-0.2 C
New York

ਖ਼ਾਲਸਾ ਹੋਵੈ ਖੁਦ ਖੁਦਾ

Published:

Rate this post

ਵੈਸਾਖੀ ਵਾਲੇ ਦਿਨ ੩੦ ਮਾਰਚ, ੧੬੯੯ ਈ: ਨੂੰ ਕੇਸਗੜ੍ਹ ਸਾਹਿਬ ਇੱਕ ਭਾਰੀ ਦੀਵਾਨ ਸਜਾਇਆ ਗਿਆ। ਇੱਕ ਵੱਡੇ ਸਾਹਿਬਾਨ ਦੇ ਨਾਲ ਇੱਕ ਛੋਟਾ ਜਿਹਾ ਤੰਬੂ ਲਗਾਇਆ ਗਿਆ। ਕੀਰਤਨ ਉਪਰੰਤ ਗੁਰੂ ਜੀ ਨੇ ਆਪਣੀ ਕਿ੍ਰਪਾਨ ਮਿਆਨ ’ਚੋਂ ਕੱਢੀ ਤੇ ਗਰਜ ਕੇ ਕਿਹਾ : ‘‘ਕੋਈ ਹੈ ਜੋ ਗੁਰੂ ਨਾਨਕ ਤੇ ਅੱਠਾਂ ਗੁਰੂ ਸਾਹਿਬਾਨ ਦੇ ਆਸ਼ਿਆਂ ਤੇ ਨਿਸ਼ਾਨਿਆਂ ਲਈ ਜਾਨ ਵਾਰਨ ਲਈ ਤਿਆਰ ਹੋਵੇ?’’ ਇਹ ਸੁਣ ਕੇ ਸਾਰੇ ਪਾਸੇ ਚੱੁਪ ਛਾ ਗਈ। ਭਰੇ ਹੋਏ ਦੀਵਾਨ ਵਿੱਚ ਸੱਨਾਟਾ ਛਾ ਗਿਆ। ਥੋੜ੍ਹੀ ਦੇਰ ਪਿੱਛੋਂ ਦਇਆ ਰਾਮ ਨਾਮ ਦਾ ਲਾਹੌਰ ਦਾ ਰਹਿਣ ਵਾਲਾ ਖੱਤਰੀ ਉੱਠਿਆ। ਉਸ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਗੁਰੂ ਜੀ ਪਕੜ ਤੰਬੂ ਵਿੱਚ ਲੈ ਗਏ। ਦੀਵਾਨ ਵਿੱਚ ਬੈਠੇ ਲੋਕਾਂ ਨੂੰ ਸਿਰ ਡਿੱਗਣ ਦੀ ਆਵਾਜ਼ ਆਈ। ਖ਼ੂਨ ਨਾਲ ਰੰਗੀ ਉਸੇ ਕਿਰਪਾਨ ਨਾਲ ਗੁਰੂ ਜੀ ਨੇ ਹੋਰ ਸਿਰ ਦੀ ਮੰਗ ਕੀਤੀ। ਦੂਜੀ ਵਾਰ ਦਿੱਲੀ ਦੇ ਰਹਿਣ ਵਾਲੇ ਧਰਮ ਦਾਸ ਜੱਟ ਨੇ ਆਪਾ ਪੇਸ਼ ਕੀਤਾ। ਇਸੇ ਤਰ੍ਹਾਂ ਤਿੰਨ ਹੋਰ ਪੁਰਸ਼ਾਂ ਨੇ ਵਾਰੀ_ਵਾਰੀ ਆਪਣੇ ਆਪ ਨੂੰ ਕੁਰਬਾਨੀ ਲਈ ਪੇਸ਼ ਕੀਤਾ। ਤੀਜੀ ਵਾਰ ਜਗਨ ਨਾਥ (ਗੁਜਰਾਤ) ਦੇ ਰਹਿਣ ਵਾਲੇ ਇੱਕ ਰਸੋਈਏ ਭਾਈ ਹਿੰਮਤ ਜੀ, ਚੌਥੀ ਵਾਰੀ ਮੁਹਕਮ ਚੰਦ ਦਵਾਰਕਾ ਦੇ ਰਹਿਣ ਵਾਲੇ ਇੱਕ ਛੀਂਬੇ ਅਤੇ ਪੰਜਵੀਂ ਵਾਰੀ ਸਾਹਿਬ ਚੰਦ ਬਿਦਰ (ਆਂਧਰਾ) ਦੇ ਰਹਿਣ ਵਾਲੇ ਨਾਈ ਨੇ ਆਪਣਾ ਸੀਸ ਪੇਸ਼ ਕੀਤਾ।

ਗੁਰੂ ਜੀ ਨੇ ਉਨ੍ਹਾਂ ਨੂੰ ਸੁੰਦਰ ਪੁਸ਼ਾਕੇ ਪਹਿਣਾਏ ਅਤੇ ਸੰਗਤਾਂ ਸਾਹਮਣੇ ਲਿਆਂਦਾ। ਸੰਗਤਾਂ ਸਾਹਮਣੇ ਹੀ ਅੰਮਿ੍ਰਤ ਤਿਆਰ ਕੀਤਾ ਗਿਆ ਅਤੇ ਪੰਜਾਂ ਪਿਆਰਿਆਂ ਨੂੰ ਛਕਾ ਕੇ ਸਿੰਘ ਸਜਾਇਆ ਗਿਆ। ਉਨ੍ਹਾਂ ਦੇ ਨਾਮ ਨਾਲ ‘ਸਿੰਘ’ ਲਗਾਇਆ ਅਤੇ ਫ਼ਰਮਾਇਆ : ‘ਹੁਣ ਤੁਹਾਡੀ ਕੋਈ ਜਾਤ ਵਰਣ ਨਹੀਂ ਅਤੇ ਸਾਰੇ ਅਨੰਦਪੁਰ ਦੇ ਵਾਸੀ ਹੋ : ਅਬ ਤੇ ਕਹਹੂ ਅਨੰਦਪੁਰ ਵਾਸੀ। ਪੰਚਹੁ ਨਾਮ ਧਰੇ ਗੁਨਰਾਸੀ।’ ਉਨ੍ਹਾਂ ਪੰਜਾਂ ਨੂੰ ਗੁਰੂ ਜੀ ਨੇ ‘ਪਿਆਰੇ’ ਕਿਹਾ। ਉਨ੍ਹਾਂ ਨੂੰ ਅੰਮਿ੍ਰਤ ਛਕਾ ਕੇ ਗੁਰੂ ਜੀ ਨੇ ਆਪ ਅੰਮਿ੍ਰਤ ਛਕਣ ਦੀ ਯਾਚਨਾ ਕੀਤੀ। ਸੰਸਾਰ ਦੇ ਧਾਰਮਕ ਇਤਿਹਾਸ ਵਿੱਚ ਇਨਕਲਾਬੀ ਕਦਮ ਚੁੱਕਿਆ। ਪੰਜਾਂ ਨੇ ਅੰਮਿ੍ਰਤ ਤਿਆਰ ਕਰਕੇ ਗੁਰੂ ਜੀ ਨੂੰ ਛਕਾਇਆ। ਇਸੇ ਕਦਮ ਨੂੰ ਦੇਖ ਕੇ ਭਾਈ ਗੁਰਦਾਸ ਸਿੰਘ ਜੀ ਨੇ ਲਿਖਿਆ ਸੀ, ‘‘ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ।’’ ਅੰਮਿ੍ਰਤ ਦੀ ਰਸਮ ਪੂਰੀ ਹੋ ਜਾਣ ਉਪਰੰਤ ਹਾਜ਼ਰ ਹੋਈਆਂ ਸੰਗਤਾਂ ਨੂੰ ਗੁਰੂ ਜੀ ਨੇ ਸੰਬੋਧਨ ਕਰਦੇ ਕਿਹਾ :

‘‘ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇੱਕ ਰਾਹ ’ਤੇ ਚੱਲੋ ਅਤੇ ਇੱਕ ਧਰਮ ਅਪਣਾਓ। ਵੱਖ-ਵੱਖ ਜਾਤਾਂ ਦੇ ਵਿਖਰੇਵੇਂ ਮਿਟਾ ਦਿਓ। ਹਿੰਦੂਆਂ ਦੀਆਂ ਚਾਰ ਜਾਤਾਂ ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿੱਚ ਆਇਆ ਹੈ, ਮੁੱਢ ਤੋਂ ਮੁਕਾ ਦਿਓ ਅਤੇ ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਵੱਡਾ ਨਾ ਸਮਝੋ। ਪੁਰਾਣੇ ਧਾਰਮਿਕ ਗੰ੍ਰਥਾਂ ਉੱਤੇ ਵਿਸ਼ਵਾਸ ਨਾ ਰੱਖੋ। ਕੋਈ ਵੀ ਗਨੇਸ਼ ਆਦਿ ਵੱਲ ਧਿਆਨ ਨਾ ਦੇਵੇ। ਧਾਰਮਿਕ ਅਸਥਾਨਾਂ ਉੱਤੇ ਯਾਤਰਾ ਕਰਨੀ ਵਿਅਰਥ ਹੈ। ਰਾਮ, ਕਿ੍ਰਸ਼ਨ, ਬ੍ਰਹਮਾ ਤੇ ਦੁਰਗਾ ਆਦਿ ਨੂੰ ਪੂਜਣ ਦੀ ਕੋਈ ਲੋੜ ਨਹੀ। ਸਿਰਫ਼ ਗੁਰੂ ਨਾਨਕ ਤੇ ਬਾਕੀ ਗੁਰੂਆਂ ਉੱਤੇ ਵਿਸ਼ਵਾਸ ਲਿਆਓ। ਸਾਰੀਆਂ ਜਾਤਾਂ ਇੱਕ ਬਾਟੇ ਵਿੱਚੋਂ ਅੰਮਿ੍ਰਤ ਛਕ ਕੇ ਇੱਕ ਦੂਜੇ ਲਈ ਪਿਆਰ ਪੈਦਾ ਕਰਕੇ ਨਫ਼ਰਤ ਨੂੰ ਦੂਰ ਕਰੋ।’’
ਇਸ ਤਕਰੀਰ ਦਾ ਅਸਰ ਇਹ ਹੋਇਆ ਕਿ ਬੇਅੰਤ ਲੋਕਾਂ ਨੇ ਅੰਮਿ੍ਰਤ ਛਕਿਆ। ਗ਼ੁਲਾਮ-ਮਹੀ-ਉੱਦ-ਦੀਨ ਜੋ ਸਮਕਾਲੀ ਲਿਖ਼ਾਰੀ ਹੈ, ਲਿਖਦਾ ਹੈ : ਭਾਵੇਂ ਕਈਆਂ ਨੇ ਇੱਕ ਬਾਟੇ ਵਾਲਾ ਅੰਮਿ੍ਰਤ ਛਕਣ ਤੋਂ ਇਨਕਾਰ ਕੀਤਾ, ਪਰ ਫਿਰ ਵੀ 20,000 ਨੇ ਆਪਣੇ ਆਪ ਨੂੰ ਪੇਸ਼ ਕੀਤਾ ਤੇ ਗੁਰੂ ਦੇ ਦੱਸੇ ਹੋਏ ਹੁਕਮਾਂ ’ਤੇ ਟੁਰਨ ਦਾ ਪ੍ਰਣ ਲਿਆ।’’ ਇਤਨੀ ਭਾਰੀ ਕਾਮਯਾਬੀ ਨੂੰ ਦੇਖ ਕੇ ਹੀ ਲੈਪਲ ਗਿ੍ਰਫ਼ਨ ਨੇ ਲਿਖਿਆ ਸੀ ਕਿ ਗੁਰੂ ਜੀ ਨੇ ਖ਼ਾਲਸਾ ਉਸੇ ਤਰ੍ਹਾਂ ਤਿਆਰ ਕੀਤਾ ਜਿਵੇਂ ਜੁਪੀਟਰ ਦੇਵਤੇ ਨੇ ਆਪਣੇ ਪੱਟਾਂ ਵਿੱਚੋਂ ਮਿਨਰਵਾ ਪੈਦਾ ਕੀਤੀ ਸੀ, ਜਿਵੇਂ ਦਰਗਾ ਨੇ ਆਪਣੇ ਮੱਥੇ ਵਿੱਚੋਂ ਚੰਡੀ ਪੈਦਾ ਕੀਤੀ ਸੀ। ਇਸ ਮਿਨਰਵਾ ਤੇ ਚੰਡੀ ਨੇ ਜ਼ਾਲਮਾਂ ਦਾ ਖ਼ੂਨ ਪੀਤਾ ਤੇ ਜ਼ੁਲਮਾਂ ਨੂੰ ਸਦਾ ਲਈ ਰੋਕਿਆ।
ਪਿੱਛੋਂ ਥਾਂ-ਥਾਂ ਹੁਕਮਨਾਮੇ ਭੇਜੇ ਤਾਂ ਕਿ ਰਹਿਤ ਪੱਕੀ ਦਿ੍ਰੜ੍ਹ ਕਰਾਈ ਜਾ ਸਕੇ। ਮਸੰਦਾਂ ਹੱਥੋਂ ਸਭ ਕੁਝ ਕੱਢਣ ਲਈ ਵੀ ਹੁਕਮਨਾਮੇ ਲਿਖੇ। ਖ਼ਾਲਸੇ ਨੂੰ ਆਪਣੇ ਨਿੱਜੀ ਰੂਪ ਕਿਹਾ ਤੇ ਫ਼ਰਮਾਇਆ :

ਸੇਵ ਕਰੀ ਇਨ ਹੀ ਕੀ ਭਾਵਤ,
ਅਉਹ ਕੀ ਸੇਵ ਸੁਹਾਤ ਨ ਜੀ ਕੋ।
ਦਾਨ ਦੀਯੋ ਇਨਹੀ ਕੋ ਭਲੋ,
ਅਰ ਆਨ ਕਉ ਦਾਨ ਨ ਲਾਗਤ ਨੀਕੋ।
ਆਗੈ ਫਲੈ ਇਨਹੀ ਕੋ ਦੀਓ,
ਜਗ ਮੈ ਜਸ ਔਰ ਕੀਓ ਸਭ ਫੀਕੋ।
ਮੋ ਗ੍ਰਹਿ ਮੈ, ਤਨ ਤੇ ਮਨ ਤੇ,
ਸਿਰ ਲੌ ਧਨ ਹੈ ਸਭ ਹੀ ਇਨ ਹੀ ਕੋ।

‘ਖ਼ਾਲਸਾ’ ਅਰਬੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ: ‘ਬਾਦਸ਼ਾਹ ਦਾ’। ਅਕਬਰ ਦੇ ਵੇਲੇ ਟੋਡਰ ਮੱਲ ਨੇ ਜ਼ਮੀਨਾਂ ਦੀ ਵੰਡ ਜਿੱਥੇ ਪ੍ਰਾਉਤੀ, ਛਛਰ, ਪੋਲਜ ਤੇ ਬੰਜਰ ਦੀ ਵੰਡ ਕੀਤੀ ਉੱਥੇ ਇੱਕ ਰਾਖਵੀਂ ਜ਼ਮੀਨ ਨੂੰ ‘ਖ਼ਾਲਸਾ’ ਜ਼ਮੀਨ ਕਿਹਾ। ਖ਼ਾਲਸਾ ਜ਼ਮੀਨ ਉੱਤੇ ਨਾ ਕੋਈ ਟੈਕਸ, ਨਾ ਕੋਈ ਮਸੂਲ ਤੇ ਉਸ ਦੀ ਉਪਜ ਵੀ ਬਾਦਸ਼ਾਹ ਜਾਂ ਉਸ ਦਾ ਘਰ ਹੀ ਖਾਂਦਾ ਸੀ। ਗੁਰੂ ਜੀ ਨੇ ਐਸੇ ਸਿੱਖ ਨੂੰ ‘ਖਾਲਸਾ’ ਕਿਹਾ ਕਿਉਂਕਿ ਉਹ ਸਿੱਧਾ ਵਾਹਿਗੁਰੂ ਦਾ ਹੈ ਤੇ ਉਸ ਨੂੰ ਜਮ ਜਾਗਾਤੀ ਦਾ ਕੋਈ ਡਰ ਨਹੀਂ। ਇਸ ਲਈ ‘ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥’ ਬੁਲਾਉਣ ਦੀ ਆਗਿਆ ਕੀਤੀ। ਖ਼ਾਲਸਾ ਕਿਸੇ ਦਾ ਨਿੱਜੀ ਗ਼ੁਲਾਮ ਨਹੀਂ। ਉਹ ਸੁਤੰਤਰ ਹੈ, ਸਬਰ ਸਮਰੱਥ ਹੈ। ‘ਖ਼ਾਲਸਾ ਹੋਵੈ ਖ਼ੁਦ ਖ਼ੁੱਦਾ।’

-ਖੁਸ਼ਵੰਤ ਸਿੰਘ   

Read News Paper

Related articles

spot_img

Recent articles

spot_img