ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਚੀਨ ਦੇਸ਼ ਸੰਧੀ ਅਹਿਮ ਕਦਮ ਚੁੱਕਦੇ ਹੋਏ ਚੀਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 100 ਫ਼ੀਸਦੀ ਤੱਕ ਦਰਾਮਦ ਟੈਕਸ ਲਗਾਇਆ ਹੈ। ਇਹ ਵੱਖ-ਵੱਖ ਸ਼੍ਰੇਣੀਆਂ ’ਚ ਵੱਖਰਾ ਟੈਕਸ ਹੋਵੇਗਾ। ਇਸ ਨੇ ਜਿੱਥੇ ਚੀਨ ਲਈ ਇੱਕ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ, ਉੱਥੇ ਹੀ ਇਸ ਨੇ ਚੀਨ ਤੇ ਅਮਰੀਕਾ ਵਿਚਾਲੇ ਵਪਾਰ ਯੁੱਧ ਦੇ ਮੁੜ ਸ਼ੁਰੂ ਹੋਣ ਦਾ ਖ਼ਦਸ਼ਾ ਵੀ ਵਧਾ ਦਿੱਤਾ ਹੈ। ਇਸ ਕਾਰਨ ਪਹਿਲਾਂ ਹੀ ਜੰਗ ਤੇ ਅਸਥਿਰਤਾ ਦੇ ਸੰਕਟ ਨਾਲ ਜੂਝ ਰਹੀ ਦੁਨੀਆ ਲਈ ਨਵੇਂ ਆਰਥਿਕ ਸੰਕਟ ਦਾ ਖ਼ਤਰਾ ਵੀ ਵੱਧ ਗਿਆ ਹੈ। ਅਮਰੀਕਾ ’ਚ ਇਸ ਸਾਲ ਦੇ ਅਖੀਰ ਤੱਕ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਤੋਂ ਠੀਕ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਚੀਨ ਪ੍ਰਤੀ ਆਪਣੀ ਨੀਤੀ ਨੂੰ ਸਾਕਾਰ ਕਰਦਿਆਂ ਚੀਨ ਤੋਂ ਅਮਰੀਕਾ ਪਹੁੰਚਣ ਵਾਲੇ ਵੱਖ-ਵੱਖ ਸਾਮਾਨ ’ਤੇ ਟੈਕਸ ਦਰ ਵਧਾ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ’ਚ ਇਸ ਬਾਰੇ ਜਾਣਕਾਰੀ ਵੀ ਦਿੱਤੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਪੋਸਟ ਮੁਤਾਬਕ ਹੁਣ ਤੋਂ ਚੀਨ ਤੋਂ ਦਰਾਮਦ ਹੋਣ ਵਾਲੇ ਸਟੀਲ ਤੇ ਐਲੂਮੀਨੀਅਮ ’ਤੇ 25 ਫ਼ੀਸਦੀ ਟੈਕਸ ਲੱਗੇਗਾ, ਜਦਕਿ ਸੈਮੀਕੰਡਕਟਰ 50 ਫ਼ੀਸਦੀ ਟੈਕਸ ਨਾਲ ਅਮਰੀਕਾ ਪਹੁੰਚਣਗੇ। ਇਸ ਦੇ ਨਾਲ ਹੀ ਇਲੈਕਟਿ੍ਰਕ ਵਾਹਨਾਂ ’ਤੇ 100 ਫ਼ੀਸਦੀ ਟੈਕਸ ਤੇ ਸੋਲਰ ਪੈਨਲਾਂ ’ਤੇ 50 ਫ਼ੀਸਦੀ ਟੈਕਸ ਲੱਗੇਗਾ। ਕੌਮਾਂਤਰੀ ਪੱਧਰ ਉੱਤੇ ਇਸ ਨੂੰ ਇੱਕ ਵੱਡੀ ਕਾਰਵਾਈ ਵਜੋਂ ਵੇਖਿਆ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਚੀਨ ਸਬੰਧੀ ਚੁੱਕਿਆ ਵੱਡਾ ਕਦਮ: ਚੀਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 100 ਫ਼ੀਸਦੀ ਦਰਾਮਦ ਟੈਕਸ ਲਗਾਇਆ

Published: