ਚਲਦੇ ਰਹਿਣਾ ਤੇ ਗਤੀਸ਼ੀਲ ਹੋਣਾ ਹੀ ਮਨੁੱਖੀ ਜੀਵਨ ਦਾ ਮੁੱਖ ਨਿਯਮ ਹੈ। ਦਿਸ਼ਾਹੀਣ ਸਫ਼ਰ ਜਾਂ ਤਾਂ ਭਟਕਣ ਦੀ ਉਪਜ ਹੈ ਜਾਂ ਫਿਰ ਜੋਗ ਦੀ। ਸਫ਼ਰ ਕੋਈ ਵੀ ਹੋਵੇ, ਜੇਕਰ ਤੁਹਾਨੂੰ ਕੁਝ ਸਿਖਾ ਕੇ ਜਾਂ ਸਮਝਾ ਕੇ ਬੀਤਿਆ ਤਾਂ ਉਹ ਬੇਅਰਥਾ ਨਹੀਂ ਹੈ। ਖੜਾ ਤਾਂ ਪਾਣੀ ਵੀ ਬਦਬੂ ਮਾਰਨ ਲੱਗ ਪੈਂਦਾ ਹੈ। ਫਿਰ ਰੁਕੀ ਹੋਈ ਸਥਿਤੀ ਵਿੱਚ ਮਨੁੱਖ ਦੇ ਮਨ ਦਾ ਉੁਥਲ ਪੁਥਲ ਹੋਣਾ ਤਾਂ ਸੁਭਾਵਿਕ ਹੀ ਹੈ। ਜਦੋਂ ਅਸੀਂ ਕਿਸੇ ਅਜਿਹੇ ਉਲਝਾਅ ’ਚ ਫਸੇ ਹੁੰਦੇ ਹਾਂ ਜਿਸ ਦਾ ਕੋਈ ਹੱਲ ਜਾਂ ਬਦਲਾਵ ਨਜ਼ਰ ਨਹੀਂ ਆਉਦਾ ਤਾਂ ਇਨਸਾਨ ਅਕਸਰ ਥੱਕ ਜਾਂਦਾ ਹੈ। ਤੇ ਥਕਾਣ ਦੇ ਦੋ ਹੀ ਇਲਾਜ ਹਨ, ਜਾਂ ਤਾਂ ਆਰਾਮ ਕਰੋ ਤੇ ਫਿਰ ਤੋਂ ਜੂਝਣਾ ਸ਼ੁਰੂ ਕਰੋ ਤੇ ਜਾਂ ਫਿਰ ਉਸ ਸਥਿਤੀ ਨੂੰ ਪਿੱਛੇ ਛੱਡੋ ਤੇ ਅਗਾਂਹ ਵਧ ਜਾਓ।
ਜੋਗ ਲੈਣਾ ਤੇ ਜੋਗ ਨੂੰ ਨਿਭਾਉਣਾ ਆਪਣੇ ਆਪ ਵਿੱਚ ਇੱਕ ਅਵਸਥਾ ਹੈ। ਜੋਗ ਲੈਣ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਆਪਣਾ ਬੋਰੀਆ ਬਿਸਤਰਾ ਬੰਨ ਕੇ ਪਹਾੜਾਂ ਵੱਲ ਨੂੰ ਤੁਰ ਪਈਏ। ਜੋਗ ਦੇ ਕੁਝ ਪੜਾਅ ਹਨ, ਕੁਝ ਬੰਧਨ ਹਨ, ਕੁਝ ਸਲੀਕੇ ਹਨ ਤੇ ਕੁਝ ਤਰੀਕੇ ਹਨ। ਅਕਸਰ ਬੇਪਰਵਾਹੀ ਦਾ ਜੋਗ ਨਾਲ ਗੂੜਾ ਰਿਸ਼ਤਾ ਬਣ ਜਾਂਦਾ ਹੈ। ਪਰ ਬੇਪਰਵਾਹੀ ਤੇ ਲਾਪਰਵਾਹੀ ਦਾ ਫ਼ਰਕ ਕਦੇ ਨਾ ਭੁੱਲੋ। ਓਸ਼ੋ ਲਿਖਦਾ ਹੈ ਕਿ ਸਾਧਨਾ ਕਰਨ ਲਈ ਕਿਸੇ ਜੰਗਲ, ਪਹਾੜੀ ਜਾਂ ਬੀਆਬਾਨ ਦੀ ਜ਼ਰੂਰਤ ਨਹੀਂ। ਇੱਕ ਭੀੜ ਨਾਲ ਭਰੇ ਬਾਜ਼ਾਰ ਵਿੱਚ ਜਦੋਂ ਤੁਸੀਂ ਆਪਣੇ ਆਲੇ ਦੁਆਲੇ ਦੀਅਾਂ ਦੁਨਿਆਵੀ ਰੁਕਾਵਟਾਂ ਤੇ ਸ਼ੋਰ ਨੂੰ ਪਾਸੇ ਰੱਖ ਕੇ ਸਿਰਫ਼ ਆਪਣੇ ਮਨ ਦੇ ਪ੍ਰਾਇਮਰੀ ਵਿਚਾਰ, ਜਾਣੀ ਉਹ ਵਿਚਾਰ ਜਿਸ ’ਤੇ ਤੁਸੀਂ ਕੇਂਦਰਿਤ ਹੋਣਾ ਚਾਹੁੰਦੇ ਹੋ, ਸਿਰਫ ਉਸ ਵੱਲ ਹੀ ਧਿਆਨ ਲਗਾਓ ਤਾਂ ਕਿਸੇ ਜੰਗਲ ਦੀ ਵੀ ਲੋੜ ਨਹੀਂ।
ਕਿੱਸਾਕਾਰ ਲਿਖਦੇ ਹਨ ਕਿ ਜੋਗ ਰਾਂਝੇ ਨੇ ਵੀ ਲੈ ਲਿਆ ਸੀ। ਗੋਰਖ ਦੇ ਟਿੱਲੇ ਜਾ ਕੇ, ਕੰਨੀਂ ਮੁੰਦਰਾਂ ਤੇ ਹੱਥੀਂ ਕਾਸਾ ਫੜ ਰਾਂਝਾ ਵੀ ਜੋਗ ਕਮਾਉਣ ਨਿੱਕਲਿਆ ਸੀ। ਜੀਹਦੇ ਹੋਏ ਤੇ ਉਹਦੇ ਹੋਏ ਰਹਿਣਾ ਵੀ ਜੋਗ ਦੀ ਹੀ ਅਵਸਥਾ ਹੈ। ਫਿਰ ਹੱਥ ਕਾਸਾ ਹੋਵੇ ਭਾਵੇਂ ਪਤਾਸਾ, ਮਹਿਬੂਬ ਬਿਨਾ ਕੁਝ ਦਿਸਣਾ ਹੀ ਨਹੀਂ ਚਾਹੀਦਾ। ਪਰ ਅਫਸੋਸ ਇਹ ਅਵਸਥਾ ਵੀ ਵਿਰਲੇ ਹੀ ਪਾ ਸਕੇ ਹਨ। ਬਹੁਤੇ ਇਨਸਾਨ ਦੂਹਰੇ ਜਾਂ ਤੀਹਰੇ ਸੰਬੰਧਾਂ ਵਿੱਚ ਫਸ ਕੇ ਇਸ ਜੋਗ ਦਾ ਆਨੰਦ ਵੀ ਗੁਆ ਲੈਂਦੇ ਹਨ। ਇਹ ਉਹ ਲੋਕ ਹਨ ਜੋ ਦਿਸ਼ਾਹੀਣ ਸਫ਼ਰ ’ਤੇ ਹਨ, ਪਰ ਉਹਨਾਂ ਦੇ ਦਿਸ਼ਾਹੀਣ ਹੋਣ ਦਾ ਕਾਰਨ ਭਟਕਣ ਹੈ। ਜੋਗ ਅਕਸਰ ਇਕੱਲੇਪਨ ਦੀ ਸਥਿਤੀ ਵਿੱਚੋਂ ਵੀ ਉਪਜ ਸਕਦਾ ਹੈ। ਇਨਸਾਨ ਜਦੋਂ ਸਾਲਾਂ ਬੱਧੀ ਇਕੱਲਾ ਰਹਿਣ ਦਾ ਆਦੀ ਹੋ ਜਾਂਦਾ ਹੈ ਤਾਂ ਉਸ ਨੂੰ ਇਕੱਲੇਪਨ ਨਾਲ ਮੋਹ ਪੈ ਜਾਂਦਾ ਹੈ। ਇਸ ਅਵਸਥਾ ’ਚ ਨਾ ਤਾਂ ਉਹ ਖੁਦ ਨੂੰ ਕਿਸੇ ਦੇ ਕਰੀਬ ਜਾਣ ਦਿੰਦਾ ਹੈ ਤੇ ਨਾ ਹੀ ਕਿਸੇ ਨੂੰ ਨੇੜੇ ਆਉਣ ਦਿੰਦਾ ਹੈ। ਸਮਝਣ ਵਾਲੀ ਗੱਲ ਸਿਰਫ ਇੰਨੀ ਹੈ ਕਿ ਜੇਕਰ ਇਕੱਲਾਪਣ ਆਨੰਦਮਈ ਹੈ ਤਾਂ ਫਿਰ ਉਹ ਜੋਗ ਦੀ ਅਵਸਥਾ ਵੱਲ ਵਧਦਾ ਕਦਮ ਹੈ। ਪਰ ਜੇਕਰ ਇਕੱਲਾਪਣ ਤੁਹਾਡੀ ਮਾਨਸਿਕ ਸ਼ਾਂਤੀ ਦਾ ਵੈਰੀ ਬਣਿਆ ਹੋਇਆ ਹੈ ਤਾਂ ਬੇਸ਼ੱਕ ਤੁਹਾਨੂੰ ਸਾਥੀ ਦੀ ਲੋੜ ਹੈ।
ਬਹੁਤੀ ਵਾਰ ਅਸੀਂ ਦੁਨਿਆਵੀ ਰਸਮਾਂ, ਰਿਸ਼ਤੇ, ਝਗੜੇ, ਲੋੜਾਂ ਤੇ ਪਖੰਡਾਂ ਤੋਂ ਥੱਕ ਜਾਂਦੇ ਹਾਂ। ਕੋਸ਼ਿਸ਼ ਕਰਕੇ ਵੀ ਜਦੋਂ ਕੋਈ ਹਾਲਾਤ ਨਾ ਸੁਧਰੇ ਤਾਂ ਇਨਸਾਨ ਬਸ ਉਥੋਂ ਤੁਰ ਜਾਣਾ ਚਾਹੁੰਦੈ। ਪਰ ਉਸ ਤੁਰ ਜਾਣ ਦੇ ਫੈਸਲੇ ਤੋਂ ਲੈ ਕੇ ਅਸਲ ’ਚ ਤੁਰ ਜਾਣ ਦਾ ਸਫ਼ਰ ਬਹੁਤ ਹੀ ਲੰਮਾ ਤੇ ਸਸ਼ੋਪੰਜ ਵਾਲਾ ਹੁੰਦਾ ਹੈ। ਏਥੇ ਤੁਰ ਜਾਣ ਦਾ ਮਤਲਬ ਸੱਚ-ਮੁੱਚ ਤੁਰ ਜਾਣਾ ਨਹੀਂ ਹੈ, ਇਹ ਹੈ ਆਪਣੇ ਮਨ ਨੂੰ ਉਹਨਾਂ ਮਾਨਸਿਕ ਗੁੰਝਲਾਂ ਤੋਂ ਦੂਰ ਕਰ ਲੈਣਾ, ਜੋ ਤੁਹਾਨੂੰ ਅਸ਼ਾਂਤ ਕਰਦੀਆਂ ਨੇ। ਬਹੁਤੀ ਵਾਰ ਅਸੀਂ ਆਪਣੇ ਮਨ ਦੀ ਸਥਿਤੀ ਅਤੇ ਹਾਲਾਤ ਦੂਜਿਅਾਂ ਨੂੰ ਸਮਝਾਉਣ ਤੋਂ ਅਸਮਰਥ ਹੁੰਦੇ ਹਾਂ। ਜਿਹੜੇ ਲੋਕ ਇਹ ਹਿੰਮਤ ਕਰਕੇ ਇਸ ਗੁੰਝਲ ਵਿੱਚੋਂ ਨਿਕਲ ਜਾਂਦੇ ਹਨ, ਉਹ ਬੇਸ਼ੱਕ ਮਾਨਿਸਕ ਸ਼ਾਂਤੀ ਤੇ ਜੋਗ ਪਾ ਲੈਂਦੇ ਹਨ। ਪਰ ਸਮਾਜ ਲਈ ਉਹ ਹਮੇਸ਼ਾ ਹੀ ਬਾਗੀ ਜਾਂ ਕਮਲੇ ਬਣ ਕੇ ਰਹਿ ਜਾਂਦੇ ਹਨ। ਸਾਡੇ ਮਨ ਅਤੇ ਰਿਸ਼ਤਿਅਾਂ ਦੀਅਾਂ ਗੁੰਝਲਾਂ ਹੈ ਹੀ ਐਨੀਅਾਂ ਔਖੀਅਾਂ ਕਿ ਸੁਲਝਾਉਣ ਦਾ ਕੋਈ ਹੱਲ ਹੀ ਨਹੀਂ ਮਿਲਦਾ। ਬਸ ਜਿਹੜਾ ਇਹਨਾਂ ਗੁੰਝਲਾਂ ’ਚੋਂ ਛੜੱਪ ਕਰਕੇ ਨਿਕਲ ਗਿਆ ਉਹਨੂੰ ਫਿਰ ਬਾਹਰੀ ਰੌਲਾ ਗੌਲਾ ਹਰਾ ਨਹੀਂ ਸਕਦਾ। ਪਰ ਚਲੇ ਜਾਣਾ ਐਨਾ ਸੌਖਾ ਵੀ ਨਹੀਂ ਹੁੰਦਾ ਅਤੇ ਚਲੇ ਜਾਣਾ ਵੀ ਕਈ ਕਿਸਮਾਂ ਦਾ ਹੁੰਦੈ। ਕਈ ਵਾਰ ਕੋਈ ਜਾ ਕੇ ਵੀ ਨਹੀਂ ਜਾਂਦਾ ਤੇ ਕਈ ਵਾਰ ਕੋਈ ਨਾ ਜਾ ਕੇ ਵੀ ਬਹੁਤ ਦੂਰ ਚਲਿਆ ਜਾਂਦਾ ਹੈ। ਇਹ ਜਿਹੜਾ ਦੂਸਰੀ ਕਿਸਮ ਦਾ ਜਾਣਾ ਹੈ ਇਹ ਸਭ ਤੋਂ ਵੱਧ ਖਤਰਨਾਕ ਹੈ। ਇਹ ਅਜਿਹਾ ਜਾਣਾ ਹੈ ਜੀਹਦੇ ’ਚੋਂ ਇਨਸਾਨ ਮੁੜ ਕੇ ਨਹੀਂ ਆ ਸਕਦਾ। ਵਿਜੇ ਵਿਵੇਕ ਜੀ ਆਪਣੀ ਖੂਬਸੂਰਤ ਕਵਿਤਾ ਵਿੱਚ ਲਿਖਦੇ ਹਨ ਕਿ..
ਆਹ ਚੁੱਕ ਆਪਣੇ ਤਾਂਘ ਤਸਵੁਰ ਰੋਣਾ ਕਿਹੜੀ ਗੱਲੇ
ਉਮਰਾਂ ਦੀ ਮੈਲੀ ਚਾਦਰ ਵਿਚ ਬੰਨ ਇਕਲਾਪਾ ਪੱਲੇ
….ਤੇ ਜੋਗੀ ਚੱਲੇ…
ਜਦੋਂ ਅਸੀਂ ਕਿਤੋਂ ਜਾਣ ਦਾ ਫੈਸਲਾ ਲੈ ਲੈਂਦੇ ਹਾਂ ਤਾਂ ਸਭ ਤੋਂ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਇਹ ਤੁਰ ਜਾਣਾ ਸ਼ਾਂਤੀ ਭਰਪੂਰ ਹੋਣਾ ਚਾਹੀਦਾ ਹੈ। ਸਾਡਾ ਤੁਰ ਜਾਣ ਦਾ ਮਕਸਦ ਅਸਲ ਵਿੱਚ ਮਨ ਦੀ ਸ਼ਾਤੀ ਹੀ ਤਾਂ ਸੀ। ਪਰ ਇਹ ਜਾਣ ਦੀ ਪ੍ਰਕਿਰਿਆ ਐਨੀ ਸ਼ਾਂਤਮਈ ਹੋਵੇ ਕਿ ਦੂਸਰਿਅਾਂ ਨੂੰ ਇਹ ਇਲਮ ਵੀ ਨਾ ਹੋਵੇ ਕਿ ਤੁਸੀਂ ਜਾ ਚੁੱਕੇ ਹੋ। ਸੁੱਤੇ ਪਏ ਨਿੱਕੇ ਬਾਲ ਕੋਲੋਂ ਜਿਵੇਂ ਮਾਂ ਦੱਬੇ ਪੈਰੀਂ ਲੰਘਦੀ ਹੈ ਕਿ ਜੇਕਰ ਉੱਠ ਗਿਆ ਤਾਂ ਰੋਵੇਗਾ। ਬਸ ਠੀਕ ਉਸੇ ਤਰਾਂ ਆਪਣੇ ਆਲੇ-ਦੁਆਲੇ ਦੇ ਸੁੱਤੇ ਲੋਕਾਂ ਨੂੰ ਸੁੱਤੇ ਰਹਿਣ ਦਿਓ। ਜਦੋਂ ਉੱਠਣਗੇ ਤਾਂ ਤੁਹਾਡੇ ਚਲੇ ਜਾਣ ਦਾ ਅਹਿਸਾਸ ਹੋਵੇਗਾ ਤੇ ਉਦੋਂ ਹੀ ਸ਼ਾਇਦ ਉਹ ਸੋਚਣ ਕਿ ਉਸ ਇਨਸਾਨ ਦੇ ਹੋਣ ਦਾ ਕੀ ਅਰਥ ਸੀ। ਨਿੱਕੇ ਹੁੰਦੇ ਅਕਸਰ ਮੈਂ ਇੱਕ ਮੁਹਾਵਰਾ ਵਾਰ ਵਾਰ ਬੀਬੀ ਤੋਂ ਸੁਣ ਕੇ ਬੋਲਦੀ ਰਹਿੰਦੀ ਸੀ ਕਿ ‘ਜੋਗੀ ਚਲਦੇ ਭਲੇ ਤੇ ਨਗਰੀ ਵਸਦੀ ਭਲੀ’। ਜਿਹੜੀ ਨਗਰੀ ਜਾਂ ਥਾਂ ਸਾਡੀ ਜੋਗੀਆ ਬਿਰਤੀ ਦੇ ਹਾਣ ਦੀ ਨਾ ਹੋਵੇ, ਜਿਹੜੀ ਨਗਰੀ ਸਾਡੇ ਜੋਗੀਆ ਸੁਭਾਅ ਨਾਲ ਮੇਲ ਨਾ ਖਾਂਦੀ ਹੋਵੇ, ਜਿਹੜੀ ਨਗਰੀ ਸਾਨੂੰ ਜੋਗੀ ਘੱਟ ਤੇ ਬਾਗੀ ਵੱਧ ਸਮਝਦੀ ਹੋਵੇ , ਉਥੋਂ ਚੱਲਣਾ ਹੀ ਭਲਾ ਹੈ। ਕਿਉਂਕਿ ਚਲਦੇ ਰਹਿਣਾ ਤੇ ਨਾ ਰੁਕਣਾ ਹੀ ਤਰੱਕੀ ਦਾ ਰਾਹ ਹੈ।
-ਅਮਨ ਕੌਰ (ਵਿਨੀਪੈੱਗ, ਕੈਨੇਡਾ)
… ਤੇ ਜੋਗੀ ਚੱਲੇ
Published: