(ਸ਼ਿਮਲਾ/ਪੰਜਾਬ ਪੋਸਟ)ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਵਿਧਾਇਕ ਕੰਗਨਾ ਰਣੌਤ ਵਲੋਂ ਇੱਕ ਭਾਸ਼ਣ ਦੌਰਾਨ ਪੰਜਾਬ ਅਤੇ ਪੰਜਾਬੀ ਨੌਜਵਾਨਾਂ ਦੇ ਨਸ਼ੇ ਵਿਚ ਲਿਪਤ ਹੋਣ ਸੰਬੰਧੀ ਦਿੱਤੇ ਬਿਆਨ ਤੋਂ ਬਾਅਦ ਮਾਹੌਲ ਇਕ ਵਾਰ ਫਿਰ ਭਖ ਗਿਆ ਹੈ। ਕੰਗਨਾ ਨੇ ਹਿਮਾਚਲ ਪ੍ਰਦੇਸ਼ ਵਿਚ ਫ਼ੈਲੇ ਨਸ਼ੇ ਲਈ ਸਿੱਧੇ ਤੌਰ ‘ਤੇ ਨਾਂ ਲਏ ਬਗੈਰ ਪੰਜਾਬ ਨੂੰ ਕਸੂਰਵਾਰ ਦੱਸਿਆ ਸੀ। ਕੰਗਨਾ ਦੇ ਨਸ਼ੇ ਬਾਰੇ ਬਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਸਰਗਰਮ ਹੋ ਗਈਆਂ ਹਨ। ਕਿਸਾਨਾਂ ਨੇ ਕੰਗਨਾ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੰਗਨਾ ਦੇ ਡੋਪ ਟੈਸਟ ਦੀ ਮੰਗ ਕੀਤੀ ਹੈ। ਪੰਧੇਰ ਨੇ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਚਿੱਟਾ ਕਰਨ ਵਾਲੇ ਅਤੇ ਸ਼ਰਾਬੀ ਦੱਸਣ ਵਾਲੀ ਕੰਗਨਾ ਰਣੌਤਾ ਦਾ ਪਹਿਲਾਂ ਖੁਦ ਡੋਪ ਟੈਸਟ ਹੋਣਾ ਚਾਹੀਦਾ ਹੈ ਅਤੇ ਫਿਰ ਦੁਨੀਆ ਦੇ ਸਾਹਮਣੇ ਸੱਚ ਲਿਆਉਣਾ ਚਾਹੀਦਾ ਹੈ।