ਨਵੀਂ ਦਿੱਲੀ/ਪੰਜਾਬ ਪੋਸਟ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਿ੍ਰਮ ਜ਼ਮਾਨਤ ਮਿਲਣ ਉੱਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਤਿਕਿਰਿਆ ਆਈ ਹੈ। ਕੇਜਰੀਵਾਲ ਨੂੰ ਮਿਲੀ ਰਾਹਤ ਸਬੰਧੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਇਸ ਸਮੁੱਚੀ ਰਾਹਤ ਦੇ ਬਾਵਜੂਦ ਆਮ ਲੋਕਾਂ ਦੇ ਮਨਾਂ ਵਿੱਚ ਇਸ ਸਮੁੱਚੇ ਘਟਨਾਕ੍ਰਮ ਅਤੇ ਇਸ ਦੇ ਕਾਰਨ ਦਾ ਅਸਰ ਜ਼ਰੂਰ ਨਜ਼ਰ ਆਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਲੋਕ ਸਭਾ ਚੋਣਾਂ ਲਈ ਪ੍ਰਚਾਰ ਤਾਂ ਕਰ ਸਕਦੇ ਹਨ, ਪਰ ਦੇਸ਼ ਦੇ ਲੋਕ, ਦਿੱਲੀ ਸਰਕਾਰ ਦੇ ਸ਼ਰਾਬ ਘੁਟਾਲੇ ਨੂੰ ਜ਼ਰੂਰ ਯਾਦ ਕਰਨਗੇ। ਇੱਕ ਟੀ.ਵੀ. ਚੈਨਲ ਨਾਲ ਵਿਸ਼ੇਸ਼ ਗੱਲਬਾਤ ਵਿੱਚ ਅਮਿਤ ਸ਼ਾਹ ਨੇ ਇਹ ਗੱਲ ਸਾਂਝੀ ਕੀਤੀ ਹੈ। ਅਰਵਿੰਦ ਕੇਜਰੀਵਾਲ ਫਿਲਹਾਲ ਅੰਤਿ੍ਰਮ ਜ਼ਮਾਨਤ ’ਤੇ ਹਿਰਾਸਤ ਤੋਂ ਬਾਹਰ ਆ ਗਏ ਹਨ ਅਤੇ ਹੁਣ ਉਨ੍ਹਾਂ ਨੂੰ 1 ਜੂਨ ਤੋਂ ਬਾਅਦ ਆਤਮ ਸਮਰਪਣ ਕਰਨਾ ਹੋਵੇਗਾ, ਪਰ ਕੇਂਦਰੀ ਗ੍ਰਹਿ ਮੰਤਰੀ ਦਾ ਮੰਨਣਾ ਹੈ ਕਿ ਸ਼ਰਾਬ ਘੋਟਾਲੇ ਦਾ ਪਰਛਾਵਾਂ ਏਸ ਜ਼ਮਾਨਤ ਦੇ ਸਮੇਂ ਦੌਰਾਨ ਨਾਲ ਹੀ ਚੱਲੇਗਾ।