ਜਲੰਧਰ/ਪੰਜਾਬ ਪੋਸਟ
ਪੰਜਾਬ ਦੀ ਸਿਆਸਤ ’ਚ ਇਸ ਵੇਲੇ ਸਰਗਰਮ ਚਰਚਾ ਦਾ ਵਿਸ਼ਾ ਬਣੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਸ਼ੁਰੂ ਹੋ ਗਿਆ ਹੈ। ਸਮੁੱਚੇ ਚੋਣ ਅਮਲ ਨੂੰ ਨੇਪਰੇ ਚੜ੍ਹਾਉਣ ਲਈ ਪੋਲਿੰਗ ਟੀਮਾਂ ਵੋਟਿੰਗ ਮਸ਼ੀਨਾਂ ਸਮੇਤ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 181 ਪੋਲਿੰਗ ਬੂਥਾਂ ਵਿੱਚ ਮੌਜੂਦ ਹਨ। ਵੋਟਾਂ ਸਵੇਰੇ 7 ਤੋਂ ਸ਼ੁਰੂ ਹੋਣ ਉਪਰੰਤ ਸ਼ਾਮ 6 ਵਜੇ ਤੱਕ ਪੈਣਗੀਆਂ। ਇਸ ਜ਼ਿਮਨੀ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਇਹ ਜ਼ਿਮਨੀ ਚੋਣ ਇਸ ਹਲਕੇ ਤੋਂ ਸਾਬਕਾ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫ਼ਾ ਦੇਣ ਕਾਰਨ ਹੋ ਰਹੀ ਹੈ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ, ਸ਼ੀਤਲ ਅੰਗੁਰਾਲ ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ ਅਤੇ ਹੁਣ ਇਸ ਹਲਕੇ ਤੋਂ ਭਾਜਪਾ ਉਮੀਦਵਾਰ ਹਨ। ਜਲੰਧਰ ਪੱਛਮੀ ਵਿਧਾਨ ਸਭਾ ਹਲਕਾ (ਰਾਖਵਾਂ) ਮੁਕੰਮਲ ਤੌਰ ’ਤੇ ਸ਼ਹਿਰੀ ਹਲਕਾ ਹੈ। ਹਲਕੇ ਦੇ ਕੁੱਲ 1,71,963 ਵੋਟਰ ਇਨ੍ਹਾਂ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਕੁੱਲ ਵੋਟਰਾਂ ਵਿੱਚ 89,629 ਪੁਰਸ਼, 82,326 ਮਹਿਲਾ ਅਤੇ 8 ਥਰਡ ਜੈਂਡਰ ਵੋਟਰ ਸ਼ਾਮਲ ਹਨ। ਚੋਣ ਪ੍ਰਕਿਰਿਆ ਲਈ ਕੁੱਲ 10 ਮਾਡਲ ਪੋਲਿੰਗ ਬੂਥ ਤਿਆਰ ਕੀਤੇ ਗਏ ਹਨ ਅਤੇ ਇਨ੍ਹਾਂ ਤੋਂ ਇਲਾਵਾ ਇੱਕ ਪੋਲਿੰਗ ਬੂਥ ਦਾ ਸੰਚਾਲਨ ਸਿਰਫ਼ ਮਹਿਲਾ ਸਟਾਫ਼ ਵੱਲੋਂ ਕੀਤਾ ਜਾਵੇਗਾ। ਗਰਮੀ ਕਰਕੇ ਵੋਟਰਾਂ ਲਈ ਸਮੁੱਚੇ ਪੋਲਿੰਗ ਬੂਥਾਂ ’ਤੇ ਸਾਰੀਆਂ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਤੋਂ ਇਲਾਵਾ ਗਰਮੀ ਦੇ ਮੱਦੇਨਜ਼ਰ ਪੀਣ ਵਾਲੇ ਪਾਣੀ ਅਤੇ ਸ਼ਾਮਿਆਨੇ ਦਾ ਪ੍ਰਬੰਧ ਕੀਤਾ ਗਿਆ ਹੈ ਜਦਕਿ 181 ਪੋਲਿੰਗ ਬੂਥਾਂ ਦੀ ਵੈੱਬ ਕਾਸਟਿੰਗ ਵੀ ਹੋਵੇਗੀ।
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ

Published: