ਸਿੱਖ ਇਤਿਹਾਸ ਵਿੱਚ ਜਿੱਥੇ ਬਹਾਦਰੀ ਦੇ ਅਨੇਕਾਂ ਕਿੱਸੇ ਮਾਣ ਨਾਲ ਪੜੇ ਅਤੇ ਸੁਣੇ ਜਾਂਦੇ ਹਨ ਉਥੇ ਹੀ ਸਿੱਖ ਕੌਮ ਵਿੱਚ ਸਮੇਂ ਸਮੇਂ ਉੱਤੇ ਮਿਸਾਲੀ ਆਗੂਆਂ ਅਤੇ ਜਰਨੈਲਾਂ ਨੇ ਕੌਮ ਦੇ ਸ਼ਾਨਾਮਤੇ ਇਤਿਹਾਸ ਨੂੰ ਆਪਣੀ ਸੁਯੋਗ ਅਗੁਆਈ ਸਦਕਾ ਇੱਕ ਨਵੇਂ ਮੁਕਾਮ ਉੱਤੇ ਪਹੁੰਚਾਇਆ। ਜਦੋਂ ਵੀ ਗੱਲ ਹੁੰਦੀ ਹੈ ਸਿੱਖ ਇਤਿਹਾਸ ਦੇ ਸੁਨਹਿਰੀ ਦੌਰ ਦੀ ਅਤੇ ਸਿੱਖ ਫੌਜਾਂ ਦੀ ਲਾਸਾਨੀ ਬਹਾਦਰੀ ਵੀ ਤਾਂ ਉਸ ਸਮੇਂ ਦੇ ਮਾਣਮੱਤੇ ਜਰਨੈਲਾਂ ਵਿੱਚ ਇੱਕ ਬਹੁਤ ਅਹਿਮ ਨਾਂਅ ਆਉਂਦਾ ਹੈ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਅਤੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਂਗ ਜੱਸਾ ਸਿੰਘ ਰਾਮਗੜ੍ਹੀਆ ਇੱਕ ਅਜਿਹੇ ਆਗੂ ਸਨ ਜਿਨਾਂ ਦੇ ਸਮੇਂ ਸਿੱਖ ਰਾਜ ਕਾਫੀ ਫੈਲਿਆ ਅਤੇ ਜਿੱਤਾਂ ਦੇ ਮੁਕਾਮ ਸਿਰਜਦਾ ਰਿਹਾ। ਉਹ ਗ਼ਰੀਬਾਂ ਦਾ ਮਸੀਹਾ ਵੀ ਬਣੇ ਅਤੇ ਸਿੱਖਾਂ ਦੇ ਇੱਕ ਬੇਹੱਦ ਪ੍ਰਪੱਕ ਆਗੂ ਬਣਦੇ ਹੋਏ ਉਨਾਂ ਨੇ ਹਰੇਕ ਦੀ ਰੱਖਿਆ ਵੀ ਕੀਤੀ ਅਤੇ ਇਸੇ ਸਮੇਂ ਦੌਰਾਨ ਕਈ ਧਾਰਮਕ ਉਸਾਰੀਆਂ ਵੀ ਕਰਵਾਈਆਂ। ਉਨਾਂ ਨੇ ਜੋ ਰਾਮਗੜ੍ਹੀਆ ਬੁੰਗਾ ਬਣਵਾਇਆ, ਉਹ ਉਨ੍ਹਾਂ ਦੀ ਸਿੱਖੀ ਪ੍ਰਤੀ ਸ਼ਰਧਾ ਅਤੇ ਨਿਮਰਤਾ ਦੀ ਅੱਜ ਵੀ ਮਿਸਾਲ ਬਣਦਾ ਹੈ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ 5 ਮਈ 1723 ਨੂੰ ਪਿਤਾ ਭਗਵਾਨ ਦਾਸ ਜੀ ਦੇ ਘਰੇ ਮਾਤਾ ਗੰਗਾ ਜੀ ਦੇ ਕੁੱਖੋਂ ਪਿੰਡ ਈਚੋਗਿਲ ਮੌਜੂਦਾ ਸਮੇਂ ਪਾਕਿਸਤਾਨ ਵਿਖੇ ਹੋਇਆ। ਪੰਜ ਭਰਾਵਾਂ ਵਿਚੋਂ ਸ. ਜੱਸਾ ਸਿੰਘ ਸਭ ਤੋਂ ਵੱਡੇ ਸਨ। ਸ. ਜੱਸਾ ਸਿੰਘ ਨੇ ਮੱੁਢਲੀ ਵਿੱਦਿਆ ਅਪਣੇ ਪਿਤਾ ਕੋਲੋਂ ਹੀ ਪ੍ਰਾਪਤ ਕੀਤੀ ਅਤੇ ਅਪਣੇ ਹੀ ਪਿੰਡ ਦੇ ਸ. ਗੁਰਦਿਆਲ ਸਿੰਘ ਕੋਲੋਂ ਅੰਮਿ੍ਰਤਪਾਨ ਕੀਤਾ। ਅਪਣੇ ਪਿਤਾ ਦੀ ਦੇਖ ਰੇਖ ਵਿੱਚ ਹੀ ਉਹ ਦਿਨਾਂ ਵਿੱਚ ਹੀ ਉੱਚੇ ਲੰਮੇ ਕੱਦ, ਚੌੜਾ ਮੱਥਾ, ਚੌੜੀ ਛਾਤੀ, ਖੁਲ੍ਹੀ ਦਾੜ੍ਹੀ ਅਤੇ ਰੋਹਬਦਾਰ ਚਿਹਰੇ ਵਾਲੇ ਗੱਭਰੂ ਬਣੇ। ਉਨ੍ਹਾਂ ਦੇ ਦਾਦਾ ਸ. ਹਰਦਾਸ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਰਹਿੰਦੇ ਰਹੇ ਸਨ ਤੇ ਯੁੱਧ ਦੇ ਹਥਿਆਰ ਬੰਦੂਕਾਂ, ਤਲਵਾਰਾਂ, ਭਾਲੇ ਆਦਿ ਬਣਾਉਂਦੇ ਹੁੰਦੇ ਸਨ, ਜਿਨ੍ਹਾਂ ਨੂੰ ਚਲਾਉਣ ਵਿੱਚ ਉਹ ਆਪ ਵੀ ਮਾਹਰ ਸਨ। ਗੁਰੂ ਜੀ ਕੋਲ ਜੋ ਨਾਗਣੀ ਹੁੰਦੀ ਸੀ ਉਹ ਸ. ਹਰਦਾਸ ਸਿੰਘ ਨੇ ਹੀ ਤਿਆਰ ਕੀਤੀ ਸੀ। ਉਨ੍ਹਾਂ ਨੂੰ ਗੁਰੂ ਜੀ ਦੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿੱਚ ਸ਼ਾਮਲ ਹੋਣ ਦਾ ਮਾਣ ਮਿਲਿਆ ਸੀ। ਸੰਨ 1710 ਈ. ਵਿੱਚ ਉਹ ਦੋ ਹਜ਼ਾਰ ਸਿਪਾਹੀਆਂ ਨਾਲ ਬਜਵਾੜੇ ਵਿੱਚ ਦਲੇਰ ਖਾਂ ਨਾਲ ਲੜਦਿਆਂ ਸਖ਼ਤ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਹੀ ਅਪਣੇ ਪੁੱਤਰ ਸ. ਭਗਵਾਨ ਸਿੰਘ ਨੂੰ ਹਥਿਆਰ ਬਣਾਉਣ ਅਤੇ ਚਲਾਉਣ ਦੀ ਕਲਾ ਸਿਖਾਈ, ਜੋ ਅੱਗੇ ਗਿਆਨੀ ਭਗਵਾਨ ਸਿੰਘ ਨੇ ਅਪਣੇ ਪੁੱਤਰ ਜੱਸਾ ਸਿੰਘ ਨੂੰ ਵੀ ਸਿਖਾਈ। ਸ. ਭਗਵਾਨ ਸਿੰਘ ਬਾਅਦ ਵਿੱਚ 1738 ਈ. ਵਿੱਚ ਵਜ਼ੀਰਾਬਾਦ ਵਿਖੇ ਨਾਦਰ ਸ਼ਾਹ ਵਿਰੱੁਧ ਲੜੀ ਗਈ ਭਿਅੰਕਰ ਲੜਾਈ ਵਿੱਚ ਸਖ਼ਤ ਜ਼ਖ਼ਮੀ ਹੋ ਕੇ ਬਾਅਦ ਵਿੱਚ ਸ਼ਹੀਦੀ ਪਾ ਗਏ ਸਨ। ਇਸ ਲੜਾਈ ਦੇ ਸਮੇਂ ਸ. ਜੱਸਾ ਸਿੰਘ ਦੀ ਉਮਰ ਮਹਿਜ਼ 15 ਸਾਲ ਦੀ ਹੀ ਸੀ। ਇਸ ਤਰ੍ਹਾਂ ਸ. ਜੱਸਾ ਸਿੰਘ ਨੂੰ ਬਚਪਨ ਵਿੱਚ ਹੀ ਆਪਣੇ ਪਿਉ ਦਾਦੇ ਤੋਂ ਹੀ ਹਥਿਆਰ ਬਣਾਉਣੇ ਅਤੇ ਚਲਾਉਣੇ ਵਰਗੇ ਗੁਣ ਗੁੜ੍ਹਤੀ ਵਿੱਚ ਹੀ ਮਿਲੇ ਹੋਏ ਸਨ।
ਅਕਤੂਬਰ 1748 ਈ. ਵਿੱਚ ਜਦੋਂ ਦਿਵਾਲੀ ਦੇ ਮੌਕੇ ’ਤੇ ਅੰਮਿ੍ਰਤਸਰ ਵਿੱਚ ਸਰਬੱਤ ਖ਼ਾਲਸਾ ਜੁੜਿਆ ਤਾਂ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਨੇ ਸਿੱਖਾਂ ਨੂੰ ਖਦੇੜਨ ਲਈ ਅੰਮਿ੍ਰਤਸਰ ਉੱਤੇ ਹਮਲਾ ਕਰ ਦਿਤਾ। ਬਹੁਤੇ ਸਿੱਖ ਨੇੜਲੇ ਜੰਗਲ ਵੱਲ ਚਲੇ ਗਏ ਪਰ ਲਗਭਗ 500 ਸਿੱਖਾਂ ਨੇ ਨਵੀਂ ਬਣੀ ਰਾਮ ਰੌਣੀ ਨਾਂਅ ਦੀ ਕੱਚੀ ਗੜ੍ਹੀ ਵਿੱਚ ਸ਼ਰਨ ਲੈ ਲਈ। ਮੁਗ਼ਲ ਸੈਨਾ ਨੇ ਚਾਰ ਮਹੀਨੇ ਘੇਰਾ ਪਾਈ ਰਖਿਆ, ਜਿਸ ਵਿੱਚ ਲਗਭਗ ਦੋ ਸੌ ਸਿੰਘ ਸ਼ਹੀਦ ਹੋ ਗਏ। ਬਾਕੀ ਬਚੇ ਅੰਦਰਲਿਆਂ ਸਿੰਘਾਂ ਨੇ ਸ. ਜੱਸਾ ਸਿੰਘ ਨੂੰ ਮਦਦ ਲਈ ਕਿਹਾ। ਜੱਸਾ ਸਿੰਘ ਨੇ ਅਦੀਨਾ ਬੇਗ ਦੀ ਨੌਕਰੀ ਛੱਡ ਕੇ ਦੀਵਾਨ ਕੌੜਾ ਮੱਲ ਰਾਹੀਂ ਗੜ੍ਹੀ ਦਾ ਘੇਰਾ ਹਟਵਾਇਆ। ਇਸੇ ਤਰਾਂ, ਨਵੰਬਰ, 1753 ਈ. ਵਿੱਚ ਮੀਰ ਮਨੂੰ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਗੜਬੜੀ ਦਾ ਮਾਹੌਲ ਬਣ ਗਿਆ ਸੀ। ਰਾਮ ਰੌਣੀ ਗੜ੍ਹੀ ਨੂੰ ਫਿਰ ਤੋਂ ਉਸਾਰਨ ਦਾ ਕੰਮ ਜੱਸਾ ਸਿੰਘ ਨੂੰ ਸੌਂਪਿਆ ਗਿਆ। ਉਨ੍ਹਾਂ ਨੇ ਗੜ੍ਹੀ ਦਾ ਨਿਰਮਾਣ ਕਰਾ ਕੇ ਉਸ ਦਾ ਨਾਂਅ ‘ਰਾਮਗੜ੍ਹ’ ਰੱਖਿਆ। ਉਸ ਤੋਂ ਬਾਅਦ ਹੀ ‘ਰਾਮਗੜ੍ਹੀਆ’ ਸ਼ਬਦ ਉਨਾਂ ਦੇ ਨਾਂਅ ਮਗਰ ਜੁੜਦਾ ਹੋਇਆ ਉਨਾਂ ਦੀ ਪਛਾਣ ਦਾ ਅਹਿਮ ਹਿੱਸਾ ਬਣਿਆ। ਸੰਨ 1759 ਵਿੱਚ ਅਬਦਾਲੀ ਨੇ ਪਾਣੀਪਤ ਵਿੱਚ ਮਰਾਠਿਆਂ ਨੂੰ ਹਰਾ ਕੇ ਦਿੱਲੀ ਵਿੱਚ ਬਹੁਤ ਬੁਰੀ ਤਰ੍ਹਾਂ ਲੁੱਟ ਮਚਾਈ। ਲੁੱਟ ਦੇ ਨਾਲ-ਨਾਲ ਉਹ ਦੋ ਹਜ਼ਾਰ ਹਿੰਦੂ ਲੜਕੀਆਂ ਨੂੰ ਵੀ ਨਾਲ ਲੈ ਕੇ ਕਾਬਲ ਵਲ ਚੱਲ ਪਿਆ। ਜੱਸਾ ਸਿੰਘ ਰਾਮਗੜ੍ਹੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਨੂੰ ਜਾ ਘੇਰਿਆ। ਉਸ ਤੋਂ ਲੁੱਟ ਦਾ ਮਾਲ ਖੋਹ ਕੇ ਅਤੇ ਲੜਕੀਆਂ ਨੂੰ ਛੁਡਵਾ ਕੇ ਪੂਰੀ ਤਰਾਂ ਮਹਿਫੂਜ਼ ਉਨ੍ਹਾਂ ਦੇ ਘਰੋਂ ਘਰੀ ਪਹੁੰਚਾਇਆ। ਇਸੇ ਤਰ੍ਹਾਂ 1761 ਵਿੱਚ ਕਸੂਰ ਦੇ ਐਸ਼ਪ੍ਰਸਤ ਜਮਾਲ ਖ਼ਾਂ ਤੇ ਹੁਸੈਨ ਖਾਂ ਨਵਾਬਾਂ ਨੇ ਜਦੋਂ ਬ੍ਰਾਹਮਣਾਂ ਤੇ ਖੱਤਰੀਆਂ ਦੀਆਂ ਲੜਕੀਆਂ ਨੂੰ ਉਧਾਲ ਕੇ ਮਹਿਲਾਂ ਵਿੱਚ ਲੈ ਗਏ ਤਾਂ ਉਨ੍ਹਾਂ ਦੇ ਦੁਖੀ ਮਾਪਿਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਚੱਲ ਰਹੇ ਦੀਵਾਨ ਵਿੱਚ ਜਾ ਫ਼ਰਿਆਦ ਕੀਤੀ। ਜੱਸਾ ਸਿੰਘ ਰਾਮਗੜ੍ਹੀਆ ਇਹ ਸੁਣ ਕੇ ਹਰਕਤ ਵਿੱਚ ਆ ਗਏ ਅਤੇ ਉਨ੍ਹਾਂ ਤੁਰੰਤ ਕਸੂਰ ਨੂੰ ਜਾ ਘੇਰਿਆ। ਲੜਕੀਆਂ ਨੂੰ ਛੁਡਵਾ ਕੇ ਘਰੋਂ ਘਰੀ ਪਹੁੰਚਾਇਆ ਅਤੇ ਕਸੂਰ ਉੱਤੇ ਕਬਜ਼ਾ ਕਰ ਲਿਆ ਜੋ ਓਸ ਸਮੇਂ ਪਠਾਣਾਂ ਦਾ ਸੱਭ ਤੋਂ ਵੱਡਾ ਥੰਮ ਮੰਨਿਆ ਜਾਂਦਾ ਇਲਾਕਾ ਸੀ।
ਸੰਨ 1762 ਵਿੱਚ ਜਦੋਂ ਮੁਗ਼ਲ ਫ਼ੌਜਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਅਤੇ ਸਰੋਵਰ ਨੂੰ ਮਿੱਟੀ ਨਾਲ ਪੂਰਨ ਦੀ ਹਿਮਾਕਤ ਕੀਤੀ ਤਾਂ ਇਹ ਸਿੱਖਾਂ ਨੂੰ ਸਿੱਧੀ ਵੰਗਾਰ ਸੀ। ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਹਿਮਾਕਤ ਦਾ ਬਦਲਾ ਲੈਣ ਲਈ 60 ਹਜ਼ਾਰ ਸਿੱਖ ਇਕੱਤਰ ਕਰ ਲਏ ਤਾਂ ਅਬਦਾਲੀ ਨੂੰ ਇਸ ਦਾ ਪਤਾ ਗੱਲ ਗਿਆ। ਉਸ ਨੇ ਤੁਰੰਤ ਹਮਲਾ ਕਰ ਦਿੱਤਾ ਪਰ ਜੱਸਾ ਸਿੰਘ ਰਾਮਗੜ੍ਹੀਆ ਦੀ ਤਾਕਤ ਅੱਗੇ ਉਸ ਨੂੰ ਮੂੰਹ ਦੀ ਖਾਣੀ ਪਈ ਸੀ। ਅਬਦਾਲੀ ਲਾਹੌਰ ਛੱਡ ਕੇ ਕਾਬਲ ਚਲਾ ਗਿਆ। ਸਿੱਖਾਂ ਨੇ ਪਿੱਛੋਂ ਮਾਲਵੇ ਤੇ ਦੁਆਬੇ ਸਮੇਤ ਸਰਹੰਦ ਤੇ ਵੀ ਕਬਜ਼ਾ ਕਰ ਲਿਆ। ਅਬਦਾਲੀ ਨੇ ਫਿਰ ਗੁੱਸਾ ਖਾ ਕੇ ਸੰਨ 1764 ਵਿੱਚ ਸਿੱਖਾਂ ਨੂੰ ਖ਼ਤਮ ਕਰਨ ਲਈ ਹਮਲਾ ਕਰ ਦਿਤਾ। ਸਿੱਖ ਅਪਣੇ ਪੈਂਤੜੇ ਅਨੁਸਾਰ ਜੰਗਲਾਂ ਵਿੱਚ ਜਾ ਛਿਪੇ ਅਤੇ ਗ਼ੁਰੀਲਾ ਯੁੱਧ ਕਰਦੇ ਰਹੇ। ਅਬਦਾਲੀ ਦੇ ਵਾਪਸ ਮੁੜ ਜਾਣ ਤੇ ਸਿੱਖਾਂ ਨੇ ਲਾਹੌਰ ‘ਤੇ ਮੁੜ ਕਬਜ਼ਾ ਕਰ ਲਿਆ। ਇਸ ਤਰਾਂ ਸਤਲੁਜ ਤੋਂ ਅਟਕ ਤਕ ਸਿੱਖਾਂ ਦਾ ਕਬਜ਼ਾ ਹੋ ਗਿਆ ਸੀ। ਅਬਦਾਲੀ ਨੂੰ ਇਸ ਦੀ ਖ਼ਬਰ ਲੱਗੀ ਤਾਂ ਉਸ ਨੇ ਸੰਨ 1767 ਵਿੱਚ ਫਿਰ ਪੰਜਾਬ ‘ਤੇ ਹਮਲਾ ਬੋਲ ਦਿਤਾ ਪਰ ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਨੂੰ ਘੇਰ ਲਿਆ ਅਤੇ ਅਬਦਾਲੀ ਫਿਰ ਭੱਜ ਗਿਆ। ਇਸ ਜੰਗ ਵਿੱਚ ਜੱਸਾ ਸਿੰਘ ਆਹਲੂਵਾਲੀਆ ਸਖ਼ਤ ਜ਼ਖ਼ਮੀ ਹੋ ਗਏ ਸਨ। ਇਸ ਮੌਕੇ ਜੱਸਾ ਸਿੰਘ ਰਾਮਗੜ੍ਹੀਆ ਨੇ ਸਿੱਖ ਸੰਘਰਸ਼ ਦੀ ਪੂਰੀ ਤਰ੍ਹਾਂ ਕਮਾਨ ਸੰਭਾਲ ਲਈ ਅਤੇ ਉਨਾਂ ਦੀ ਚੜ੍ਹਤ ਵੇਖ ਕੇ ਗੁਆਂਢੀ ਰਾਜੇ ਅਤੇ ਕੁੱਝ ਮਿਸਲਾਂ ਦੇ ਸਰਦਾਰ ਅੰਦਰੋਂ ਅੰਦਰੀ ਈਰਖਾ ਖਾਣ ਲੱਗ ਪਏ ਸਨ ਪਰ ਜੱਸਾ ਸਿੰਘ ਕਾਮਯਾਬੀ ਦੀਆਂ ਪੌੜੀਆਂ ਲਗਾਤਾਰ ਚੜ੍ਹਦੇ ਹੋਏ ਇੱਕ ਮਜ਼ਬੂਤ ਆਗੂ ਵਜੋਂ ਸਥਾਪਤ ਹੋਏ।
ਸ.ਜੱਸਾ ਸਿੰਘ ਰਾਮਗੜ੍ਹੀਆ ਦੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਇਤਿਹਾਸਕ ਘਟਨਾ 11 ਮਾਰਚ, 1783 ਨਾਲ ਜੁੜੀ ਹੋਈ ਹੈ ਜਿਸ ਨੂੰ ਦਿੱਲੀ ਫਤਹਿ ਦਿਵਸ ਵਜੋਂ ਅੱਜ ਵੀ ਮਾਣ ਨਾਲ ਚੇਤੇ ਕੀਤਾ ਜਾਂਦਾ ਹੈ। ਸੰਨ 1783 ਨੂੰ ਸਿੱਖ ਫ਼ੌਜਾਂ ਨੇ ਦਿੱਲੀ ‘ਤੇ ਇੱਕ ਪਾਸਿਉਂ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਅਪਣੀਆਂ ਫ਼ੌਜਾਂ ਨਾਲ ਅਤੇ ਦੂਸਰੇ ਪਾਸੇ ਤੋਂ ਸ. ਜੱਸਾ ਸਿੰਘ ਆਹਲੂਵਾਲੀਆ ਤੇ ਸ. ਬਘੇਲ ਸਿੰਘ ਵੀ ਅਪਣੀਆਂ ਫ਼ੌਜਾਂ ਸਮੇਤ ਪਹੁੰਚ ਗਏ। ਸਾਰੀਆਂ ਸਿੱਖ ਫ਼ੌਜਾਂ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖ਼ਲ ਹੋ ਕੇ ਕਿਲ੍ਹੇ ’ਤੇ ਕਬਜ਼ਾ ਕਰ ਕੇ ਦਿੱਲੀ ਦੀ ਹਿੱਕ ਉੱਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਸਿੱਖਾਂ ਦੀਆਂ ਜਿੱਤਾਂ ਦੇ ਝੰਡੇ ਗੱਡ ਦਿੱਤੇ। ਇਸ ਦੇ ਨਾਲ ਹੀ ਇੱਕ ਹੋਰ ਬਹੁਤ ਮਹੱਤਵਪੂਰਨ ਘਟਨਾ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ। ਦਿੱਲੀ ਤੋਂ ਵਾਪਸ ਆਉਂਦਿਆਂ ਮੁਗ਼ਲਾਂ ਦੇ ਤੋਪਖਾਨੇ ਦੀਆਂ ਚਾਰ ਬੰਦੂਕਾਂ ਅਤੇ ਮੁਗ਼ਲਾਂ ਦੀ ਤਾਜਪੋਸ਼ੀ ਵਾਲੀ ਰੰਗ ਬਰੰਗੇ ਪੱਥਰ ਦੀ ਇੱਕ ਸੁੰਦਰ ਸਿੱਲ੍ਹ, ਜਿਸ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਆਪਣੇ ਨਾਲ ਅੰਮਿ੍ਰਤਸਰ ਸਾਹਿਬ ਲੈ ਆਏ ਸਨ। ਇਹ 6 ਫੁੱਟ ਲੰਮੀ, 4 ਫ਼ੁੱਟ ਚੌੜੀ ਤੇ 9 ਇੰਚ ਮੋਟੀ ਸਿੱਲ ਇਸ ਸਮੇਂ ਰਾਮਗੜ੍ਹੀਏ ਬੁੰਗੇ ‘ਚ ਮੌਜੂਦ ਹੈ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਉਨ੍ਹਾਂ ਦੀ ਮਿਸਲ ਤੋਂ ਵਿਦੇਸ਼ੀ ਵਿਦਵਾਨ ਵੀ ਪ੍ਰਭਾਵਤ ਹੋਏ ਸਨ। ਉਨ੍ਹਾਂ ਨੇ ਵੀ ਇਸ ਬਾਰੇ ਲਿਖਿਆ। ਜੇ.ਡੀ. ਕੰਨਿਘਮ ਲਿਖਦਾ ਹੈ ਕਿ ਮਾਝੇ ਵਿੱਚ ਪਹਿਲੋਂ ਤਾਕਤ ਫੜਨ ਵਾਲੇ ਰਾਮਗੜ੍ਹੀਏ ਸਨ। ਸਰ ਲੈਪਲ ਗਰਿਫ਼ਨ ਲਿਖਦਾ ਹੈ ਕਿ ਸਿੱਖ ਮਿਸਲਾਂ ’ਚੋਂ ਰਾਮਗੜ੍ਹੀਆ ਮਿਸਲ ਸਭ ਤੋਂ ਤਾਕਤ ਵਾਲੀ ਸੀ।
ਜੱਸਾ ਸਿੰਘ ਰਾਮਗੜ੍ਹੀਆ ਸਿੱਖੀ ਕਾਰਜ ਲਈ ਉਮਰ ਭਰ ਇੱਕ ਦਿਨ ਵੀ ਚੈਨ ਨਾਲ ਨਹੀਂ ਬੈਠੇ ਅਤੇ ਇੰਜ ਦਿਨ ਰਾਤ ਸੰਘਰਸ਼ ਵਿੱਚ ਰਹਿੰਦਿਆਂ 8 ਅਗਸਤ 1803 ਨੂੰ 80 ਸਾਲ ਦੀ ਉਮਰ ਹੰਢਾਉਂਦਿਆਂ ਅਪਣੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ ਵਿਖੇ ਅਕਾਲ ਚਲਾਣਾ ਕਰ ਗਏ ਸਨ। ਅੱਜ ਦੇ ਸਮੇਂ ਦੀ ਇਹ ਬਹੁਤ ਵੱਡੀ ਲੋੜ ਹੈ ਕਿ ਪੰਜਾਬ ਦੀ ਧਰਤੀ ਦੇ ਜਾਏ ਮਹਾਨ ਯੋਧਿਆਂ ਦੀਆਂ ਸਿੱਖੀ ਸਿਧਾਂਤਾਂ ’ਤੇ ਚੱਲਦਿਆਂ ਪਾਈਆਂ ਪੈੜਾਂ ਦੇ ਨਿਸ਼ਾਨ ਪਛਾਣੀਏ ਅਤੇ ਕੋਸ਼ਿਸ਼ ਕਰੀਏ ਕਿ ਜ਼ਿਆਦਾ ਨਹੀਂ ਤਾਂ ਥੋੜ੍ਹਾ ਹੀ ਸਹੀ ਪਰ ਕੱੁਝ ਤਾਂ ਉਨਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਅੱਗੇ ਆਉਣ ਵਾਲੀ ਪੀੜ੍ਹੀ ਦੇ ਹਿੱਸੇ ਅਪਣੇ ਇਤਿਹਾਸ ਦੀਆਂ ਮਹਾਨ ਪ੍ਰਾਪਤੀਆਂ ਦਾ ਮਾਣ ਝੋਲੀ ਪਾਈਏ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਜ਼ਿੰਦਗੀ ਦੀਆਂ ਮਹਾਨ ਪ੍ਰਾਪਤੀਆਂ ਦਾ ਵੇਰਵਾ ਲਿਖਣ ਲੱਗਿਆਂ ਕੱੁਝ ਵਰਕਿਆਂ, ਦਸਤਾਵੇਜ਼ਾਂ, ਲੇਖਾਂ, ਰਚਨਾਵਾਂ ਜਾਂ ਇੱਕ ਸੰਪੂਰਨ ਕਿਤਾਬ ਵਿੱਚ ਵੀ ਨਹੀਂ ਸਮੇਟਿਆ ਜਾ ਸਕਦਾ ਸਗੋਂ ਇਹ ਤਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਚਮਕਦਾ ਹੋਇਆ ਆਉਣ ਵਾਲੀਆਂ ਨਸਲਾਂ ਲਈ ਹਮੇਸ਼ਾ ਹੀ ਪ੍ਰੇਰਨਾ ਸਰੋਤ ਬਣਿਆ ਰਹਿਣ ਵਾਲਾ ਜੀਵਨ ਹੈ।
ਸਿੱਖ ਇਤਿਹਾਸ ਦੇ ਮਹਾਨ ਜਰਨੈਲ- ਸ. ਜੱਸਾ ਸਿੰਘ ਰਾਮਗੜ੍ਹੀਆ
Published:






