ਪੰਜਾਬ ਪੋਸਟ/ਬਿਓਰੋ
ਕੇਂਦਰ ਸਰਕਾਰ ਦੀਆਂ ਵਿਰੋਧੀ ਧਿਰਾਂ ਕਾਂਗਰਸ, ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ਡੀਐੱਮਕੇ ਦੀ ਸ਼ਮੂਲੀਅਤ ਵਾਲਾ ‘ਇੰਡੀਆ’ ਗੱਠਜੋੜ ਸੱਤ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਦੌਰਾਨ ਬਾਅਦ ਦੁਪਹਿਰ ਤਿੰਨ ਵਜੇ ਤੱਕ ਪੰਜਾਬ ਦੀ ਜਲੰਧਰ ਪੱਛਮੀ, ਹਿਮਾਚਲ ਪ੍ਰਦੇਸ਼ ਦੀਆਂ ਦੇਹਰਾ ਅਤੇ ਨਾਲਾਗੜ੍ਹ ਸੀਟਾਂ ਅਤੇ ਪੱਛਮੀ ਬੰਗਾਲ ਦੀ ਰਾਏਗੰਜ, ਰਾਣਾਘਾਟ ਦਕਸ਼ਨ ਅਤੇ ਬਾਗੜਾ ਵਿਧਾਨ ਸਭਾ ਸੀਟ ਜਿੱਤਣ ਵਿੱਚ ਸਫ਼ਲ ਰਿਹਾ ਅਤੇ ਚਾਰ ਹੋਰ ਸੀਟਾਂ ’ਤੇ ਅੱਗੇ ਚੱਲ ਰਿਹਾ ਹੈ। ਇਸੇ ਤਰ੍ਹਾਂ ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਸੀਟ ਅਤੇ ਮੱਧ ਪ੍ਰਦੇਸ਼ ਦੀ ਅਮਰਵਾੜਾ ਸੀਟ ’ਤੇ ਜਿੱਤ ਦਰਜ ਕੀਤੀ। ਹਿਮਾਚਲ ਪ੍ਰਦੇਸ਼ ਦੀ ਦੇਹਰਾ ਸੀਟ ਉੱਤੇ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਨੇ 9399 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਦੋ ਵਾਰ ਵਿਧਾਇਕ ਰਹੇ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਨੂੰ ਹਰਾਇਆ ਹੈ। ਹਿਮਾਚਲ ਪ੍ਰਦੇਸ਼ ਦੀ ਹੀ ਨਾਲਾਗੜ੍ਹ ਸੀਟ ’ਤੇ ਕਾਂਗਰਸ ਦੇ ਹਰਦੀਪ ਸਿੰਘ ਬਾਵਾ ਨੇ 8990 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਪੱਛਮੀ ਬੰਗਾਲ ਦੀ ਰਾਏਗੰਜ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਵਿੱਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਕ੍ਰਿਸ਼ਨਾ ਕਲਿਆਣੀ ਨੇ ਆਪਣੇ ਨੇੜਲੇ ਵਿਰੋਧੀ ਅਤੇ ਭਾਜਪਾ ਉਮੀਦਵਾਰ ਮਾਨਸ ਕੁਮਾਰ ਘੋਸ਼ ਨੂੰ 50,077 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਕਲਿਆਣੀ ਨੂੰ 86,479 ਵੋਟਾਂ ਮਿਲੀਆਂ ਜਦਕਿ ਘੋਸ ਨੂੰ 36,402 ਵੋਟਾਂ ਮਿਲੀਆਂ। ਉੱਧਰ, ਭਾਜਪਾ ਦੇ ਆਸ਼ੀਸ਼ ਸ਼ਰਮਾ ਨੇ ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਸੀਟ 1571 ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ।