*ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਭੇਜੇ ਜਾਣ ਦੀ ਚਰਚਾ ਤੇਜ਼ ਹੋਈ
ਲੁਧਿਆਣਾ/ਪੰਜਾਬ ਪੋਸਟ
ਆਮ ਆਦਮੀ ਪਾਰਟੀ ਨੇ ਲੁਧਿਆਣਾ (ਪੱਛਮੀ) ਦੀ ਜ਼ਿਮਨੀ ਚੋਣ ਲਈ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਭਾਵੇਂ ਚੋਣ ਕਮਿਸ਼ਨ ਨੇ ਇਸ ਜ਼ਿਮਨੀ ਚੋਣ ਦਾ ਹਾਲੇ ਐਲਾਨ ਨਹੀਂ ਕੀਤਾ ਹੈ ਪਰ ‘ਆਪ’ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਸੰਜੀਵ ਅਰੋੜਾ ਨੂੰ ਰਸਮੀ ਤੌਰ ’ਤੇ ਉਮੀਦਵਾਰ ਐਲਾਨ ਦਿੱਤਾ ਹੈ। ਇਸ ਐਲਾਨ ਮਗਰੋਂ ਚਰਚੇ ਤੇਜ਼ ਹੋ ਗਏ ਹਨ ਕਿ ਪੰਜਾਬ ਤੋਂ ਰਾਜ ਸਭਾ ਉਮੀਦਵਾਰ ਵਜੋਂ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਨੂੰ ਉਤਾਰਿਆ ਜਾ ਸਕਦਾ ਹੈ। ਦੂਜੇ ਬੰਨੇ, ‘ਆਪ’ ਨੇ ਇਸ ਨੂੰ ਅਫਵਾਹਾਂ ਕਰਾਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਜੁਲਾਈ ਤੋਂ ਪਹਿਲਾਂ ਹੋ ਸਕਦੀ ਹੈ। ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਜਦੋਂ ਮੀਡੀਆ ਨੇ ਗੱਲਬਾਤ ਦੌਰਾਨ ਇਸ ਬਾਰੇ ਪੁੱਛਿਆ ਕਿ ਉਪਰੋਕਤ ਦੋਵੇਂ ਆਗੂਆਂ ’ਚੋਂ ਕੋਈ ਇਹ ਸੀਟ ਖ਼ਾਲੀ ਹੋਣ ’ਤੇ ਇੱਥੋਂ ਰਾਜ ਸਭਾ ’ਚ ਜਾਵੇਗਾ ਤਾਂ ਜੁਆਬ ’ਚ ਸੰਧਵਾਂ ਨੇ ਇਸ ਨੂੰ ਰੱਦ ਨਹੀਂ ਕੀਤਾ। ਸੰਧਵਾਂ ਨੇ ਕਿਹਾ ਕਿ ਹਰ ਪਾਰਟੀ ਕੋਲ ਇਹ ਫ਼ੈਸਲਾ ਕਰਨ ਦਾ ਅਧਿਕਾਰ ਹੈ ਕਿ ਉਸ ਨੇ ਕਿਸ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਨਾ ਹੈ। ਸੰਧਵਾਂ ਨੇ ਕਿਹਾ ਕਿ ਪਾਰਟੀ ਤੈਅ ਕਰੇਗੀ ਕਿ ਰਾਜ ਸਭਾ ’ਚ ਕੌਣ ਜਾਵੇਗਾ ਅਤੇ ਇਸ ’ਚ ਕੋਈ ਗੈਰ-ਕਾਨੂੰਨੀ ਗੱਲ ਨਹੀਂ ਹੈ।