ਚੋਣ ਨਤੀਜੇ ਨੂੰ ਸਵੀਕਾਰ ਕੀਤਾ, ਲੋਕਤੰਤਰ ਅਤੇ ਬਰਾਬਰ ਨਿਆਂ ਲਈ ਲੜਾਈ ਜਾਰੀ ਰੱਖਣ ਦੀ ਗੱਲ ਕਹੀ
ਵਾਸ਼ਿੰਗਟਨ ਡੀ ਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਕੋਲੋਂ ਹਾਰ ਤੋਂ ਬਾਅਦ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੇ ਆਪਣੇ ਪਹਿਲੇ ਪ੍ਰਮੁੱਖ ਸੰਬੋਧਨ ਵਿਚ ਆਪਣੀ ਹਾਰ ਸਵੀਕਾਰ ਕਰਦੇ ਹੋਏ ਕਈ ਅਹਿਮ ਗੱਲਾਂ ਕਹੀਆਂ ਹਨ। ਵਾਸ਼ਿੰਗਟਨ ਡੀਸੀ ਵਿੱਚ ਹਾਵਰਡ ਯੂਨੀਵਰਸਿਟੀ ਵਿੱਚ ਆਪਣੇ ਹਜ਼ਾਰਾਂ ਸਮਰਥਕਾਂ ਨੂੰ ਮੁਖ਼ਾਤਿਬ ਹੁੰਦੇ ਹੋਏ ਕਿਹਾ ਕਿ ਓਹ ਇਸ ਚੋਣ ਨੂੰ ਸਵੀਕਾਰ ਕਰਦੇ ਹਨ, ਪਰ ਲੋਕਤੰਤਰ ਅਤੇ ਬਰਾਬਰ ਨਿਆਂ ਲਈ ਲੜਾਈ ਕਦੇ ਨਹੀਂ ਛੱਡਣਗੇ। ਟਰੰਪ ਨੇ 277 ਇਲੈਕਟੋਰਲ ਵੋਟਾਂ ਦਾ ਲੋੜੀਂਦਾ ਬਹੁਮਤ ਹਾਸਲ ਕਰ ਕੇ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤੀਆਂ ਸਨ ਅਤੇ ਨਾਲ ਹੀ ਪੈਨਸਿਲਵੇਨੀਆ, ਜਾਰਜੀਆ, ਉੱਤਰੀ ਕੈਰੋਲੀਨਾ ਸਮੇਤ ਹੋਰ ਸਵਿੰਗ ਰਾਜ ਵੀ ਜਿੱਤੇ। ਡੈਮੋਕਰੇਟਿਕ ਉਮੀਦਵਾਰ ਹੈਰਿਸ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਹੁਣ ਆਜ਼ਾਦੀ, ਨਿਆਂ ਅਤੇ ਭਵਿੱਖ ਲਈ ਇਕਜੁੱਟ ਹੋਣ, ਜਥੇਬੰਦ ਹੋਣ ਅਤੇ ਮਿਲ ਕੇ ਕੰਮ ਕਰਨ ਦਾ ਸਮਾਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਟਰੰਪ ਨੂੰ ਚੋਣ ਜਿੱਤ ‘ਤੇ ਵਧਾਈ ਦੇਣ ਲਈ ਦਿਨ ਫੋਨ ਕੀਤਾ ਹੈ ਅਤੇ ਟਰੰਪ ਨਾਲ ਫੋਨ ‘ਤੇ ਗੱਲਬਾਤ ਦੌਰਾਨ ਉਨ੍ਹਾਂ ਨੇ ਸ਼ਾਂਤੀਪੂਰਵਕ ਸੱਤਾ ਦੇ ਤਬਾਦਲੇ ਦਾ ਵਾਅਦਾ ਕੀਤਾ ਹੈ।