ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਤਹਿਤ ਅੱਜ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਹੋਇਆ। ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਅੰਮਿ੍ਤਸਰ ਦੇ ਰਣਜੀਤ ਐਵਨਿਊ ਵਿਖੇ ਭਾਜਪਾ ਵੱਲੋਂ ‘ਫਤਿਹ ਰੈਲੀ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੰਚ ਤੋਂ ਸੰਬੋਧਨ ਕਰਦਿਆਂ ਜੇ. ਪੀ. ਨੱਡਾ ਨੇ ਅੰਮਿ੍ਰਤਸਰ ਦੇ ਲੋਕਾਂ ਨੂੰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਆਪਣੇ ਸਹੀ ਅਤੇ ਹੱਕਦਾਰ ਨੁਮਾਇੰਦੇ ਵਜੋਂ ਪਾਰਲੀਮੈਂਟ ਭੇਜਣ ਦੀ ਅਪੀਲ ਕੀਤੀ।
ਇਸ ਮੌਕੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ‘ਵਿਕਸਿਤ ਅੰਮਿ੍ਤਸਰ’ ਦੀ ਸੰਕਲਪ ਯੋਜਨਾ ਤਹਿਤ ਉਨਾਂ ਵੱਲੋਂ ਅੰਮਿ੍ਰਤਸਰ ਦੇ ਵਿਕਾਸ ਲਈ ਉਲੀਕੀ ਗਈ ਹਰੇਕ ਸੋਚ ਨੂੰ ਲੋਕਾਂ ਦੇ ਨਾਲ ਸਾਂਝਾ ਕੀਤਾ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਉਹ ਅੰਮਿ੍ਰਤਸਰ ਵਿੱਚ ਹੀ ਰਹਿ ਕੇ ਆਪਣੇ ਲੋਕਾਂ ਦਰਮਿਆਨ ਉਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰੇਕ ਜ਼ਰੂਰੀ ਕਦਮ ਚੁੱਕਣਗੇ ਅਤੇ ਕੇਂਦਰ ਸਰਕਾਰ ਦੀਆਂ ਜੋ ਵੀ ਯੋਜਨਾਵਾਂ ਆਉਣਗੀਆਂ ਉਨ੍ਹਾਂ ਨੂੰ ਉਹ ਖੁਦ ਲਾਗੂ ਕਰਵਾਉਣਗੇ; ਗੱਲ ਭਾਵੇਂ ਨੀਲੇ ਕਾਰਡਾਂ ਦੀ ਹੋਵੇ ਜਾਂ ਫਿਰ ਸੜਕਾਂ ਪੱਕੀਆਂ ਕਰਨ ਦੀ ਹੋਵੇ, ਨੌਜਵਾਨ ਵਰਗ ਦੀਆਂ ਨੌਕਰੀਆਂ ਦੀ ਹੋਵੇ ਜਾਂ ਬੁਨਿਆਦੀ ਸਹੂਲਤਾਂ ਦੀ ਹੋਵੇ, ਸਭ ਮਸਲੇ ਉਨਾਂ ਲਈ ਤਰਜੀਹੀ ਹੋਣਗੇ।
ਉਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਜਿੱਥੇ ਸਮੁੱਚੇ ਦੇਸ਼ ਅਤੇ ਬਹੁਗਿਣਤੀ ਸੂਬਿਆਂ ਨੇ ਕਾਫੀ ਤਰੱਕੀ ਕੀਤੀ ਹੈ ਅਤੇ ਹਰੇਕ ਖੇਤਰ ਵਿੱਚ ਅੱਗੇ ਵੱਲ ਕਦਮ ਵਧਾਏ ਹਨ, ਪਰ ‘ਗੁਰੂ ਕੀ ਨਗਰੀ’ ਅੰਮਿ੍ਤਸਰ ਕਈ ਮਾਮਲਿਆਂ ਵਿੱਚ ਵਿਕਾਸ ਪੱਖੋਂ ਪੱਛੜਦੀ ਹੋਈ ਵਿਖਾਈ ਦਿੱਤੀ ਹੈ। ਪਿਛਲੇ 10 ਸਾਲਾਂ ਦੌਰਾਨ ਅੰਮਿ੍ਤਸਰ ਵਿੱਚ ਨਸ਼ੇ ਦੀ ਸਮੱਸਿਆ ਦਾ ਵਧਣਾ ਵੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇੱਕ ਵੱਡੀ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ, ਜਿਸ ਲਈ ਫੌਰੀ ਉਪਰਾਲਾ ਕੀਤੇ ਜਾਣ ਦੀ ਲੋੜ ਹੈ। ਲੋਕਾਂ ਦੇ ਜੀਵਨ ਨਾਲ ਸਬੰਧਤ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇੱਕ ਵੱਡਾ ਮਸਲਾ ਕਰਾਰ ਦਿੰਦੇ ਹੋਏ ਇਸ ਸਬੰਧੀ ਕੰਮ ਨੂੰ ਸਮੇਂ ਦੀ ਪ੍ਰਮੁੱਖ ਮੰਗ ਦੱਸਿਆ। ਤਮਾਮ ਸਮੱਸਿਆਵਾਂ ਦਾ ਜ਼ਿਕਰ ਕਰਨ ਤੋਂ ਬਾਅਦ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਅੰਮਿ੍ਤਸਰ ਦਾ ਵਿਕਾਸ ਸਹੀ ਮਾਇਨਿਆਂ ਵਿੱਚ ਉਦੋਂ ਹੀ ਸੰਭਵ ਹੋਵੇਗਾ ਜਦੋਂ ਕੇਂਦਰ ਵਿੱਚ ਭਾਜਪਾ ਸਰਕਾਰ ਦੇ ਨਾਲ-ਨਾਲ ਅੰਮਿ੍ਤਸਰ ਵਿੱਚ ਵੀ ਭਾਜਪਾ ਉਮੀਦਵਾਰ ਜਿੱਤ ਕੇ ਸਿੱਧੇ ਸੰਪਰਕ ਸਦਕਾ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕੇਗਾ।
ਸ. ਸੰਧੂ ਨੇ ਸਟੇਜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੀ. ਪੀ. ਨੱਢਾ ਦੇ ਕੰਮਕਾਜ ਦੀ ਵੀ ਤਾਰੀਫ ਕਰਦੇ ਕਿਹਾ ਕਿ ਸਮੁੱਚੀ ਦੁਨੀਆਂ ਵਿੱਚ ਇਸ ਗੱਲ ਨੂੰ ਮਹਿਸੂਸ ਕੀਤਾ ਗਿਆ ਹੈ ਕਿ ਇਸ ਲੀਡਰਸ਼ਿਪ ਵੱਲੋਂ ਜੋ ਵੀ ਵਾਅਦੇ ਲੋਕਾਂ ਦੇ ਨਾਲ ਕੀਤੇ ਗਏ ਉਨਾਂ ਨੂੰ ਬਾਖੂਬੀ ਨਿਭਾਇਆ ਗਿਆ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਕਹਿਣਾ ਹੈ ਕਿ ਭਾਜਪਾ ਦੀ ਇਹੀ ਲੀਡਰਸ਼ਿਪ ਹੁਣ ਪੰਜਾਬ ਅਤੇ ਅੰਮਿ੍ਤਸਰ ਵਾਸਤੇ ਵੀ ਕਾਫੀ ਕੁਝ ਕਰਨ ਦੀ ਚਾਹਵਾਨ ਹੈ ਅਤੇ ਇਸ ਲਈ ਉਨਾਂ ਵੱਲੋਂ ਦਿ੍ਰੜ ਇਰਾਦੇ ਨਾਲ ਕਦਮ ਚੁੱਕੇ ਜਾਣਗੇ। ਪਿਛਲੇ ਸਾਲ ਅੰਮਿ੍ਤਸਰ ਵਿੱਚ ਹੋਏ ਜੀ-20 ਸਿਖਰ ਸੰਮੇਲਨ ਦਾ ਹਵਾਲਾ ਦਿੰਦੇ ਹੋਏ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਹਾਜ਼ਰ ਇਕੱਠ ਮੂਹਰੇ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲੀਡਰਸ਼ਿਪ ਦੇ ਕੰਮਕਾਜ ‘ਤੇ ਦੁਨੀਆਂ ਭਰ ਵਿੱਚ ਹੋਈ ਪ੍ਰਸੰਸਾ ਦਾ ਵੀ ਜ਼ਿਕਰ ਕੀਤਾ। ਆਪਣੀ ਉਮੀਦਵਾਰੀ ਸਬੰਧੀ ਗੱਲ ਕਰਦੇ ਹੋਏ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਭਾਜਪਾ ਪ੍ਰਧਾਨ ਜੀਪੀ ਨੱਡਾ ਨੇ ਉਚੇਚੇ ਤੌਰ ਉੱਤੇ ਉਨਾਂ ਦੀ ਉਮੀਦਵਾਰ ਵਜੋਂ ਚੋਣ ਕਰਕੇ ਉਨਾਂ ਨੂੰ ਆਪਣੇ ਜੱਦੀ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਓਹ ਆਸ ਕਰਦੇ ਹਨ ਕਿ ਅੰਮਿ੍ਤਸਰ ਦੇ ਲੋਕੀਂ ਵੀ ਉਨਾਂ ਉੱਤੇ ਭਰੋਸਾ ਪ੍ਰਗਟਾਉਂਦੇ ਹੋਏ ਉਨਾਂ ਨੂੰ ਆਪਣੇ ਸ਼ਹਿਰ ਅਤੇ ਆਪਣੇ ਲੋਕਾਂ ਦੀ ਸੱਚੇ ਦਿਲੋਂ ਸੇਵਾ ਕਰਦੇ ਹੋਏ ਇੱਕ ਬਿਹਤਰ ਭਵਿੱਖ ਸਿਰਜਣ ਦਾ ਮੌਕਾ ਦੇਣਗੇ।
ਠਾਠਾਂ ਮਾਰਦੀ ‘ਫਤਹਿ ਰੈਲੀ’ ਵਿੱਚ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ’ਚ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਤਸਰ ਲਈ ਖੋਲ੍ਹਿਆ ਆਪਣਾ ਦਿਲ

Published: