ਕਸ਼ਮੀਰ ਦੇਸ਼ ਵਿੱਚ ਬ੍ਰਾਹਮਣ ਵਰਣ ਤੋਂ ਸਿਵਾਏ ਬਹੁਤ ਥੋੜੇ ਖੱਤਰੀ, ਵੈਸ਼ ਤੇ ਸ਼ੂਦਰ ਵਰਣ ਦੇ ਲੋਕ ਵਸਦੇ ਹਨ, ਪਰੰਤੂ ਸਭ ਤੋਂ ਵਧੀਕ ਸਮੇਂ ਵਿੱਚ ਮੁਸਲਮਾਨਾਂ ਦੀ ਅਬਾਦੀ ਹੈ। ਕਹਿੰਦੇ ਹਨ ਕਿ ਇਹ ਵਾਧਾ ਮੁਸਲਮਾਨ ਬਾਦਸ਼ਾਹਾਂ ਦੇ ਵੇਲੇ ਹੋਇਆ ਹੈ, ਜਦ ਜਬਰਨ ਹਿੰਦੂ ਮੁਸਲਮਾਨ ਕੀਤੇ ਜਾਂਦੇ ਸਨ।
ਇਸ ਦੇਸ ਵਿੱਚ ਲੋਕੀ ਬਹੁਤੇ ਵੈਸ਼ ਮਤ ਦੇ ਉਪਾਸ਼ਕ ਹੋਣ ਕਰਕੇ ਭਾਵੇਂ ਵੇਦ ਸ਼ਾਸਤਰਾਂ ਦੇ ਵਿਦਵਾਨ ਵੀ ਹੁੰਦੇ ਸਨ, ਤਾਂ ਵੀ ਮੂਰਤੀ_ਪੂਜਕ ਤੇ ਤੰਤਰ_ ਮੰਤਰ ਜਪ ਅਨੁਸਟਾਂਕ ਵਿੱਚ ਵਧੀਕ ਲੀਨ ਰਹਿ ਕੇ ਪਰੰ_ ਬ੍ਰਹਮ ਪਰਮਾਤਮਾ ਦੇ ਸਿਮਰਨ ਤੋਂ ਦੂਰ ਸਨ, ਪਰੰਤੂ ਜਦ ਪਰੰ_ਬ੍ਰਹਮ ਕਰਤਾ ਪੁਰਖ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਥਾਂ_ਥਾਂ ਵਿਚਰ ਕੇ ਲੋਕਾਂ ਨੂੰ ਗ਼ਫ਼ਲਤ ਤੋਂ ਬੇਦਾਰ ਕਰਨ ਲਈ ਸੰਸਾਰ ਵਿੱਚ ਭੇਜਿਆ, ਤਦ ਆਪ ਕਸ਼ਮੀਰ ਦੇਸ ਵਿੱਚ ਵੀ ਪੁੱਜੇ ਅਤੇ ੧੩ ਦਿਨ ਇੱਕ ਪਹਾੜੀ ਉੱਤੇ ਠਹਿਰਨ ਤੋਂ ਮਗਰੋਂ ਚੌਧਵੇਂ ਦਿਨ ਸ਼ਹਿਰ ਵਿੱਚੋਂ ਸ਼ਰਨ ਆਇਆਂ ਦੀ ਪ੍ਰੇਮਾ_ਭਗਤੀ ਦੇ ਖਿੱਚੇ ਹੋਏ ਬਸਤੀ ਵਿੱਚ ਆਏ। ਸਭ ਤੋਂ ਪਹਿਲੇ ਜਿਸ ਨੂੰ ਪ੍ਰਤੀਤ ਆਈ ਉਹ ਇੱਕ ਆਜੜੀ ਸੀ ਅਤੇ ਸਭ ਤੋਂ ਪਿੱਛੋਂ ਜੋ ਵਰੋਸਾਇਆ ਉਹ ਦਿਗ਼ ਵਿਜੱਈ ਸ਼ਾਸਤ੍ਰਾਰਥੀ ਪੰਡਿਤ ਸੀ।
ਇਸ ਸ਼ਹਿਰ ਵਿੱਚ ਦਰਿਆ ਦੇ ਕਿਨਾਰੇ ਪਰ ਐਨ ਉਸੇ ਪਹਾੜੀ ਦੇ ਸਾਹਮਣੇ ਕਰਕੇ ਧਰਮਸ਼ਾਲਾ ਬਣਵਾ ਕੇ ਆਪ ਉਸ ਮਹਾਨ ਵਿਦਵਾਨ ਦਿਘ ਵਿਜੱਈ ਪੰਡਿਤ (ਜੋ ਹੁਣ ਸਿੱਖ ਹੋ ਚੁੱਕਾ ਸੀ) ਨੂੰ ਧਰਮਸ਼ਾਲਾ ਵਿੱਚ ਸਿੱਖੀ ਧਰਮ ਦਾ ਅਧਿਆਪਕ (ਪਾਂਧਾ_ਗੁਰਮੁੱਖ ਪਾਂਧਾ ) ਬਣਾ ਕੇ ਅੱਗੇ ਚਲੇ ਗਏ (ਦੇਖੋ, ਨਾਨਕ ਪ੍ਰਕਾਸ਼ ਤੇ ਜਨਮ ਸਾਖੀ ਆਦਿ ਗ੍ਰੰਥ) ਅਤੇ ਇਸ ਭਾਈ ਬ੍ਰਹਮਦਾਸ ਦੀ ਨਿੱਤ ਸਤਸੰਗ ਸੇਵਾ ਪ੍ਰਚਾਰ ਦੀ ਵਰਤੋਂ ਨੇ ਗੁਰੂ ਨਿਰੰਕਾਰੋਂ ਭੁੱਲੇ ਲੋਕਾਂ ਵਿੱਚ ਉਸ ਦੀ ਯਾਦ ਦਾ ਅਜਿਹਾ ਪ੍ਰਭਾਵ ਪੈਦਾ ਕੀਤਾ ਸੀ ਕਿ ਸਦੀ ਦੇ ਅੰਦਰ ਪੁਰਸ਼ਾਂ ਦਾ ਤਾਂ ਕੀ ਕਹਿਣਾ ਹੈ, ਬਲਕਿ ਮਾਈ ਭਾਗਭਰੀ ਜੈਸੀਆਂ ਵੱਡਭਾਗਣਾਂ ਮਾਈਆਂ ਵੀ ਪੈਦਾ ਕੀਤੀਆਂ, ਜਿਨਾਂ ਦੀ ਧਿਆਨ_ਕਾਰ ਬਿਰਤੀ ਦੀ ਇਕਾਗਰਤਾ ਵਿੱਚ ਚੁੰਬਕ_ਸ਼ਕਤੀ ਪੈਦਾ ਹੋ ਗਈ।
ਪ੍ਰਤੀਤ ਹੁੰਦਾ ਹੈ ਕਿ ਇਸ ਭਾਈ ਬ੍ਰਹਮਦਾਸ ਜੀ ਦਾ ਥੋੜੇ ਅਰਸੇ ਵਿੱਚ ਹੀ ਸਰੀਰ ਸ਼ਾਂਤ ਜੋ ਗਿਆ, ਜਿਸ ਕਰਕੇ ਇੱਥੋਂ ਦੇ ਖਟ_ਕਰਮੀ ਬਾ੍ਰਹਮਣ, ਨਾਮ ਉਪਾਸ਼ਕਾਂ ਤੇ ਗੁਰਬਾਣੀ ਦੇ ਪ੍ਰੇਮੀ ਪਾਠੀ ਕੀਰਤਨੀਆਂ ਨਾਲ, ਵਿਰੋਧ ਕਰਨ ਲੱਗੇ। ਉਨਾਂ ਦੀ ਅਰਦਾਸ ਸੁਣ ਕੇ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਮਾਧੋ ਸੋਢੀ ਜੀ ਨੂੰ ਗੁਰਬਾਣੀ ਦੀ ਮਹੱਤਤਾ ਤੇ ਗੁਰਮਤਿ ਪ੍ਰਚਾਰ ਵਾਸਤੇ ੧੭ਵੀਂ ਸਦੀ ਵਿੱਚ ਕਸ਼ਮੀਰ ਭੇਜਿਆ ।
ਇੱਕ ਤਾਂ ਪਹਿਲੇ ਹੀ ਧਰਮਸ਼ਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਣਾਈ ਹੋਈ ਕਸ਼ਮੀਰ ਵਿੱਚ ਸੀ, ਪ੍ਰੰਤੂ ਦੂਜੀ ਧਰਮਸ਼ਾਲਾ ਭਾਈ ਮਾਧੋ ਜੀ ਨੇ ਸ਼ਹਿਰ ਦੀ ਬਸਤੀ ਦੇ ਵਿਚਕਾਰ ਕਰਕੇ ਨਦੀ ਦੇ ਦੂਜੇ ਪਾਸੇ ਵੱਲ ਕਾਇਮ ਕਰ ਕੇ ਸਿੱਖੀ ਧਰਮ ਦਾ ਪ੍ਰਚਾਰ ਜਾਰੀ ਕੀਤਾ, ਅਤੇ ਕੁਝ ਸਮੇਂ ਮਗਰੋਂ ਆਪ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਸ਼ਮੀਰ ਵਿੱਚ ਚਰਨ ਪਾਏ ਅਤੇ ਭਾਈ ਸੇਵਾ ਦਾਸ ਜੀ ਨੂੰ ਉਸ ਦੀ ਮਾਤਾ ਜੀ ਦੇ ਸ਼ਾਂਤ ਹੋਣ ਪਿੱਛੋਂ ਸਿੱਖੀ ਧਰਮ ਪ੍ਰਚਾਰ ਦੀ ਸੇਵਾ ਸੌਂਪੀ। ਇਨਾਂ ਨੇ ਵੀ ਸੰਗਤਾਂ ਦੇ ਉੱਦਮ ਨਾਲ ਇੱਕ ਧਰਮਸ਼ਾਲਾ (ਗੁਰਦੁਆਰੇ ਦੀ ਇਮਾਰਤ) ਬਣਾਈ ਤੇ ਦੇਗ਼ ਚਲਾਈ , ਜੋ ਅੱਜ ਤੱਕ ਕੱਠੀ ਦਰਵਾਜ਼ੇ ਪਾਸ ਮੌਜੂਦ ਹੈ।
ਕੁਝ ਅਰਸੇ ਪਿੱਛੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਗੜੀਆ ਨੂੰ ਕਸ਼ਮੀਰ ਵਿੱਚ ਭੇਜਿਆ , ਜਿਨਾਂ ਨੇ ਸਿੱਖੀ ਧਰਮ ਦਾ ਪ੍ਰਚਾਰ ਜਾਰੀ ਕਰਨ ਤੋਂ ਇਲਾਵਾ ਸ਼ਹਿਰ ਤੋਂ ਦੁਰਾਡੇ ਇਲਾਕੇ ਦੀਆਂ ਹੋਰ ਅਬਾਦੀਆਂ ਵਿੱਚ ਵੀ ਧਰਮਸ਼ਾਲਾ ਬਣਵਾਈਆਂ। ਜਿਹਾ ਕਿ ਮਟਨ, ਵੈਰੀਨਾਗ, ਇਸਲਾਮਾਬਾਦ, ਅਨੰਤਨਾਗ ਵਗ਼ੈਰਾ ਵੱਡੀਆਂ ਬਸਤੀਆਂ ਤੇ ਇਲਕਿਆਂ ਵਿੱਚ ਅਜੇ ਕਿਤੇ ਕਿਤੇ ਹਨ।
ਜਦ ਦਸਮੇਸ਼ ਪਾਤਸ਼ਾਹ ਜੀ ਨੇ ਭਾਈ ਅਮੋਲਕ ਸਿੰਘ ਜੀ ਨੂੰ ਅੰਮਿ੍ਰਤ ਦਾਤ ਬਖ਼ਸ਼ ਕੇ ਕਸ਼ਮੀਰ ਵਿੱਚ ਵਾਪਸ ਭੇਜ ਦਿੱਤਾ ਅਤੇ ਪਿੱਛੋਂ ਭਾਈ ਫੇਰੂ ਸਿੰਘ, ਭਾਈ ਪੰਜਾਬ ਸਿੰਘ ਜੀ ਆਦਿ ਖ਼ਾਸ ਨਿਵਾਜੇ ਹੋਏ ਗੁਰਮੁੱਖ ਹੋਰ ਵੀ ਰਵਾਨਾ ਕੀਤੇ, ਤਦ ਅਠਾਰਵੀਂ ਸਦੀ ਵਿੱਚ ਖੰਡੇ ਦੇ ਅੰਮਿ੍ਰਤੀਏ ਸਿੰਘਾਂ ਦੇ ਸਾਬਤ ਸੂਰਤ ਵਾਲੇ ਸਰੂਪ ਇਸ ਧਰਤੀ ਪੁਰ ਵੀ ਦਿਖਾਈ ਦੇਣ ਲੱਗੇ। ਪ੍ਰੰਤੂ ਇਸ ਅਰਸੇ ਵਿੱਚ ਮੁਸਲਮਾਨ ਸੂਬਿਆਂ ਦਾ ਦਿਨ_ਬ_ਦਿਨ ਜ਼ੁਲਮ ਤੇ ਜੋਰ ਵਧੀ ਜਾਂਦਾ ਸੀ, ਅਰ ਸਿੰਘ ਬਹੁਤ ਥੋੜੇ ਸਨ ਜੋ ਬਿਨਾਂ ਕਿਸੇ ਸਾਜ਼ੋ_ਸਾਮਾਨ ਦੇ ਬੱਤੀ ਦੰਦਾਂ ਵਿੱਚ ਇਕੱਲੀ ਜੀਭ ਦੀ ਤਰਾਂ ਸਮਾਂ ਬਤੀਤ ਕਰ ਰਹੇ ਸਨ। ਇਸੇ ਅਰਸੇ ਵਿੱਚ ਪੰਜਾਬ ਦੇਸ ਅੰਦਰ ਖ਼ਾਲਸੇ ਦੀ ਚੜਦੀ ਕਲਾ ਦੀਆਂ ਧੁੰਮਾਂ ਪੈਣ ਕਰਕੇ ਕਿਤਨੇ ਸਿੰਘ ਕਸ਼ਮੀਰ ਦੇਸ ਛੱਡ ਕੇ ਹੀ ਮਾਝੇ, ਦੁਆਬੇ ਵਿੱਚ ਜਾ ਰਹੇ।
ਉਨੀਂਸਵੀਂ ਸਦੀ ਵਿੱਚ ਪੰਡਿਤ ਰਾਜਕਾਕ ਜੈਸੇ ਨੀਤੱਗ ਤੇ ਕਸ਼ਮੀਰ ਦੇਸ ਦੇ ਉੱਘੇ ਖ਼ਾਨਦਾਨੀ ਰਈਸ ਵੀ ਖ਼ਾਲਸਈ ਤੇਗ਼ ਦੇ ਆਸਰੇ ਤੋਂ ਬਿਨਾਂ ਆਪਣੇ ਧਰਮ, ਮਾਲ ਤੇ ਆਬਰੂ ਦਾ ਬਚਾਓ ਹੋਣਾ ਅਸੰਭਵ ਸਮਝ ਕੇ ਲਾਹੌਰ ਪੁੱਜੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਨਾਹ ਵਿੱਚ ਰਹਿਣਾ ਪ੍ਰਵਾਨ ਕਰਕੇ ਖ਼ਾਲਸਾਈ ਫ਼ੌਜ ਸਮੇਤ ਕਸ਼ਮੀਰ ਪੁੱਜੇ। ਤਦ ਖ਼ਾਲਸੇ ਮੇ ਕਸ਼ਮੀਰ ਸਰ ਕਰਕੇ ਭਾਵੇਂ ਕਸ਼ਮੀਰ ਦਾ ਸੂਬਾ ਇੱਕ ਮੁਸਲਮਾਨ ਹੀ ਬਣਾ ਦਿੱਤਾ, ਪ੍ਰੰਤੂ ਹਿੰਦੂ ਤੋਂ ਸਿੱਖਾਂ ਪਰ ਨਿੱਤ ਨਵੇਂ ਜ਼ੁਲਮ ਕਰਾਉਣ ਵਾਲੇ ਜ਼ਾਲਮਾਂ ਨੂੰ ਕਾਫ਼ੀ ਦੰਡ ਦੇ ਕੇ ਸਿੱਧੇ ਰਾਹ ਪਾ ਦਿੱਤਾ।
ਇਨਾਂ ਦਿਨਾਂ ਵਿੱਚ ਭਾਵੇਂ ਸ਼ਹਿਰ ਵਿੱਚ ਤਾਂ ਖ਼ਾਲਸਾਈ ਫ਼ੌਜਾਂ ਪੰਜਾਬ ਤੋਂ ਆਈਆਂ ਹੀ ਰਹਿੰਦੀਆਂ ਸਨ, ਪ੍ਰੰਤੂ ਬਾਹਰਲੇ ਕਿਲਿਆਂ ਵਿੱਚ ਉਸੇ (ਕਸ਼ਮੀਰ) ਦੇਸ ਦੇ ਸਿੰਘਾਂ ਨੂੰ ਖ਼ਾਲਸਾ ਫ਼ੌਜ ਵਿੱਚ ਭਰਤੀ ਕਰਕੇ ਕੇਵਲ ਜਿਨਸ ਪਰ ਹੀ ਗੁਜ਼ਾਰਾ ਕਰਨ ਦੀ ਆਗਿਆ ਦਿੱਤੀ ਗਈ, ਕਿਉਕਿ ਕਸ਼ਮੀਰ ਦੇਸ ਵਿੱਚ ਪੈਸਾ ਬਹੁਤ ਘੱਟ ਸੀ ਤੇ ਇੱਕ ਨਪੈਦ ਵਸਤੂ ਸੀ। ਰਈਅਤ ਪਾਸੋਂ ਮਾਮਲਾ (ਖ਼ਰਾਜ) ਅੰਨ ਗੱਲਾ ਹੀ ਲਿਆ ਜਾਂਦਾ ਸੀ, ਜੋ ਪਹਾੜੀ ਰਸਤੇ ਬਿਖੜੇ ਹੋਣ ਕਰਕੇ ਕਿਸੇ ਹੋਰ ਪਾਸੇ ਜਾ ਨਹੀਂ ਸਕਦਾ ਸੀ, ਇਸ ਲਈ ਸਰਕਾਰੀ ਮੁਲਾਜ਼ਮਾਂ ਨੂੰ ਹੀ ਤਨਖ਼ਾਹ ਦੇ ਬਦਲੇ ਦਿੱਤਾ ਜਾਂਦਾ ਸੀ।
ਪੰਜਾਬ ਤੋਂ ਆਈ ਫ਼ੌਜ ਤਾਂ ਨਗਦੇ ਵੀ ਲੈਂਦੀ ਸੀ। ਪ੍ਰੰਤੂ ਕਸ਼ਮੀਰ ਤੋਂ ਭਰਤੀ ਕੀਤੀ ਖ਼ਾਲਸਾ ਫ਼ੌਜ ਕੇਵਲ ਜਿਨਸ ਹੀ ਲੈਂਦੀ ਸੀ। ਇਸ ਵਾਸਤੇ ਇਸ ਦੇਸ ਦੇ ਨਿਵਾਸੀ ਸਿੰਘ ਜਿਨਸੀ ਸਿੰਘ ਕਹਿ ਕੇ ਬੁਲਾਏ ਜਾਣ ਲੱਗੇ। ਇਨਾਂ ਦੀਆਂ ਡਿਊਟੀਆਂ ਕੁਲ ਕਸ਼ਮੀਰ, ਗਿਲਗਿਤ, ਲੱਦਾਖ ਤੱਕ; ਪੁਣਛ, ਜੰਮੂ ਅਰ ਹਰੀਪੁਰ ਤੱਕ ਦੀਆਂ ਪਹਾੜੀ ਨਾਕਿਆਂ ਪੁਰ ਲਗਾਈਆਂ ਗਈਆਂ। ਇਸੇ ਕਰਕੇ ਅੱਜ ਤੱਕ ਕਸ਼ਮੀਰ ਦੀ ਤਰਾਂ ਹੀ ਹਰੀਪੁਰ ਦੇ ਇਲਾਕੇ ਤੇ ਗਲੀਆਂ ਵਿੱਚ ਵੀ ਬਹੁਤੇ ਬ੍ਰਾਹਮਣ ਸਿੰਘ ਵੇਖੇ ਜਾਂਦੇ ਹਨ।
ਜਦ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਸਿੱਖ ਰਾਜ ’ਤੇ ਅੰਗਰੇਜ਼ੀ ਗੌਰਮਿੰਟ ਜਾਂ ਕੰਪਨੀ ਦਾ ਕਬਜ਼ਾ ਹੋ ਗਿਆ ਅਤੇ ਕਸ਼ਮੀਰ ਜੰਮੂ ਦਾ ਇਲਾਕਾ ਰਾਜਾ ਗੁਲਾਬ ਸਿੰਘ ਜੀ ਨੇ ਲੈ ਲੀਤਾ, ਤਦ ਜੰਮੂ ਤੇ ਲਾਹੌਰ ਤੋਂ ਡੌਗਰਾ ਫ਼ੌਜ ਕਸ਼ਮੀਰ ਵੱਲ ਭੇਜੀ ਗਈ, ਜਿਸ ਨੇ ਥਾਂ-ਥਾਂ ਤੋਂ ਖ਼ਾਲਸਾ ਫ਼ੌਜ ਹਟਾ ਕੇ ਆਪ ਨਾਕਿਆਂ ਪਰ ਕਬਜ਼ਾ ਕਰਨ ਦਾ ਯਤਨ ਕੀਤਾ। ਪਰ ਸਿੰਘਾਂ ਨੂੰ ਸਿੱਖ ਰਾਜ ਦੇ ਨਾ ਰਹਿਣ ਦੀ ਖ਼ਬਰ ਨਹੀਂ ਸੀ ਅਤੇ ਡੋਗਰਿਆਂ ਨੂੰ ਡੋਗਰਾ ਰਾਜ ਹੋਣ ਦੀ ਹੈਂਕੜ ਸੀ, ਜਿਸ ਕਰਕੇ ਆਪੋ ਵਿੱਚ ਸਖ਼ਤ ਕਟਾ-ਵੱਢ ਹੋਈ।
ਸਿੱਖਾਂ ਨੂੰ ਤਾਂ ਪਿੱਛੋਂ ਮਦਦ ਪੁੱਜਣੀ ਹੀ ਨਹੀਂ ਸੀ, ਇਸ ਲਈ ਚੰਗੇ ਆਹੂ ਲਾਹੁਣ ਮਗਰੋਂ ਵੀ ਮੈਦਾਨ ਡੋਗਰਾ ਫ਼ੌਜ ਦੇ ਹੱਥ ਰਹਿੰਦਾ ਗਿਆ ਤੇ ਡੋਗਰਿਆਂ ਨੇ ਵੱਡੀ ਬੇ-ਤਰਸੀ ਨਾਲ ਸਿੰਘਾਂ ਦਾ ਕਈ ਥਾਵਾਂ ’ਤੇ ਉੱਕਾ ਨਾਮ-ਨਿਸ਼ਾਨ ਮਿਟਾ ਦਿੱਤਾ ਅਤੇ ਕਈ ਥਾਈਂ ਵੱਡੇ-ਵੱਡੇ ਸਰਦਾਰਾਂ ਨੂੰ ਕੈਦ ਵਿੱਚ ਰੱਖ ਕੇ ਤੱਤਾ ਪਾਣੀ ਤੇ ਲੂਣ ਦੇ ਦੇ ਕੇ ਤਸੀਹਿਆਂ ਨਾਲ ਪਾਰ ਬੁਲਾਇਆ, ਜਿਸ ਕਰਕੇ ਆਖ਼ਰੀ ਸਮੇਂ ਪਰ ਬਹੁਤ ਥੋੜੇ ਸਿੰਘ ਕਸ਼ਮੀਰ_ਮੰਡਲ ਵਿੱਚ ਇਲਾਕਾ ਤਰਾਲ, ਕਰੇਵਾ, ਇੱਛਾ ਹਾਮਾ, ਪਟਨ ਤੇ ਸਿੰਘਪੁਰਾ, ਸਿਆਲਕੋਟ ਵਗੈਰਾ ਤੇ ਇਲਾਕਾ ਪੁਣਛ, ਪਰਲ, ਬਾਗ, ਡੰਨਾ, ਚਕਾਰ ਜਾਂ ਮੁਜ਼ੱਫ਼ਰਬਾਦ, ਗਲੀਆਂ ਵਗੈਰਾ ਵਿੱਚ ਹੀ ਰਹਿ ਗਏ। ਕਹਿੰਦੇ ਹਨ ਜੇ ਕਦੀ ਰਾਜਾ ਗੁਲਾਬ ਸਿੰਘ ਜੀ ਹੋਰ ਇੱਕ ਮਹੀਨਾ ਕਸ਼ਮੀਰ ਨਾ ਪੁੱਜਦੇ, ਤਦ ਸਿੱਖਾਂ ਦਾ ਕਸ਼ਮੀਰ ਵਿੱਚ ਨਾਮੋ-ਨਿਸ਼ਾਨ ਨਾ ਵੇਖਣ ਵਿੱਚ ਆਉਦਾ। ਕਿਉਕਿ ਇੱਕ ਪਾਸੇ ਤਾਂ ਮੁਸਲਮਾਨ ਸਿੱਖਾਂ ਦੇ ਪਹਿਲੋਂ ਹੀ ਵੈਰੀ ਬਣੇ ਬੈਠੇ ਸਨ, ਉੱਪਰੋਂ ਡੋਗਰਾ ਫ਼ੌਜ ਕਈ ਤਰਾਂ ਦੇ ਬਦਲਿਆਂ ਦੀ ਚਾਹ ਵਿੱਚ ਭੁੱਖੇ ਬਘਿਆੜਾਂ ਵਾਂਙ ਜਾ ਪੁੱਜੀ ਸੀ।
ਇਹੀ ਕਾਰਨ ਹੈ ਕਿ ਕਸ਼ਮੀਰ ਦੇਸ ਦੇ ਨਿਵਾਸੀ ਸਿੰਘ, ਧਨ, ਮਾਲ, ਅਹੁਦੇ, ਇੱਜ਼ਤ ਤੋਂ ਖ਼ਾਲੀ ਬੇਪੱਰ ਕੀਤੇ ਹੋਏ ਪੰਛੀਆਂ ਦੀ ਤਰਾਂ ਅਜੇ ਤੱਕ ਇੱਕ ਸੌ ਸਾਲ ਦੇ ਕਰੀਬ ਸਮਾਂ ਗੁਜ਼ਰਨ ’ਤੇ ਹੋਸ਼ ਨਹੀਂ ਸੰਭਾਲ ਸਕੇ। ਭਾਵੇਂ ਮਹਾਰਾਜਾ ਗੁਲਾਬ ਸਿੰਘ ਜੀ ਵੱਲੋਂ ਸਿੰਘਾਂ ਨੂੰ ਪਰਵਾਨੇ ਦਿੱਤੇ ਗਏ ਅਤੇ ਭਰੋਸਾ ਦਿਵਾਇਆ ਗਿਆ ਕਿ ਬਹੁਤ ਕੁਝ ਰਿਆਇਤਾਂ ਤੁਸਾਂ ਨਾਲ ਕੀਤੀਆਂ ਜਾਣਗੀਆਂ, ਜੈਸਾ ਕਿ ਤਿਣੀ ਮਾਫ਼, ਬੇਗਾਰ ਮਾਫ਼, ਕਈ ਥਾਈਂ ਗੁਰਦੁਆਰੇ ਅਤੇ ਹੋਰ ਰਈਸਾਂ ਨੂੰ ਜ਼ਮੀਨਾਂ ਮਾਫ਼, ਪ੍ਰੰਤੂ ਧੀਰੇ-ਧੀਰੇ ਨਾ ਤਾਂ ਇਨਾਂ ਨੂੰ ਇਲਮ ਵਿੱਚ, ਨਾ ਅਹੁਦੇ ਵਿੱਚ, ਨਾ ਇੱਜ਼ਤ ਵਿੱਚ ਅੱਗੇ ਕੀਤਾ ਗਿਆ ਤੇ ਨਾ ਹੀ ਉਨਾਂ ਨੂੰ ਰਿਆਇਤਾਂ ਦਾ ਭਾਗੀ ਰਹਿਣ ਦਿੱਤਾ ਗਿਆ।
ਇੱਥੇ ਹੀ ਬਸ ਨਹੀਂ, ਬਲਕਿ ਹੁਣ ਤਾਂ ਮਿਲਟਰੀ ਹਿੱਸੇ ਵਿੱਚੋਂ ਕਤੱਈ ਸਿੱਖਾਂ ਨੂੰ ਅਲਹਿਦਾ ਕਰ ਦਿੱਤਾ ਗਿਆ ਹੈ, ਜਿਸ ਕਰਕੇ ਕੋਈ ਸਿੱਖ ਫ਼ੌਜੀ ਮਹਿਕਮੇ ਵਿੱਚ ਜਾ ਹੀ ਨਹੀਂ ਸਕਦਾ।
ਇਸ ਵੇਲੇ ਤੋਂ ੪੦,੦੦੦ ਵਧੀਕ ਸਿੱਖ, ਗੌਰਮਿੰਟ ਜੰਮੂ ਕਸ਼ਮੀਰ ਦੀ ਰਿਆਇਆ ਹੀ ਨਹੀਂ ਬਲਕਿ ਸਮੇਂ ਸਿਰ ਇੱਕ ਮਜ਼ਬੂਤ ਭੇਜਾ (ਬਾਂਹ) ਆਪਣੇ ਆਪ ਨੂੰ ਮੰਨੀ ਬੈਠੇ ਹਨ, ਉੱਥੇ ਉੱਕਤ ਰਈਸ ਜਾਂ ਹੁਕਮਰਾਨ ਉਨਾਂ ਨੂੰ ਇਸ ਯੋਗ ਸਾਬਤ ਹੋਣ ਵਿੱਚ ਪੂਰਾ-ਪੂਰਾ ਧਿਆਨ ਨਹੀਂ ਦੇ ਰਹੇ। ਪ੍ਰਮਾਤਮਾ ਕਿਰਪਾ ਕਰੇ ਜੋ ਹਰ ਇੱਕ ਹਿੱਸੇ (ਰਾਜਾ ਪਰਜਾ) ਦੇ ਦਿਲ ਦਿਮਾਗ਼ ਵਿੱਚ ਪਰਸਪਰ ‘ਆਤਮਾ ਸਰਬ ਭੂਤਾਨੂੰ’ ਦਾ ਭਾਵ ਤੇ ਸ਼ਿਵ ਜੀ ਮਹਾਰਾਜ ਜੀ ਦੀ ਨੀਤੀ ਦਾ ਅਸਰ ਕਾਇਮ ਹੋਵੇ, ਜਿਸ ਕਰਕੇ ‘ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਹੁੰਦਾ ਰਹੇ।
ਇਸ ਵੇਲੇ ੪੦ ਹਜ਼ਾਰ ਤੋਂ ਵਧੀਕ ਸਟੇਟ ਸਬਜੈਕਟ ਸਿੱਖਾਂ ਵਿੱਚ ਨਾ ਤਾਂ ੪੦ ਸਿੱਖਾਂ ਤੋਂ ਬਿਨਾਂ ਖੇਤੀ ਦੇ ਕੰਮ ਤੋਂ ਹੋਰ ਕਿਸੀ ਹੁਨਰ ਦੇ ਮਾਹਿਰ ਹਨ, ਨਾ ਹੀ ੨੦ ਇੰਨਟ੍ਰੈਂਸ ਪਾਸਾਂ ਤੋਂ ਅੱਗੇ ਵਧੇ ਹਨ। ਨਾ ਹੀ ੪ ਗ੍ਰੈਜੂਏਟ ਹਨ, ਨਾ ਹੀ ੨ ਗੈਜ਼ਟਿਡ ਆਫ਼ੀਸਰ ਹਨ, ਨਾ ਹੀ ੧ ਸਿੱਖ ਕਿਸੀ ਦੂਜੇ ਦੇਸ ਵਿੱਚ ਸਰਕਾਰੀ ਵਜ਼ੀਫ਼ੇ ’ਤੇ ਭੇਜਿਆ ਗਿਆ ਹੈ। ਹਾਲਾਂਕਿ ਹੋਰ ਸੈਂਕੜੈ ਟੈਕਨੀਕ ਵਿੱਚ ਮਾਹਿਰ ਹੋ ਜਾਣਗੇ, ਇੰਨਟ੍ਰੈਂਸ ਤੋਂ ਅੱਗੇ ਦਰਜਨਾਂ ਗ੍ਰੈਜੂਏਟ ਤੇ ਗ਼ੈਜ਼ਟਿਡ ਆਫ਼ੀਸਰ ਜਾਂ ਦੂਜੇ ਮੁਲਕਾਂ ਨੂੰ ਵਜ਼ੀਫ਼ਿਆਂ ’ਤੇ ਭੇਜੇ ਗਏ ਹਨ।
ਇਤਿਹਾਸ ਦੱਸਦਾ ਹੈ ਕਿ ਕਸ਼ਮੀਰ-ਵਾਸੀ ਸਿੱਖ ਕਿੱਥੋਂ ਤੱਕ ਚੜਦੀ ਕਲਾ ਵਿੱਚ ਪਹਿਲੇ ਸਨ ਤੇ ਹੁਣ ਉਨਾਂ ਦੀ ਕੀ ਹਾਲਤ ਹੈ।
_ਅਕਾਲੀ ਕੌਰ ਸਿੰਘ