਹਰਿਮੰਦਰ ਦੀ ਨਵਉਸਾਰੀ ਦਾ ਨੀਂਹ ਪੱਥਰ ਰਖਵਾਇਆ ਗਿਆ।

18ਵੀਂ ਸਦੀ ਵਿੱਚ ਖ਼ਾਲਸੇ ਨੂੰ ਸੰਗਠਤ ਰੱਖਣ ਵਿਚ ਉਨਾਂ ਦੀ ਬੜੀ ਵੱਡੀ ਭੂਮਿਕਾ ਰਹੀ। ਜਦੋਂ ਵੀ ਉਨਾਂ ਨੇ ਪੰਥ ਦੇ ਨਾਂਅ ਉੱਤੇ ਆਵਾਜ਼ ਦਿੱਤੀ, ਸਾਰਾ ਪੰਥ ਇੱਕਜੁੱਟ ਹੋ ਕੇ ਉਨਾਂ ਦੀ ਅਗਵਾਈ ਵਿੱਚ ਇਕੱਠਾ ਹੋ ਜਾਂਦਾ ਰਿਹਾ। ਜਦੋਂ 1783 ਵਿੱਚ ਦਿੱਲੀ ਦੇ ਲਾਲ ਕਿਲੇ ਉੱਤੇ ਕੇਸਰੀ ਝੰਡਾ ਲਹਿਰਾਇਆ ਗਿਆ ਤਾਂ ਦਿੱਲੀ ਦੇ ‘ਦੀਵਾਨ-ਏ-ਆਮ’ ਵਿੱਚ ਜੱਸਾ ਸਿੰਘ ਆਹਲੂਵਾਲੀਆ ਨੂੰ ਤਖਤ ਉੱਤੇ ਬਿਠਾਇਆ ਗਿਆ। ਇਹ ਵਖਰੀ ਗੱਲ ਹੈ ਕਿ ਮਿਸਲਾਂ ਦੇ ਆਪਸੀ ਮਤਭੇਦ ਕਰ ਕੇ ਜੱਸਾ ਸਿੰਘ ਨੇ ਆਪਸੀ ਪਿਆਰ ਅਤੇ ਕੌਮੀ ਇਕਜੁਟਤਾ ਬਣਾਈ ਰੱਖਣ ਕਰ ਕੇ ਅਪਣੇ ਆਪ ਨੂੰ ਇਸ ਮਾਹੌਲ ਤੋਂ ਅਲੱਗ ਕਰ ਲਿਆ ਸੀ। ਇਹ ਉਨਾਂ ਦੇ ਜੀਵਨ ਦੀ ਵੱਡੀ ਪ੍ਰਾਪਤੀ ਸੀ ਕਿ ਇੱਕ ਸਮੇਂ ਜਿਹੜੀ ਕੌਮ ਅਪਣੀ ਹੋਂਦ ਨੂੰ ਬਚਾਈ ਰੱਖਣ ਵਾਸਤੇ ਸੰਘਰਸ਼ ਕਰ ਰਹੀ ਸੀ, ਉਸ ਨੂੰ ਉਨਾਂ ਦਿੱਲੀ ਦੇ ਤਖ਼ਤ ਉੱਤੇ ਬਿਠਾ ਦਿੱਤਾ ਸੀ। ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਹਾਰ ਦੇਣ ਵਾਲਾ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਉੱਪਰ ਅਪਣੇ ਆਖ਼ਰੀ ਹਮਲਿਆਂ ਸਮੇਂ ਜੱਸਾ ਸਿੰਘ ਆਹਲੂਵਾਲੀਆ ਨਾਲ ਕਿਸੇ ਵੀ ਤਰਾਂ ਦਾ ਸਮਝੌਤਾ ਕਰਨ ਲਈ ਤਿਆਰ ਹੋ ਗਿਆ ਸੀ ਅਤੇ ਬਦਲੇ ਵਿੱਚ ਕੁੱਝ ਵੀ ਦੇਣ ਲਈ ਤਿਆਰ ਸੀ। ਉਸ ਦੇ ਇਹੋ ਜਿਹੇ ਸੰਦੇਸ਼ਾਂ ਦੇ ਬਾਵਜੂਦ ਜੱਸਾ ਸਿੰਘ ਆਹਲੂਵਾਲੀਆ ਦਾ ਕਹਿਣਾ ਸੀ ਕਿ ‘ਅਸੀਂ ਜੋ ਲੈਣਾ ਹੈ ਉਹ ਅਪਣੇ ਜ਼ੋਰ ਨਾਲ ਲੈ ਲਵਾਂਗੇ, ਕਿਸੇ ਵਲੋਂ ਮਿਲਦੇ ਕਿਸੇ ਦਾਨ ਦੀ ਉਨਾਂ ਨੂੰ ਕੋਈ ਲੋੜ ਨਹੀਂ।’

ਜੱਸਾ ਸਿੰਘ ਆਹਲੂਵਾਲੀਆ ਨੇ ਜੰਗਲਾਂ ਬੇਲਿਆਂ ਅਤੇ ਪਹਾੜਾਂ ਵਿਚ ਰਹਿ ਰਹੇ ਸਿੰਘਾਂ ਨੂੰ ਦੋ ਘੱਲੂਘਾਰਿਆਂ, 7 ਕਤਲੇਆਮਾਂ ਅਤੇ ਸੈਕੜੇਂ ਯੁੱਧਾਂ ਵਿੱਚੋਂ ਕੱਢਕੇ ਸਿੱਖ ਰਾਜ ਸਥਾਪਤ ਹੀ ਨਹੀਂ ਕੀਤਾ, ਸਗੋਂ 800 ਸਾਲਾਂ ਤੋਂ ਵਿਦੇਸ਼ੀ ਹਕੂਮਤਾਂ ਦੇ ਹੱਲੇ ਝੱਲ ਰਹੇ ਭਾਰਤ ਨੂੰ ਵੀ ਰਾਹਤ ਦੁਆਈ। ਜਦ ਉਨਾਂ ਨੇ ਸਿੱਖ ਕੌਮ ਦੀ ਵਾਗਡੋਰ ਸੰਭਾਲੀ, ਉਦੋ ਜਿੱਥੇ ਇੱਕ ਪਾਸੇ ਮੁਗਲਾਂ ਨੇ ਸਿੱਖਾਂ ਨੂੰ ਖਤਮ ਕਰਨ ਲਈ ਸਿੱਖਾਂ ਦੇ ਸਿਰਾਂ ਦੇ ਮੁੱਲ ਤੈਅ ਕੀਤੇ ਸਨ, ਉੱਥੇ ਅਬਦਾਲੀ ਵੀ ਸਿੱਖਾਂ ਨੂੰ ਖਤਮ ਕਰਨ ਲਈ ਪੂਰੀ ਤਾਕਤ ਲਗਾ ਰਿਹਾ ਸੀ ਪਰ ਸ. ਜੱਸਾ ਸਿੰਘ ਦੀ ਦੂਰਅੰਦੇਸ਼ੀ, ਸੂਰਬੀਰਤਾ ਅਤੇ ਗੁਰੀਲਾ ਯੁੱਧ ਨੀਤੀ ਸਦਕਾ ਸਿੱਖਾਂ ਨੇ ਦੁਸ਼ਮਣਾਂ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਉਹ ਸਿੱਖਾਂ ਤੋਂ ਥਰ-ਥਰ ਕੰਬਣ ਲਗ ਪਏ ਸਨ ਅਤੇ ਉਨਾਂ ਦੀ ਸੂਰਬੀਰਤਾ ਅਤੇ ਬਹਾਦਰੀ ਸਦਕਾ ਲਾਹੌਰ ਤੋਂ ਦਿੱਲੀ ਤੱਕ ਖਾਲਸੇ ਦਾ ਰਾਜ ਕਾਇਮ ਹੋ ਗਿਆ ਸੀ। ਅਜੋਕੇ ਸਮੇਂ ਜਦੋਂ ਸਿੱਖ ਕੌਮ ਕਿਸੇ ਯੋਗ ਆਗੂ ਨੂੰ ਲੱਭਦੀ ਵਿਖਾਈ ਦਿੰਦੀ ਹੈ ਤਾਂ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਅਤੇ ਕਿਰਦਾਰ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਤਾਂ ਜੋ ਉਨਾਂ ਦੀਆਂ ਮਹਾਨ ਪੈੜਾਂ ਉੱਤੇ ਚੱਲ ਕੇ ਕੌਮ ਦੀ ਬਿਹਤਰੀ ਲਈ ਕਾਰਜ ਜੁਗੋ-ਜੁੱਗ ਹੁੰਦੇ ਰਹਿਣ।

_ਪੰਜਾਬ ਪੋਸਟ

Read News Paper

Related articles

spot_img

Recent articles

spot_img