ਸਾਡੇ ਇਤਿਹਾਸ ਵਿੱਚ ਵਿਸਾਖੀ ਦਾ ਤਿਉਹਾਰ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਵਿਸਾਖੀ ਦੇ ਤਿਓਹਾਰ ਦਾ ਧਾਰਮਿਕ, ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਪਹਿਲੂ ਵੀ ਮੰਨਿਆ ਜਾਂਦਾ ਹੈ, ਪਰ ਪ੍ਰਮੁੱਖ ਤੌਰ ਉੱਤੇ ਸਿੱਖ ਇਤਿਹਾਸ ਵਿੱਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਸੰਨ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸ ਲਈ ਸਮੂਹ ਸਿੱਖ ਭਾਈਚਾਰਾ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਵਸ ਵਜੋਂ ਮਨਾਉਂਦਾ ਹੈ। ਇਸ ਦਿਨ ਨੂੰ ਵੈਸਾਖ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ। ਇਸੇ ਤਰਾਂ, ਇਹ ਤਿਉਹਾਰ ਹਾੜੀ ਦੀ ਫਸਲ (ਕਣਕ ਦੀ ਫਸਲ) ਪੱਕਣ ਦੀ ਖੁਸ਼ੀ ਵਿੱਚ ਵੀ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਇਸ ਦਿਨ ਕਈ ਥਾਵਾਂ ’ਤੇ ਹੁਣ ਵੀ ਭਾਰੀ ਮੇਲੇ ਆਦਿ ਵੀ ਲੱਗਦੇ ਹਨ ਅਤੇ ਗੁਰਦੁਆਰਿਆਂ ਵਿੱਚ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ।
ਵਿਸਾਖੀ ਦੇ ਤਿਓਹਾਰ ਨੇ ਪੰਜਾਬ ਦੇ ਸੱਭਿਆਚਾਰ ਵਿੱਚ ਲੰਮੇ ਸਮੇਂ ਤੋਂ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ ਹੈ, ਪਰ ਨਾਲ ਹੀ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਚਿਹਰੇ ’ਤੇ ਰੌਣਕ, ਖ਼ੁਸ਼ੀਆਂ ਅਤੇ ਖੇੜੇ ਲਿਆਉਣ ਵਾਲਾ ਇਹ ਤਿਉਹਾਰ ਖੇਤੀ ਨਾਲ ਜੁੜਿਆ ਹੋਇਆ ਹੈ। ਇਸ ਦਿਵਸ ਮੌਕੇ ਕਣਕ ਦੀ ਪੈਦਾਵਾਰ ਨੂੰ ਪ੍ਰਮੁੱਖਤਾ ਨਾਲ ਦੇਖਿਆ ਜਾਂਦਾ ਹੈ, ਜਿਸ ਦੀ ਸੁਰੱਖਿਆ ਅਤੇ ਵਾਧੇ ਲਈ ਨਿਰੰਤਰ ਅਰਦਾਸ ਕੀਤੀ ਜਾਂਦੀ ਹੈ। ਇਸ ਖਿੱਤੇ ਵਿੱਚ ਪੈਦਾ ਹੋਣ ਵਾਲੇ ਅਨਾਜ ਨੇ ਕੇਵਲ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਦੀ ਹੀ ਪੂਰਤੀ ਨਹੀਂ ਕੀਤੀ ਬਲਕਿ ਦੇਸ਼ ਦੀਆਂ ਅੰਨ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਵੱਡਾ ਹਿੱਸਾ ਪਾਇਆ ਹੈ। ਇਸ ਲਈ ਇਹ ਫ਼ਸਲ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦੇ ਲੋਕਾਂ ਲਈ ਖ਼ੁਸ਼ੀਆਂ ਪੈਦਾ ਕਰਨ ਵਿੱਚ ਯੋਗਦਾਨ ਪਾਉਂਦੀ ਹੈ। ਇਸ ਮੌਸਮ ਦੌਰਾਨ ਪੰਜਾਬ ਦੇ ਲੋਕਾਂ ਦੇ ਚਿਹਰੇ ’ਤੇ ਦਿਖਾਈ ਦਿੰਦੀ ਖ਼ੁਸ਼ੀ ਨੂੰ ਭਾਵੇਂ ਬਹੁਤ ਸਾਰੇ ਕਵੀਆਂ ਨੇ ਰੂਪਮਾਨ ਕੀਤਾ ਹੈ, ਪਰ ਧਨੀ ਰਾਮ ਚਾਤਿ੍ਰਕ ਦੀ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਸਿਰਲੇਖ ਅਧੀਨ ਕਵਿਤਾ ਦਾ ਵਿਸਾਖੀ ਮੌਕੇ ਪੰਜਾਬੀਆਂ ਦੇ ਮਨਾਂ ’ਤੇ ਸਭ ਤੋਂ ਵਧੇਰੇ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਪੰਜਾਬ ਦੇ ਲੋਕ ਬਹੁਤ ਹੀ ਖ਼ੁਸ਼ੀ, ਜੋਸ਼, ਉਤਸ਼ਾਹ ਅਤੇ ਚਾਅ ਨਾਲ ਇਸ ਕਵਿਤਾ ਦਾ ਗਾਇਨ ਕਰਦੇ ਹਨ ਅਤੇ ਹੁਣ ਇਹ ਕਵਿਤਾ ਲੋਕ ਮਨਾਂ ਵਿੱਚ ਵਿਸਾਖੀ ਦੇ ਨਾਲ ਹੀ ਪ੍ਰਵੇਸ਼ ਕਰ ਗਈ ਹੈ।
ਧਾਰਮਿਕ ਪੱਖ ਤੋਂ ਜੇਕਰ ਗੱਲ ਕਰੀਏ ਤਾਂ ਸਾਹਿਬੇ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਖਾਲਸਾ ਸਾਜਨਾ ਦਾ ਮੰਤਵ ਬੜਾ ਸਪੱਸ਼ਟ ਅਤੇ ਪਵਿੱਤਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਦਾ ਆਦਰਸ਼ ਮਨੁੱਖਤਾ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਬੰਧਨਾਂ ਤੋਂ ਮੁਕਤ ਕਰਵਾ ਕੇ ਇੱਕ ਨਿਆਰੀ ਕੌਮ ਦੇ ਰੂਪ ਵਿੱਚ ਪੇਸ਼ ਕਰਨਾ ਸੀ। ਗੁਰੂ ਸਾਹਿਬਾਨ ਜੀ ਨੇ ਇਸੇ ਦਿਸ਼ਾ ਵਿੱਚ ਕਾਰਜ ਕੀਤਾ ਅਤੇ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਯਤਨ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਕਲਪ ਦੀ ਸੇਧ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਨਾਲ ਲਿਤਾੜੇ ਅਤੇ ਨਿਮਾਣੇ ਲੋਕਾਂ ਵਿੱਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਗਿੱਦੜਾਂ ਤੋਂ ਸ਼ੇਰ ਬਣ ਸਵਾ-ਸਵਾ ਲੱਖ ਅੱਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਹੋ ਗਏ। ਉਨਾਂ ਨੇ ਏਕਤਾ, ਸਮਾਨਤਾ ਅਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਲਈ। ਸਿੱਖ ਇਤਿਹਾਸ ਵਿੱਚ ਅੰਕਿਤ ਸਿੱਖ ਸੂਰਮਗਤੀ ਦੀਆਂ ਅਨੇਕਾਂ ਮਿਸਾਲਾਂ ਇਸ ਗੱਲ ਦੀ ਤਸਦੀਕ ਵਜੋਂ ਮਿਸਾਲ ਬਣਦੀਆਂ ਹਨ।
ਇੱਕ ਆਦਰਸ਼ਕ ਭਾਵ ਹਲੇਮੀ ਸਮਾਜ ਦੀ ਸਥਾਪਤੀ ਲਈ ਖਾਲਸਾ ਪੰਥ ਦੀ ਸਾਜਨਾ ਸਾਜਨਾ ਇੱਕ ਮਹੱਤਵਪੂਰਨ ਘਟਨਾ ਹੈ, ਜਿਸ ਨੇ ਦੁਨੀਆਂ ਦੇ ਧਾਰਮਿਕ ਇਤਿਹਾਸ ਨੂੰ ਕ੍ਰਾਂਤੀਕਾਰੀ ਮੋੜ ਦਿੱਤਾ। ਇਹ ਆਮ ਗੱਲ ਨਹੀਂ, ਸਗੋਂ ‘ਪ੍ਰਮਾਤਮ ਕੀ ਮੌਜ’ ਦਾ ਅਲੌਕਿਕ ਪ੍ਰਗਟਾਵਾ ਸੀ। ਖ਼ਾਲਸਾ ਪੰਥ ਦੀ ਸਿਰਜਣਾ ਕਰਨ ਸਮੇਂ ਦਸਮ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਵਿੱਚ ਵੱਖ-ਵੱਖ ਥਾਵਾਂ ਤੋਂ ਆਏ ਭਿੰਨ-ਭਿੰਨ ਜਾਤਾਂ ਦੇ ਲੋਕਾਂ ਨੂੰ ਸ਼ਾਮਲ ਕਰਕੇ, ਜਾਤ ਪਾਤ ਅਤੇ ਭੇਦ ਭਾਵ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਜਾਤ-ਪਾਤ, ਭੇਦ ਭਾਵ ਅਤੇ ਵਰਣ ਵੰਡ ਉਸ ਸਮੇਂ ਸਮਾਜ ਨੂੰ ਇੱਕ ਭਿਆਨਕ ਬੀਮਾਰੀ ਦੀ ਤਰਾਂ ਚਿੰਬੜੀ ਹੋਈ ਸੀ। ਇਹ ਮਨੁੱਖੀ ਸਵੈਮਾਣ ਨੂੰ ਭਾਰੀ ਸੱਟ ਮਾਰਦਿਆਂ ਮਨੁੱਖਤਾ ਦਾ ਮੂੰਹ ਚਿੜਾ ਰਹੀ ਸੀ। ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਸਿਧਾਂਤ ਨੂੰ ਅਮਲ ਵਿੱਚ ਲਿਆ ਕੇ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਇੱਕੋ ਹੀ ਬਾਟੇ ’ਚੋਂ ਅੰਮਿ੍ਰਤ ਛਕਾਇਆ ਅਤੇ ਊਚ-ਨੀਚ ਤੇ ਭੇਦ-ਭਾਵ ਨੂੰ ਸਦਾ ਲਈ ਮਿਟਾ ਦਿੱਤਾ। ਗੁਰੂ ਸਾਹਿਬ ਜੀ ਦੀ ਹੋਰ ਵਡਿਆਈ ਵੇਖੋ। ਉਨਾਂ ਨੇ ਅੰਮਿ੍ਰਤ ਛਕਾਉਣ ਮਗਰੋਂ ਪੰਜ ਪਿਆਰਿਆਂ ਨੂੰ ਕਿਹਾ ਕਿ ‘ਹੁਣ ਮੈਨੂੰ ਵੀ ਅੰਮਿ੍ਰਤ ਦੀ ਦਾਤ ਬਖਸ਼ੋ’। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਅੰਕਿਤ ਹੈ, ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥’ ਇਸ ਤੋਂ ਪਹਿਲਾਂ ਧਰਮ ਇਤਿਹਾਸ ਅੰਦਰ ਅਜਿਹਾ ਵਾਕਿਆਤ ਕਿਧਰੇ ਵੀ ਸਾਹਮਣੇ ਨਹੀਂ ਸੀ ਆਇਆ ਕਿ ਕਿਸੇ ਧਰਮ ਦੇ ਰਹਿਬਰ ਜਾਂ ਆਗੂ ਨੇ ਆਪਣੇ ਪੈਰੋਕਾਰਾਂ ਨੂੰ ਆਪਣੇ ਤੋਂ ਉੱਪਰ ਰੱਖਿਆ ਹੋਵੇ ਅਤੇ ਉਨਾਂ ਨੂੰ ਆਦੇਸ਼ ਕਰਨ ਦੀ ਤਾਕਤ ਵੀ ਬਖਸ਼ੀ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਕਰਕੇ ਖਾਲਸੇ ਨੂੰ ਇੱਕ ਲਾਸਾਨੀ ਵਡਿਆਈ ਬਖ਼ਸ਼ਿਸ਼ ਕੀਤੀ।
ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਇਤਿਹਾਸ ’ਤੇ ਹੋਰ ਝਾਤ ਪਾਈਏ ਤਾਂ ਇਸ ਕਾਰਜ ਦੀ ਸੰਪੂਰਨਤਾ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਸਿਆਸੀ, ਸਮਾਜਿਕ ਅਤੇ ਧਾਰਮਿਕ ਪੜਚੋਲ ਤੋਂ ਪਿੱਛੋਂ 1699 ਈ. ਦੀ ਵੈਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਇਕੱਠ ਲਈ ਸੰਗਤਾਂ ਨੂੰ ਵਿਸ਼ੇਸ਼ ਸੱਦੇ ਭੇਜੇ ਸਨ। ਗੁਰੂ ਸਾਹਿਬ ਦੇ ਇਸ ਸੱਦੇ ’ਤੇ ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ। ਭਰੇ ਦੀਵਾਨ ਵਿੱਚ ਗੁਰੂ ਸਾਹਿਬ ਨੇ ਵਾਰੀ ਵਾਰੀ ਪੰਜ ਸੀਸ ਮੰਗੇ, ਜਿਸ ’ਤੇ ਖਰਾ ਉਤਰਦਿਆਂ ਪੰਜ ਮਰਜੀਵੜਿਆਂ ਨੇ ਆਪਣੇ ਸੀਸ ਭੇਟ ਕੀਤੇ। ਦਸਮ ਪਾਤਸ਼ਾਹ ਜੀ ਨੇ ਇਨਾਂ ਨੂੰ ਅੰਮਿ੍ਰਤ ਛਕਾ ਕੇ ਉਨਾਂ ਦੇ ਨਾਂਅ ਨਾਲ ‘ਸਿੰਘ’ ਲਾਇਆ ਅਤੇ ਸੰਦੇਸ਼ ਦਿੱਤਾ ਕਿ ‘ਅੱਜ ਤੋਂ ਉਨਾਂ ਦਾ ਇੱਕ ਨਵਾਂ ਜਨਮ ਹੋਇਆ ਹੈ ਅਤੇ ਉਨਾਂ ਦੀਆਂ ਪਿਛਲੀਆਂ ਜਾਤਾਂ-ਗੋਤਾਂ ਸਭ ਖ਼ਤਮ ਹੋਣ ਤੋਂ ਬਾਅਦ ਹੁਣ ਓਹ ਖ਼ਾਲਸਾ ਬਣੇ ਹਨ’। ਇਸ ਤਰਾਂ ਖ਼ਾਲਸਾ ਪੰਥ ਦੀ ਸਿਰਜਣਾ ਆਤਮਿਕ ਏਕਤਾ ਅਤੇ ਇਕਸੁਰਤਾ ਦੇ ਨਾਲ-ਨਾਲ ਸਮਾਜਿਕ ਬਰਾਬਰੀ ਅਤੇ ਸਦਭਾਵਨਾ ਦੀ ਪ੍ਰਤੀਕ ਬਣੀ। ਗੁਰੂ ਸਾਹਿਬ ਨੇ ਖਾਲਸੇ ਨੂੰ ਰਹਿਣੀ ਵੀ ਨਿਰਾਲੀ ਬਖਸ਼ਿਸ਼ ਕੀਤੀ, ਜਿਸ ਨੂੰ ਅਪਣਾ ਕੇ ਖ਼ਾਲਸਾ ਪੰਥ ਹਮੇਸ਼ਾ ਆਤਮਕ ਏਕਤਾ ਅਤੇ ਇਕਸੁਰਤਾ, ਸਮਾਜਿਕ ਬਰਾਬਰੀ ਅਤੇ ਸਦਭਾਵਨਾ, ਸੱਭਿਆਚਾਰਕ ਚੇਤਨਾ ਅਤੇ ਰਾਜਨੀਤਕ ਜਥੇਬੰਦੀ ਪ੍ਰਤੀ ਸਮਰਪਿਤ ਰਿਹਾ। ਇਸ ਪੈਂਡੇ ’ਤੇ ਚੱਲਦਿਆਂ ਖਾਲਸਾ ਪੰਥ ਨੂੰ ਸਮੇਂ-ਸਮੇਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਇਨਾਂ ਤਮਾਮ ਚਣੌਤੀਆਂ ਵਿੱਚੋਂ ਖ਼ਾਲਸਾ ਪੰਥ ਹਮੇਸ਼ਾ ਚੜਦੀ ਕਲਾ ਨਾਲ ਅੱਗੇ ਨਿਕਲਿਆ ਅਤੇ ਲਗਾਤਾਰ ਨਿਆਰੀ ਚਾਲੇ ਤੁਰਦਾ ਜਾ ਰਿਹਾ ਹੈ ਅਤੇ ਖਾਲਸੇ ਦੀ ਇਸੇ ਨਿਆਰੀ ਹਸਤੀ ਨੂੰ ਅੱਜ ਸਾਰੀ ਦੁਨੀਆਂ ਵੇਖਦੀ ਹੈ। ਵਿਸਾਖੀ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਦੀ ਇਤਿਹਾਸਕ ਯਾਦ ਦੇ ਨਾਲ-ਨਾਲ ਦਸਮ ਪਿਤਾ ਵੱਲੋਂ ਬਖਸ਼ੀ ਦਸਤਾਰ ਦੀ ਅਹਿਮੀਅਤ ਨੂੰ ਵੀ ਉਜਾਗਰ ਕਰਨ ਹਿੱਤ ਇਸ ਦਿਨ ਨੂੰ ‘ਦਸਤਾਰ ਦਿਵਸ’ ਵਜੋਂ ਵੀ ਮਨਾਇਆ ਜਾਂਦਾ ਹੈ।
ਸਮੇਂ ਦੇ ਨਾਲ ਨਾਲ ਵਿਸਾਖੀ ਦੇ ਇਸੇ ਦਿਨ ਇੱਕ ਹੋਰ ਘਟਨਾਕ੍ਰਮ ਵੀ ਵਾਪਰਿਆ ਸੀ ਜਿਸ ਦਾ ਜ਼ਿਕਰ ਕਰਨਾ ਬਣਦਾ ਹੈ। 13 ਅਪ੍ਰੈਲ 1919 ਦੀ ਸ਼ਾਮ ਨੂੰ ਅੰਮਿ੍ਰਤਸਰ ਦੇ ਜਲਿਆਂਵਾਲੇ ਬਾਗ਼ ਵਿੱਚ ਇਕੱਠੇ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਬਰਤਾਨਵੀ ਹਕੂਮਤ ਦੇ ਲਾਏ ਜਨਰਲ ਡਾਇਰ ਨੇ ਗੋਲੀ ਦਾ ਨਿਸ਼ਾਨਾ ਬਣਾਇਆ ਸੀ। ਇਸ ਅੱਤਿਆਚਾਰ ਦੇ ਸਿੱਟੇ ਵਜੋਂ ਸੈਂਕੜੇ ਬੱਚੇ, ਬਜ਼ੁਰਗ, ਔਰਤਾਂ ਅਤੇ ਜਵਾਨ ਸ਼ਹੀਦ ਹੋ ਗਏ ਸਨ। ਵਿਸਾਖੀ ਦੇ ਦਿਨ ਹਰ ਸਾਲ ਇਨਾਂ ਸ਼ਹੀਦਾਂ ਨੂੰ ਵੀ ਯਾਦ ਕਰਦਿਆਂ ਉਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।
ਹਿੰਦੂ ਧਰਮ ਵਿੱਚ ਵੀ ਵਿਸਾਖੀ ਦਾ ਤਿਉਹਾਰ ਵਿਸ਼ੇਸ਼ ਮਹੱਤਵ ਰੱਖਦਾ ਹੈ। ਹਿੰਦੂ ਧਰਮ ਵਿੱਚ ਵਿਸਾਖੀ ਦੇ ਦਿਨ ਪੂਜਾ ਅਤੇ ਦਾਨ ਦੇਣ ਦੀ ਪ੍ਰੰਪਰਾ ਹੈ। ਹਿੰਦੂ ਮਾਨਤਾਵਾਂ ਦੇ ਅਨੁਸਾਰ, ਮੁਨੀ ਭਗੀਰਥ ਨੇ ਦੇਵੀ ਗੰਗਾ ਨੂੰ ਧਰਤੀ ’ਤੇ ਲਿਆਉਣ ਲਈ ਤਪੱਸਿਆ ਕੀਤੀ, ਮੁਨੀ ਭਗੀਰਥ ਦੀ ਤਪੱਸਿਆ ਵਿਸਾਖੀ ਦੇ ਦਿਨ ਪੂਰੀ ਹੋਈ ਸੀ। ਹਿੰਦੂ ਧਰਮ ਵਿੱਚ ਇਹ ਵੀ ਮਾਨਤਾ ਹੈ ਕਿ ਵਿਸਾਖੀ ਦੇ ਦਿਨ ਗੰਗਾ ਵਿੱਚ ਇਸ਼ਨਾਨ ਅਤੇ ਪੂਜਾ ਕਰਨ ਨਾਲ ਵਿਸ਼ੇਸ਼ ਫਲ ਮਿਲਦਾ ਹੈ। ਇਸ ਤਰਾਂ, ਵਿਸਾਖੀ ਦਾ ਇਹ ਤਿਉਹਾਰ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿੱਚ ਵੀ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ ਜਿਵੇਂ ਕੇਰਲਾ ਵਿੱਚ ‘ਪੁਰਮ ਵਿਸ਼ੂ’, ਅਸਾਮ ਵਿੱਚ ‘ਬਿਹੂ’ ਅਤੇ ਬੰਗਾਲ ਵਿੱਚ ‘ਨਬਾ ਵਰਸ਼ਾ’ ਅਤੇ ਨਾਲ ਹੀ ਭਾਰਤੀ ਅਤੇ ਪੰਜਾਬੀ ਭਾਈਚਾਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਵੱਡੇ ਪੱਧਰ ’ਤੇ ਇਹ ਦਿਨ ਮਨਾਇਆ ਜਾਂਦਾ ਹੈ।
_ਪੰਜਾਬ ਪੋਸਟ






