ਚੰਡੀਗੜ੍ਹ/ਪੰਜਾਬ ਪੋਸਟ
ਚੰਡੀਗੜ੍ਹ ਏਅਰਪੋਰਟ ਉੱਤੇ ਭਾਜਪਾ ਸੰਸਦ ਮੈਂਬਰ ਅਤੇ ਅਭਿਨੇਤਰੀ ਕੰਗਨਾ ਰਣੌਤ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਉਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਪਤਾ ਇਹ ਲੱਗਿਆ ਹੈ ਕਿ ਮਹਿਲਾ ਸਟਾਫ਼ ਮੈਂਬਰ ਨੂੰ ਨੌਕਰੀ ਤੋਂ ਮੁਅਤੱਲ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਇਹ ਵੀ ਮਿਲੀ ਹੈ ਕਿ ਮਹਿਲਾ ਸਟਾਫ ਮੈਂਬਰ ਕੁਲਵਿੰਦਰ ਕੌਰ ਨੂੰ ਇਸ ਗੱਲ ਦਾ ਰੋਸ ਸੀ ਕਿ ਕੰਗਨਾ ਰਣੌਤ ਨੇ ਕਿਸਾਨੀ ਅੰਦੋਲਨ ਦੌਰਾਨ ਕਿਸਾਨ ਬੀਬੀਆਂ ਬਾਰੇ ਭੱਦੀ ਟਿੱਪਣੀ ਕੀਤੀ ਸੀ। ਇਸ ਘਟਨਾਕ੍ਰਮ ਦੇ ਵੀਡੀਓ ਵਿੱਚ ਕੁਲਵਿੰਦਰ ਕੌਰ ਕੰਗਨਾ ਰਣੌਤ ਨੂੰ ਉਸ ਦਾ ਪੁਰਾਣਾ ਬਿਆਨ ਚੇਤੇ ਕਰਵਾਉਂਦੀ ਹੋਈ ਵੀ ਸੁਣਾਈ ਦਿੰਦੀ ਹੈ। ਇਸ ਤੋਂ ਪਹਿਲਾਂ, ਕੰਗਨਾ ਵੱਲੋਂ ਦਿੱਤੀ ਗਈ ਸ਼ਿਕਾਇਤ ’ਚ ਸਾਹਮਣੇ ਆਇਆ ਹੈ ਕਿ ਉਹ ਚੰਡੀਗੜ੍ਹ ਏਅਰਪੋਰਟ ਪਹੁੰਚੀ ਸੀ, ਉਸ ਨੇ ਫਲਾਈਟ ਰਾਹੀਂ ਦਿੱਲੀ ਜਾਣਾ ਸੀ। ਸਕਿਓਰਿਟੀ ਚੈੱਕ ਇਨ ਤੋਂ ਬਾਅਦ ਜਦੋਂ ਉਹ ਬੋਰਡਿੰਗ ਲਈ ਜਾ ਰਹੀ ਸੀ, ਇਸੇ ਦੌਰਾਨ ਐੱਲ. ਸੀ. ਟੀ. ਕੁਲਵਿੰਦਰ ਕੌਰ (ਸੀ. ਆਈ. ਐੱਸ. ਐੱਫ. ਯੂਨਿਟ ਚੰਡੀਗੜ੍ਹ ਏਅਰਪੋਰਟ) ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਸਫਰ ਕਰ ਰਹੇ ਸ਼ਖ਼ਸ ਮਯੰਕ ਮਧੁਰ ਨੇ ਵੀ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਕੰਗਨਾ ਦਾ ਦਾਅਵਾ ਹੈ ਕਿ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨਾਲ ਬਹਿਸ ਕੀਤੀ ਅਤੇ ਚੰਡੀਗੜ੍ਹ ਏਅਰਪੋਰਟ ’ਤੇ ਕਰੰਟ ਏਰੀਆ ’ਚ ਉਸ ਨੂੰ ਥੱਪੜ ਮਾਰ ਦਿੱਤਾ। ਕਾਂਸਟੇਬਲ ਕੁਲਵਿੰਦਰ ਨੂੰ ਸੀ. ਓ. ਰੂਮ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਉਸ ਕੋਲੋਂ ਪੁੱਛਗਿੱਛ ਵੀ ਕੀਤੀ ਗਈ।
ਕੰਗਨਾ ਰਣੌਤ ਦੇ ਥੱਪੜ ਜੜਨ ਵਾਲੀ ਮਹਿਲਾ ਸਟਾਫ਼ ਮੈਂਬਰ ਮੁਅਤੱਲ

Published: