*ਭਾਜਪਾ ਨੇ ਕੰਗਨਾ ਦੇ ਬਿਆਨ ਤੋਂ ਫੇਰ ਝਾੜਿਆ ਪੱਲਾ
ਦਿੱਲੀ/ਪੰਜਾਬ ਪੋਸਟ
ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਬੀ ਜੇ ਪੀ ਦੀ ਐਮ.ਪੀ ਕੰਗਨਾ ਰਣੌਤ ਨੇ ਕਿਸਾਨਾਂ ਨਾਲ ਜੁੜਿਆ ਅਜਿਹਾ ਬਿਆਨ ਦਿੱਤਾ ਹੈ ਕਿ ਉਹ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਕੰਗਨਾ ਨੇ ਹੁਣ ਇਹ ਕਿਹਾ ਹੈ ਕਿ ਕਿਸਾਨਾਂ ਨਾਲ ਸਬੰਧਤ ਤਿੰਨ ਕਾਨੂੰਨ ਵਾਪਸ ਲਿਆਂਦੇ ਜਾਣ। ਇੰਨਾ ਹੀ ਨਹੀਂ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਕਿਸਾਨਾਂ ਨੂੰ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਏ ਹਾਲਾਂਕਿ, ਭਾਜਪਾ ਸੰਸਦ ਮੈਂਬਰ ਨੇ ਆਪਣੀ ਰਾਏ ਜ਼ਾਹਰ ਕਰਦੇ ਹੋਏ ਇਹ ਵੀ ਕਿਹਾ ਕਿ ਉਨ੍ਹਾਂ ਦਾ ਬਿਆਨ ਵਿਵਾਦਪੂਰਨ ਹੋ ਸਕਦਾ ਹੈ। ਕੰਗਨਾ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਫਾਇਦੇ ‘ਚ ਨੇ ਅਤੇ ਉਨਾਂ ਨੂੰ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਹੈ। ਭਾਜਪਾ ਨੇ ਇੱਕ ਵਾਰ ਫਿਰ ਤੋਂ ਕੰਗਣਾ ਰਣੌਤ ਦੇ ਤਿੰਨ ਖੇਤੀ ਬਿੱਲਾਂ ਬਾਰੇ ਵਿਵਾਦ ਗ੍ਰਸਤ ਬਿਆਨ ਤੋਂ ਟਾਲਾ ਵੱਟ ਲਿਆ ਹੈ। ਪਾਰਟੀ ਦੇ ਅਧਿਕਾਰਤ ਬੁਲਾਰੇ ਗੌਰਵ ਭਾਟੀਆ ਨੇ ਇੱਕ ਟਵੀਟ ਕਰ ਕੇ ਲਿਖਿਆ ਹੈ ਕਿ ਕੰਗਣ ਰਣੌਤ ਵੱਲੋਂ ਤਿੰਨ ਖੇਤੀ ਬਿੱਲਾਂ ਬਾਰੇ ਦਿੱਤਾ ਬਿਆਨ, ਉਸਦੇ ਨਿੱਜੀ ਵਿਚਾਰ ਹਨ ਤੇ ਪਾਰਟੀ ਦਾ ਸਟੈਂਡ ਨਹੀਂ ਹੈ। ਉਹਨਾਂ ਕਿਹਾ ਕਿ ਕੰਗਨਾ ਨੂੰ ਪਾਰਟੀ ਵੱਲੋਂ ਬਿਆਨ ਦੇਣ ਦਾ ਅਧਿਕਾਰ ਨਹੀਂ ਹੈ। ਭਾਜਪਾ ਵੱਲੋਂ ਤਿੰਨ ਖੇਤੀ ਬਿੱਲਾਂ ਬਾਰੇ ਕੰਗਨਾ ਰਣੌਤ ਦੇ ਬਿਆਨ ਤੋਂ ਕਿਨਾਰਾ ਕਰਨ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਸਫਾਈ ਦਿੱਤੀ ਹੈ। ਉਸ ਨੇ ਪਾਰਟੀ ਦੇ ਬਿਆਨ ਨੂੰ ਰੀਟਵੀਟ ਕਰਦਿਆਂ ਲਿਖਿਆ ਹੈ ਕਿ ਤਿੰਨ ਖੇਤੀ ਬਾਰੇ ਵਿਚਾਰ ਉਨਾਂ ਦੇ ਨਿੱਜੀ ਹਨ ਅਤੇ ਇਹ ਪਾਰਟੀ ਦਾ ਸਟੈਂਡ ਨਹੀਂ ਹੈ।