7.3 C
New York

ਜੱਟ ਬਾਣੀਏ ਬਣਾ ’ਤੇ ਸਰਕਾਰੇ, ਘਰੋਂ ਘਰੀਂ ਦੁੱਧ ਵਿਕਦਾ

Published:

Rate this post

ਵੈਸੇ ਤਾਂ ਇਹ ਇੱਕ ਉਲਾਂਭਾ ਹੀ ਹੈ, ਪਰ ਸੱਚ ਵੀ ਉਲਾਂਭਿਆਂ ਦੀ ਆੜ ਵਿੱਚੋਂ ਨਿਕਲਦਾ ਏ। ਜੇਕਰ ਕਿਸੇ ਪੁਰਾਣੀ ਬਜ਼ੁਰਗ ਮਾਤਾ ਕੋਲੋਂ ਪੁੱਛਿਆ ਜਾਵੇ ਤਾਂ ਪਹਿਲੇ ਵੇਲਿਆਂ ਵਿੱਚ ਦੁੱਧ ਵੇਚਣਾਪਾਪ ਮੰਨਦੇ ਸੀ। ਫਿਰ ਇਸ ਨੂੰ ਤਰੱਕੀ ਸਮਝੋ ਜਾਂ ਪੈਸੇ ਦੀ ਦੌੜ, ਆਮ ਜ਼ਰੂਰਤਾਂ ਨੇ ਦੁੱਧ ਦਾ ਵਪਾਰ ਸ਼ੁਰੂ ਕਰਵਾ ਦਿੱਤਾ। ਇਸ ਨਾਲ ਜਿੱਥੇ ਘਰੇਲੂ ਔਰਤਾਂ ਦੇ ਹੱਥ ਪੈਸੇ ਦਾ ਆਉਣਾ ਸ਼ੁਰੂ ਹੋਇਆ,ਉੱਥੇ ਹੀ ਦੁੱਧ ਢੋਣ ਵਾਲੇ ਦੋਧੀਆਂ ਦੀ ਵੀ ਚਾਂਦੀ ਬਣ ਗਈ। ਪਹਿਲਾਂ ਸਾਈਕਲਾਂ ਉੱਤੇ ਅਤੇ ਫਿਰ ਸਾਈਕਲਾਂ ਤੋਂ ਮੋਟਰਸਾਈਕਲ ਆ ਗਏ। ਵੈਸੇ ਤਾਂ ਬਹੁਤੇ ਪਿੰਡਾਂ ਵਿੱਚ ਡੇਅਰੀਆਂ ਖੁੱਲ ਗਈਆਂ, ਜਿੱਥੇ ਆਥਣ ਸਵੇਰ ਮੁੰਡਿਆਂ ਦੀ ਢਾਣੀ ਵੀ ਜੁੜ ਜਾਂਦੀ। ਪਰ ਆਪਾਂ ਗੱਲ ਕਰਦੇ ਹਾਂਦੋਧੀਆਂ ਦੀ, ਜਿਹੜੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਦੇ ਅਤੇ ਸ਼ਹਿਰ ਜਾ ਹੋਰ ਲੋੜਵੰਦਾਂ ਨੂੰ ਵੇਚਦੇ।

ਪੰਜਾਬੀਆਂ, ਖਾਸ ਕਰਕੇ ਪਿੰਡਾਂ ਦੇ ਲੋਕਾਂ, ਦੀ ਇਹ ਫਿਤਰਤ ਹੈ ਕਿ ਕੰਮ ਧੰਦਾ ਕੋਈ ਵੀ ਹੋਵੇ ਉਸ ਵਿੱਚੋਂ ਕਿੱਸੇ, ਕਹਾਣੀਆਂ, ਹਾਸੇ ਮਖੌਲ ਕੱਢਣੇ ਹੀ ਹੁੰਦੇ ਹਨ। ਇਵੇਂ ਬਿੱਲੂ ਦੋਧੀ ਸੀ। ਬਿੱਲੂ ਕੋਲ ਰਾਜਦੂਤ ਮੋਟਰਸਾਈਕਲ ਹੁੰਦਾ ਸੀ, ਜਿਸ ਪਿੱਛੇ ਦੋਵੇਂ ਪਾਸੇ ਦੋ ਢੋਲ ਅਤੇ ਉੱਪਰ ਕੁੰਡੇ ਲਾ ਕੇ ਡਰੰਮੀਆਂ ਲਟਕਾਈਆਂ ਹੁੰਦੀਆਂ ਸੀ। ਕਿਸੇ ਦੇ ਵਿਆਹ ਜਾਂ ਸੋਗ ਵਿੱਚ ਉਹ ਹਮੇਸ਼ਾ ਸ਼ਰੀਕ ਹੁੰਦਾ ਸੀ। ਦੁੱਧ ਦੀ ਜ਼ਰੂਰਤ ਹੁੰਦੀ ਸੀ ਤਾਂ ਉਸ ਨੂੰ ਸੁਨੇਹਾ ਦੇ ਦਿੱਤਾ ਜਾਂਦਾ ਸੀ। ਮਿੱਥੇ ਸਮੇਂ ’ਤੇ ਉਸ ਦੇ ਰਾਜਦੂਤ ਮੋਟਰਸਾਈਕਲ ਦਾ ਸਟੈਂਡ ਅਗਲੇ ਦੇ ਘਰ ਅੱਗੇ ਟੇਢਾ ਲੱਗਿਆ ਹੁੰਦਾ।

ਵੈਸੇ ਕਹਿੰਦੇ ਹਾਂ ਕਿ ਦੁਕਾਨਦਾਰੀ ਨਰਮ ਬੰਦੇ ਦੇ ਵੱਸ ਦੀ ਹੁੰਦੀ ਐ, ਪਰ ਬਿੱਲੂ ਅਤੇ ਨਿਮਰਤਾ? ਨੇੜੇ ਤੇੜੇ ਵੀ ਨਹੀਂ ਸੀ। ਬੁੜੀਆਂ ਨੇ ਉਹਦਾ ਨਾਮ ਹੀ ਵੱਢ ਖਾਣਾ ਰੱਖਿਆ ਹੋਇਆ ਸੀ। ਕੌੜਾ ਇੰਨਾ ਬੋਲਦਾ ਸੀ ਕਿ ਕੋਈ ਇੱਕ ਸਵਾਲ ਕਰਕੇ ਦੂਜਾ ਨਹੀਂ ਸੀ ਕਰਦਾ। ਦੁੱਧ ਵੇਚਣ ਵੇਲੇ ਮਿਣਤੀ ਲਈ ਹੋਰ ਕੱਪ ਹੁੰਦਾ ਅਤੇ ਖਰੀਦ ਵੇਲੇ ਮਿਣਤੀ ਲਈ ਹੋਰ।

ਮੂੰਹ ਦਾ ਕੌੜਾ ਸੀ ਪਰ ਫਿਰ ਵੀ ਉਹਦੀ ਦੁਕਾਨਦਾਰੀ ਵਧੀਆ ਚੱਲਦੀ ਸੀ। ਕਾਰਨ ਇਹ ਸੀ ਕਿ ਦੁੱਧ ਵੇਚਣ ਵਾਲੇ ਪਰਿਵਾਰਾਂ ਨੂੰ ਪੈਸੇ ਵਕਤ ਸਿਰ ਦਿੰਦਾ ਸੀ ਅਤੇ ਦੁੱਧ ਲੈਣ ਵਾਲੇ ਪਰਿਵਾਰਾਂ ਤੋਂ ਪੈਸੇ ਲੈਣ ਲਈ ਗਲ ‘ਗੂਠਾ ਨਹੀਂ ਸੀ ਦਿੰਦਾ। ਦੂਜੀ ਗੱਲ ਇਹ ਸੀ ਕਿ ਪੇਂਡੂ ਪਰਿਵਾਰਾਂਨੂੰ ਹਮੇਸ਼ਾ ਦੁਧਾਰੂ ਪਸ਼ੂਆਂ ਦੀ ਜ਼ਰੂਰਤ ਹੁੰਦੀ ਹੈ। ਪੈਸੇ ਦਾ ਆਉਣ ਜਾਣ ਹਾੜੀ ਸੌਣੀ ’ਤੇ ਨਿਰਭਰ ਕਰਦਾ ਹੁੰਦਾ ਏ। ਬਿੱਲੂ ਮੱਝਾਂ ਲੈਣ ਲਈ ਅਗਾਊਂ ਪੈਸੇ ਵੀ ਦੇ ਦਿੰਦਾ ਸੀ। ਕੁੱਲ ਮਿਲਾ ਕੇ ਪੈਸਾ ਉਸ ਦੇ ਕੌੜੇ ਸੁਭਾਅ ’ਤੇ ਪਰਦਾ ਪਾ ਦਿੰਦਾ ਸੀ।

ਬਿੱਲੂ ਦੇ ਮਿਣਤੀ ਵਿੱਚ ਹੇਰਾ ਫੇਰੀ ਕਰਨ ਦਾ ਸ਼ੱਕ ਸਭ ਤੋਂ ਪਹਿਲਾਂ ਦਲੀਪ ਬਾਬੇ ਹੁਣਾਂ ਨੂੰ ਹੋਇਆ ਕਿ ਬਿੱਲੂ ਜਿਹੜੇ ਕੱਪ ਨਾਲ ਦੁੱਧ ਲੈਣ ਲੱਗਿਆ ਮਿਣਤੀ ਕਰਦੈ, ਉਸ ਨਾਲ ਜ਼ਰੂਰ ਛੇੜਛਾੜ ਹੋਈ ਹੈ। ਗੱਲ ਭਾਵੇਂ ਸੱਚ ਸੀ ਪਰ ਬਿਨਾਂ ਪਤਾ ਕੀਤੇ ਉਹ ਬਿੱਲੂ ਨੂੰ ਦੋਸ਼ੀ ਨਹੀਂ ਸੀ ਠਹਿਰਾ ਸਕਦੇ। ਸ਼ੱਕ ਜਦੋਂ ਵਧਦਾ ਜਾਵੇ ਤਾਂ ਔਖਾ ਕਰਨ ਲੱਗ ਜਾਂਦਾ ਏ। ਇੱਕ ਦਿਨ ਬਾਬੇ ਹੁਣਾਂ ਨੇ ਬਿੱਲੂ ਦੇ ਕੱਪ ਉੱਤੇ ਸਵਾਲ ਚੁੱਕ ਦਿੱਤਾ। ਹੱਥ ਵਿੱਚ ਕੱਪ ਫੜੀ ਮੰਜੇ ’ਤੇ ਬੈਠੇ ਬਿੱਲੂ ’ਤੇ ਰੇਡ ਪੈ ਗਈ ਸੀ। ਦਿਮਾਗ ਦਾ ਤੇਜ਼ ਬਿੱਲੂ ਵੀ ਸਮਝ ਚੁੱਕਿਆ ਸੀ ਕਿ ਬਿਨਾਂ ਆਪਾ ਸੰਭਾਲੇ ਸਾਹਮਣੀ ਧਿਰ ਦੇ ਵਾਰ ਨੂੰ ਸੰਭਾਲਣਾ ਔਖਾ ਹੋਊਂਗਾ।

‘‘ਬਿੱਲੂਆ ਤੇਰੇ ਮਿਣਤੀ ਕਰਨ ਦੇ ਤਰੀਕੇ ’ਚ ਫਰਕ ਐ ਬਈ। ਤੂੰ ਕੱਪ ਨਾਲ ਛੇੜਛਾੜ ਕੀਤੀ ਹੋਈ ਹੈ। ਸਾਨੂੰ ਲੱਗਦੈ ਤੇਰੇ ਕੱਪ ’ਚ ਦੁੱਧ ਵੱਧ ਚਲਿਆ ਜਾਂਦੈ।’’ ਦਲੀਪ ਬਾਬਾ ਤੇ ਬੇਬੇ ਸਾਹਮਣੇ ਆ ਖੜੇ। ਹੱਥ ਵਿੱਚ ਫੜੇ ਕੱਪ ਨੂੰ ਹੇਠਲੇ ਪਾਸਿਓਂ ਪੂਰੇ ਜ਼ੋਰ ਨਾਲ ਪਾਵੇ ’ਤੇ ਮਾਰ ਕੇ ਬਿੱਲੂ ਬੈਠਾ ਹੀ ਪੂਰੇ ਗੁੱਸੇ ’ਚ ਬੋਲਿਆ ‘‘ਕਿਹੜਾ ਕੰਜਰ ਕਹਿੰਦੈ ਬਾਬਾ? ਤੂੰ ਸਾਬਤ ਕਰਦੇ ਮੈਂ ਦੁੱਧ ਦਾ ਕੰਮ ਛੱਡ ਦੂੰ।’’ ਅਸਲ ਵਿੱਚ ਬਿੱਲੂ ਨੇ ਕੱਪ ਅੰਦਰਲੇ ਪਾਸਿਓਂ ਕੁੱਟ ਕੇ ਡੂੰਘਾ ਕੀਤਾ ਹੋਇਆ ਸੀ ਅਤੇ ਪਾਵੇ ’ਤੇ ਮਾਰਨ ਨਾਲ ਜਿੰਨਾ ਕੱਪ ਡੂੰਘਾ ਕੀਤਾ ਸੀ ਉਹ ਹੇਠਲੇ ਪਾਸੇ ਤੋਂ ਅੰਦਰ ਵੱਲ ਨੂੰ ਹੋ ਗਿਆ। ਜਦੋਂ ਦੂਜਾ ਕੱਪ ਲੈ ਕੇ ਮਿਣਤੀ ਕੀਤੀ ਤਾਂ ਦੁੱਧ ਵਧ ਗਿਆ। ਬਿੱਲੂ ਸ਼ੇਰ ਵਾਂਗ ਉੱਠ ਕੇ ਖੜਾ ਹੋ ਗਿਆ ‘‘ਲੈ ਦੱਸੋ, ਹੁਣ ਕੱਪ ਵਟਾ ਲਈਏ? ਥੋਡੇ ਆਲੇ ’ਚ ਵੱਧ ਪੈਂਦੈ, ਇਹ ਮੈਨੂੰ ਦੇ ਦਿਓ, ਮੈਂ ਤਾਂ ਘਾਟਾ ਖਾਈ ਜਾਨਾਂ। ਦੇਖ ਲਓ ਬਜ਼ੁਰਗੋ ਜੇ ਪੁੱਗਦੈ ਪਾਓ, ਨਹੀਂ ਪੁੱਗਦਾ ਹੋਰ ਲੱਭ ਲਵੋ, ਜਿਹੜਾ ਪੈਸੇ ਵੀ ਪਹਿਲਾਂ ਦੇਵੇ ਤੇ ਥੋਡੀਆਂ ਖਰੀਆਂ ਖੋਟੀਆਂ ਵੀ ਸੁਣੇ।’’ ਬਿੱਲੂ ਹਰ ਪਾਸਿਉਂ ਅੱਗਾ ਮੱਲ ਖਲੋਤਾ। ਬਾਬੇ ਹੋਣਾ ਕੋਲ ਕੋਈ ਸਬੂਤ ਨਹੀਂ ਸੀ, ਜਿਸ ਨਾਲ ਉਹ ਬਿੱਲੂ ਨੂੰ ਝੂਠਾ ਸਾਬਤ ਕਰ ਸਕਦੇ।

ਬਿੱਲੂ ਦੀਆਂ ਗੱਲਾਂ ਦੀ ਭਾਫ਼ ਕਿੱਥੋਂ ਨਿੱਕਲਣੀ ਸੀ? ਉਹਦਾ ਇੱਕੋ ਇੱਕ ਲੰਗੋਟੀਆ ਯਾਰ ਸੀ ਭੀਰਾ। ਕੌੜਾ ਅੱਕ ਬਿੱਲੂ ਜਦ ਭੀਰੇ ਨਾਲ ਗੱਲ ਕਰਦਾ ਸੀ ਤਾਂਨਿਰਾ ਖੰਡ ਹੁੰਦਾ ਸੀ। ਭੀਰੇ ਨੂੰ ਲੋਕ ਮਖੌਲ ਕਰਦੇ ਸੀ ਕਿ ਬਿੱਲੂ ਘਰਵਾਲੀ ਨੂੰ ਇੰਨਾ ਮਿੱਠਾ ਨਹੀਂ ਬੋਲਦਾ ਹੋਣਾ, ਜਿੰਨਾ ਭੀਰੇ ਨੂੰ ਬੋਲਦੈ। ਦੋਹਾਂ ਦੀ ਯਾਰੀ ਦੋਸਤੀ ਨਾਲੋਂ ਪਿਆਲੇ ਦੀ ਸਾਂਝ ਪੱਕੀ ਸੀ। ਬਿੱਲੂ ਪੈਸੇ ਬਚਾਉਣ ਦਾ ਮਾਹਿਰ ਅਤੇ ਭੀਰਾ ਸਕੀਮ ਲਾਉਣ ਦਾ। ਠੇਕੇ ਉੱਤੇ ਬੈਠਿਆਂ ਦੋਹਾਂ ਦੇ ਕਦੇ ਕਦਾਈਂ ਕੋਈ ਅੜਿੱਕੇ ਆ ਜਾਂਦਾ ਤਾਂ ਸਕੀਮ ਕੰਮ ਕਰ ਜਾਂਦੀ। ਅਧੀਏ ਪਊਏ ਦੇ ਰੇਟ ਨੂੰ ਤਕਸੀਮ ਕਰਦੇ ਦੋਵੇਂ ਜਾਣੇ ਸਾਹਮਣੇ ਵਾਲੇ ਨੂੰ ਸਾਂਝੀ ਬੋਤਲ ’ਤੇ ਮਨਾ ਲੈਂਦੇ।

‘‘ਦੇਖ ਸੱਜਣਾ ਅਸੀਂ ਅਧੀਆ ਲੈਣਾ ਏ ਤੇ ਤੂੰ ਪਊਆ। ਪੰਤਾਲੀਆਂ ਦਾ ਅਧੀਆ ਅਤੇ ਪੱਚੀਆਂ ਦਾ ਪਊਆ। ਇਹ ਹੋਗੇ ਸੱਤਰ। ਆਪਾਂ ਦਸ ਹੋਰ ਪਾ ਕੇ ਬੋਤਲ ਲੈਨੇ ਆਂ। ਭੀਰਾ ਆਪਣਾ ਦਿਮਾਗ ਚਲਾਉਂਦਾ। ਠੇਕੇ ’ਤੇ ਪਹੁੰਚੇ ਹਰੇਕ ਦਾਰੂ ਦੇ ਲਾਲਚੀ ਨੂੰ ਗੱਲ ਜਚਣੀ ਸੁਭਾਵਿਕ ਸੀ। ਬੋਤਲ ਖਰੀਦ ਕੇ ਪਹਿਲੇ ਤਿੰਨ ਪੈੱਗ ਬਰਾਬਰ ਦੇ ਰੱਖਦੇ। ਦੋਹਾਂ ਦੀ ਅੱਖ ਮਿਲਦੀ ਅਤੇ ਸਟੀਲ ਦੇ ਗ਼ਲਾਸ ਬੁੱਲਾਂ ਨੂੰ ਲੱਗ ਕੇ ਖਾਲੀ ਹੋਏ ਮੇਜ ‘ਤੇ ਆ ਜਾਂਦੇ।

‘‘ਲੈ ਬਾਈ ਤੂੰ ਬੈਠ ਜੇ ਬੈਠਣਾ ਏ। ਸਾਡਾ ਤਾਂ ਆਖਰੀ ਪੈੱਗ ਆ। ਲਾ ਕੇ ਚੱਲਦੇ ਆਂ।’’ ਇਹ ਕਹਿ ਕੇ ਬਿੱਲੂ ਅੱਧੇ ਤੋਂ ਵੱਧ ਗਿਲਾਸ ਦਾਰੂ ਦੇ ਭਰ ਕੇ ਥੋੜਾ ਜਿਹਾ ਪਾਣੀ ਪਾਉਂਦਾ ਅਤੇ ਦੋਵੇਂ ਆਪੋ ਆਪਣਾ ਗ਼ਲਾਸ ਖਿੱਚ ਕੇ ਖੜੇ ਹੋ ਜਾਂਦੇ। ਹਿੱਸਾ ਪਾਉਣ ਵਾਲਾ ਬੋਤਲ ਵੱਲ ਵੇਖਦਾ ਤਾਂ ਉਹਦੇ ਹਿੱਸੇ ਪੌਣਾ ਪਊਆ ਮਸਾਂ ਹੁੰਦਾ। ਇਹ ਦੋਵੇਂ ਮੁਸਕੜੀਏ ਹੱਸਦੇ ’ਹਾਤੇ ’ਚੋ ਬਾਹਰ ਹੋ ਜਾਂਦੇ।

ਬਿੱਲੂ ਕਹਿੰਦਾ ਸੀ ਕਿ ਦਾਰੂ ਪੀਣ ਦੀ ਨਹੀਂ ਹੁੰਦੀ, ਦਾਰੂ ਪਚਾਉਣ ਦੀ ਹੁੰਦੀ ਐ। ਜੇ ਦੋ ਪੈੱਗ ਲੱਗਿਆਂ ’ਤੇ ਅੱਖਾਂ ਬੰਤ ਸ਼ਰਾਬੀ ਵਰਗੀਆਂ ਹੋ ਗਈਆਂ ਫਿਰ ਪੀਣੀ ਛੱਡ ਦੇਣੀ ਚਾਹੀਦੀ ਹੈ। ਇੱਕ ਵੇਰਾਂ ਕਿਸੇ ਨੇ ਸ਼ਰਤ ਲਾ ਲਈ ਕਿ ਬਿੱਲੂ ਪੂਰੀ ਬੋਤਲ ਨਹੀਂ ਪੀ ਸਕਦਾ। ਦਾਰੂ ਦੇ ਡਰੰਮ ਬਿੱਲੂ ਨੂੰ ਹੋਰ ਕੀ ਚਾਹੀਦਾ ਸੀ? ਬਿੱਲੂ ਪੈੱਗ ’ਤੇ ਪੈੱਗ ਚਾੜਦਾ ਪੂਰੀ ਬੋਤਲ ਪੀ ਗਿਆ। ਸ਼ਰਤ ਲਾਉਣ ਵਾਲਾ ਕਹਿੰਦਾ ਹੁਣ ਬਿੱਲੂ ਪਿੰਡ ਨਹੀਂ ਜਾ ਸਕਦਾ। ਮੋਟਰਸਾਈਕਲ ਸਟਾਰਟ ਕਰਦਾ ਬਿੱਲੂ ਬੋਲਿਆ ‘‘ਪਿੰਡ ਪਹੁੰਚ ਕੇ ਸੁਨੇਹਾ ਘੱਲਾਂ?’’

ਉਹ ਫਿਰ ਬੋਲਿਆ ‘‘ਜੇ ਪਿੰਡ ਪਹੁੰਚ ਗਿਆ ਤਾਂ ਸਵੇਰੇ ਦੁੱਧ ਇਕੱਠਾ ਕਰਨ ਨਹੀਂ ਆਉਂਦਾ।’’ ਦੂਜੇ ਦਿਨ ਬਿੱਲੂ ਨੇ ਸਭ ਤੋਂ ਪਹਿਲਾਂ ਮੋਟਰਸਾਈਕਲ ਦਾ ਸਟੈਂਡ ਉਨਾਂ ਦੇ ਘਰ ਮੂਹਰੇ ਹੀ ਲਾਇਆ। ਕੁੰਡਾ ਖੜਕਾ ਕੇ ਕਹਿੰਦਾ ‘‘ਆਉਣਾ ਤਾਂ ਹਾਲੇ ਘੰਟਾ ਲੇਟ ਸੀ, ਮੈਂ ਸੋਚਿਆ ਸ਼ਰਤ ਲੱਗੀ ਐ ਤਾਂ ਕਰਕੇ ਸਾਝਰੇ ਹੀ ਆ ਜਾਵਾਂ।’’

ਵਿਆਹਾਂ ਦਾ ਸੀਜ਼ਨ ਬਿੱਲੂ ਲਈ ਸਭ ਤੋਂ ਵੱਧ ਮੁਨਾਫੇ ਵਾਲਾ ਹੁੰਦਾ ਸੀ। ਇੱਕ ਤਾਂ ਦੁੱਧ ਵਿਕਦਾ ਸੀ ਦੂਜਾ ਖਾਣ ਪੀਣ ਦਾ ਲਾਲਚੀ ਬਿੱਲੂ ਆਪਣੇ ਘਰੋਂ ਰੋਟੀ ਪਾਣੀ ਵੀ ਨਹੀਂ ਖਾ ਕੇ ਜਾਂਦਾ ਸੀ। ਘਰ ਦੇ ਕਈ ਵਾਰ ਕਹਿ ਦਿੰਦੇ ਸੀ ਕਿ ਇਵੇਂ ਚੰਗਾ ਨਹੀਂ ਲੱਗਦਾ। ਰੋਟੀ ਘਰੋਂ ਖਾ ਕੇ ਜਾਇਆ ਕਰ। ਬਿੱਲੂ ਮੋੜਵਾਂ ਜਵਾਬ ਦਿੰਦਾ ‘‘ਤੋਤਿਆਂ ਨੇ ਕਿਹੜਾ ਬਾਗ ਉਜਾੜਨਾ ਹੁੰਦੈ। ਦੋ ਬੁਰਕੀਆਂ ਦੇ ਨਾਲ ਭੋਰਾ ਸੁਆਦ ਬਦਲ ਜਾਂਦੈ ਜੀਭਦਾ।’’

ਵਿਆਹ ਵਾਲੇ ਘਰ ਜਾ ਕੇ ਚਾਹ ਪੀਣ ਤੋਂ ਬਾਅਦ ਬਿੱਲੂ ਏਧਰ ਉਧਰ ਦੀਆਂ ਮਾਰਦਾ ਬੈਠਾ ਰਹਿੰਦਾ ਤੇ ਜਦ ਕੋਈ ਘਰ ਦਾ ਜਵਾਕ ਕੋਲ ਦੀ ਲੰਘਣ ਲੱਗਦਾ ਤਾਂ ਪਰਿਵਾਰ ਦੇ ਕਿਸੇ ਸਿਆਣੇ ਨੂੰ ਸੁਣਾ ਕੇ ਆਪਣੀ ਰਸਭਰੀ ਜ਼ਬਾਨ ਵਿੱਚੋਂ ਕਹਿੰਦਾ ‘‘ਓਏ ਥੋਡੇ ਚਾਹ ਨਾਲ ਹੀ ਸਾਰਦੇ ਆ ਜਾਂ ਰੋਟੀ ਦਾਲ ਵੀ ਬਣਾਉਂਦੇ ਖਵਾਉਂਦੇ ਨੇ?’’ ਉਦੋਂ ਤੱਕ ਕਿਸੇ ਨਾ ਕਿਸੇ ਨੇ ਰੋਟੀ ਦਾ ਥਾਲ ਬਿੱਲੂ ਨੂੰ ਲੈ ਕੇ ਫੜਾ ਦੇਣਾ।

ਵਿਆਹਾਂ ਵਿੱਚ ਜਿਵੇਂ ਜੰਞ ਆਉਣ ’ਤੇ ਚਾਹ ਪੀਣ ਦੇ ਵਕਤ ਇੱਕ ਦੋ ਜਣੇ ਇੱਕੋ ਪਲੇਟ ਵਿੱਚ ਖਾ ਲੈਂਦੇ ਨੇ, ਉਸ ਵਕਤ ਬਿੱਲੂ ਨਾਲ ਕਲੋਲ ਹੋ ਜਾਂਦੀ ਸੀ। ਦੋ ਚਾਰ ਜਾਣਿਆਂ ਨੇ ਬਿੱਲੂ ਨੂੰ ਪਕੌੜੇ ਅਤੇ ਮਿੱਠਾ ਲੈਣ ਲਈ ਭੇਜ ਦੇਣਾ। ਬਿੱਲੂ ਨੇ ਉਸੇ ਹਿਸਾਬ ਨਾਲ ਪਲੇਟ ਉੱਪਰ ਤੱਕ ਭਰ ਕੇ ਲੈ ਆਉਣੀ। ਜਦੋਂ ਬਾਕੀਆਂ ਦੇ ਨੇੜੇ ਆਉਣਾ ਤਾਂ ਸਾਰਿਆਂ ਨੇ ਸਲਾਹ ਕਰਕੇ ਖਾਣ ਤੋਂ ਜਵਾਬ ਦੇ ਦੇਣਾ। ਭਰੀ ਭੀੜ ਵਿੱਚ ਪਲੇਟ ਨੂੰ ਨੱਕੋ ਨੱਕ ਭਰੀ ਖੜੇ ਬਿੱਲੂ ਦੀ ਕੌੜੀ ਜ਼ੁਬਾਨ ਮਿੰਨਤਾਂ ’ਤੇ ਆ ਜਾਂਦੀ। ਬਿੱਲੂ ਅੱਗੇ ਤੋਂ ਉਸ ਢਾਣੀ ਨਾਲ ਨਾ ਆਉਣ ਦੀਆਂ ਸੌਂਹਾਂ ਪਾਉਂਦਾ।

ਬਿੱਲੂ ਨੇ ਸਾਰੀ ਜ਼ਿੰਦਗੀ ਇੱਕ ਅਸੂਲ ਰੱਖਿਆ ਕਿ ਜੇ ਲੋਕਾਂ ਨੂੰ ਖੁਸ਼ ਕਰਨ ਲਈ ਜਿਉਂਵੋਗੇ ਤਾਂ ਛੇਤੀ ਮਰ ਜਾਵੋਗੇ। ਦੁਨੀਆਂ ਕਦੇ ਖੁਸ਼ ਨਹੀਂ ਹੋ ਸਕਦੀ। ਕਿਸੇ ਲਈ ਆਪਣੇ ਆਪ ਨੂੰ ਨਾ ਬਦਲੋ। ਰਾਤਾਂ ਨੂੰ ਸ਼ਹਿਰੋਂ ਮੁੜਦਾ ਬਿੱਲੂ ਮੋਟਰਸਾਈਕਲ ਭਜਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੁੰਦਾ ਸੀ। ਜਦੋਂ ਆਪਣੇ ਹੀ ਖ਼ਿਆਲਾਂ ਵਿੱਚ ਉਹਨੇ ਪੂਰੀ ਲੋਰ ’ਚ ਹੋਣਾ ਤਾਂ ਜ਼ੋਰ ਨਾਲ ਚੀਕ ਮਾਰ ਦੇਣੀ। ਇਸ ਚੀਕ ਨੇ ਬਿੱਲੂ ਨੂੰ ਕਈ ਵਾਰ ਰਗੜਿਆ ਵੀ ਸੀ ਪਰ ਆਦਤਾਂ ਕਿੱਥੇ ਖਹਿੜਾ ਛੱਡਦੀਆਂ  ਨੇ। ਮੋਟਰਸਾਈਕਲ ’ਤੇ ਆਉਂਦੇ ਬਿੱਲੂ ਨੇ ਇੱਕ ਵਾਰ ਚੀਕ ਮਾਰੀ ਅਤੇ ਅੱਗੇ ਪੁਲਸ ਵਾਲਿਆਂ ਨੇ ਰੋਕ ਲਿਆ। ਮੋਟਰਸਾਈਕਲ ਦੇ ਕਾਗਜ਼ ਵਿਖਾਏ। ਲਾਇਸੈਂਸ ਵੀ ਕੋਲ ਸੀ ਪਰ ਦਾਰੂ ਪੀ ਕੇ ਮੋਟਰਸਾਈਕਲ ਚਲਾਉਣ ਵਾਲੇ ਮੁੱਦੇ ’ਤੇ ਬਿੱਲੂ ਦੀ ਗਰਾਰੀਫਸ ਗਈ। ਬਿੱਲੂ ਫਸਿਆ ਹੋਇਆ ਹੱਥ ਜੋੜ ਕੇ ਖੜ ਗਿਆ ‘‘ਜਨਾਬ ਸਾਰੀ ਦਿਹਾੜੀ ਦੇ ਥੱਕੇ ਹੋਏ ਆਥਣੇ ਦੋ ਛਿੱਟਾਂ ਲਾ ਲਈਦੀਆਂ ਨੇ। ਗਲਤੀ ਮੰਨਦਾਂ। ਜ਼ੁਬਾਨ ਕਰਦਾਂ ਅੱਗੇ ਤੋਂ ਗਲਤੀ ਨਹੀਂ ਕਰਦਾ।’’

ਇੱਕ ਪੁਲੀਸ ਵਾਲਾ ਕੋਲ ਆਇਆ ਤੇ ਬੋਲਿਆ ‘‘ਚੱਲ ਦਾਰੂ ਵਾਲੇ ਚਲਾਨ ਤੋਂ ਬਰੀ ਕਰਦੇ ਆਂ, ਪਰ ਚੀਕ ਕਿਹੜੀ ਥਕਾਵਟ ਲਾਹੁਣਨੂੰ ਮਾਰੀ ਸੀ?’’ ਕਹਿੰਦਾ ‘‘ਜਨਾਬ ਉਹ ਵੀ ਨਹੀਂ ਮਾਰੀ ਬੱਸ ਨਿਕਲ ਜਾਂਦੀ ਐ।’’ ਨਾਲ ਹੀ ਬਟੂਏ ਵਿੱਚੋਂ ਸੌ ਦਾ ਨੋਟ ਕੱਢ ਕੇ ਬੋਲਿਆ ‘‘ਜਨਾਬ ਟੁੱਟੇ ਹੋਏ ਤਾਂ ਹੈ ਨਹੀਂ।’’ ਪੁਲਸ ਵਾਲੇ ਨੇ ਸੌ ਦਾ ਨੋਟ ਹੱਥ ’ਚੋਂ ਫੜਿਆ ਤੇ ਬੋਲਿਆ ‘‘ਜਿੱਡੀ ਵੱਡੀ ਤੇਰੀ ਗਲਤੀ ਐ,ਐਡੀ ਵਾਸਤੇ ਟੁੱਟੇ ਹੋਇਆਂ ਦੀ ਲੋੜ ਵੀ ਹੈ ਨਹੀਂ।’’

ਅੰਤ ਸਭ ਨੇ ਖ਼ਾਕਸਮਾਵਣਾ ਈ।

ਬਿੱਲੂ ਵੀ ਇੱਕ ਦਿਨ ਸਵੇਰ ਨੂੰ ਸੁੱਤਾ ਪਿਆ ਨਾ ਉੱਠਿਆ। ਸੀ ਕੌੜੀ ਜ਼ੁਬਾਨ ਅਤੇ ਕੌੜੇ ਸੁਭਾਅ ਵਾਲਾ। ਆਪਣੇ ਕਾਰੋਬਾਰ ਵਿੱਚ ਵੀ ਬੇਈਮਾਨੀ ਕਰਦਾ ਰਿਹਾ। ਓਹਦੀਆਂ ਬਹੁਤੀਆਂ ਗੱਲਾਂ ਉਸ ਦੀ ਮੌਤ ਤੋਂ ਬਾਅਦ ਪਤਾ ਲੱਗੀਆਂ। ਉਹਦਾ ਲੰਗੋਟੀਆ ਮਿੱਤਰ ਭੀਰਾ ਦੱਸਣ ਲੱਗਿਆ ਹੋਇਆ ਸੀ ਕਿ ਬਿੱਲੂ ਮੂੰਹ ਦਾ ਕੌੜਾ ਸੀ ਪਰ ਦਿਲ ਦਾ ਨਰਮ ਸੀ। ਬਿਰਧ ਆਸ਼ਰਮ ਲਈ ਦੁੱਧ ਉਹ ਦੋਵੇਂ ਵੇਲੇ ਮੁਫ਼ਤ ਵਿੱਚ ਪਾ ਕੇ ਆਉਂਦਾ ਰਿਹਾ। ਕਦੇ ਕਦਾਈਂ ਕੱਪੜੇ ਵੀ ਦਾਨ ਕਰ ਆਉਂਦਾ ਸੀ। ਸ਼ਹਿਰ ਗਿਆ ਮੰਗਣ ਵਾਲੇ ਮੰਗਤਿਆਂ ਨੂੰ ਗਾਲਾਂ ਕੱਢਦਾ ਸੀ, ਪਰ ਖਾਲੀ ਨਹੀਂ ਮੋੜਦਾ ਸੀ।

ਹੈਰਾਨੀ ਦੀ ਗੱਲ ਸੀ ਕਿ ਸਸਕਾਰ ਤੋਂ ਪਹਿਲਾਂ ਹਸਪਤਾਲ ਦੀ ਵੈਨ ਬਿੱਲੂ ਦੇ ਦਰਾਂ ਮੂਹਰੇ ਆ ਰੁਕੀ। ਲੋਕ ਇੱਕ ਦੂਜੇ ਵੱਲ ਵੇਖ ਰਹੇ ਸੀ, ਪਤਾ ਲੱਗਿਆ ਕਿ ਬਿੱਲੂ ਨੇ ਆਪਣੀਆਂ ਅੱਖਾਂ ਦਾਨ ਕੀਤੀਆਂ ਹੋਈਆਂ ਸੀ। ਸਾਰੀ ਉਮਰ ਕੌੜਾ ਤੇ ਰੁੱਖਾ ਬੋਲਣ ਵਾਲਾ ਬਿੱਲੂ ਮਰ ਕੇ ਵੀ ਜ਼ਿੰਦਾ ਖੜਾ ਸੀ।

Read News Paper

Related articles

spot_img

Recent articles

spot_img