ਲਿਖਣਾ ਇੱਕ ਬਹੁਤ ਹੀ ਸੂਖਮ ਕਲਾ ਮੰਨੀ ਜਾਂਦੀ ਹੈ ਅਤੇ ਆਪਣੇ ਲਫਜ਼ਾਂ ਰਾਹੀਂ ਅਤੇ ਆਪਣੀਆਂ ਲਿਖਤਾਂ ਰਾਹੀਂ ਪਾਠਕਾਂ ਅਤੇ ਖਾਸਕਰ ਬਾਲ ਮਨਾਂ ਤੱਕ ਪਹੁੰਚ ਕਰਨਾ ਇੱਕ ਸੂਖਮ ਹਿਰਦੇ ਵਾਲੇ ਮਨੁੱਖ ਦੀ ਸ਼ਖਸੀਅਤ ਦਾ ਉਦਾਹਰਣ ਹੁੰਦਾ ਹੈ। ਦੁਨੀਆਂ ਵਿੱਚ ਬਹੁਤ ਘੱਟ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ ਜਿੱਥੇ ਕੋਈ ਮਨੁੱਖ ਤਕਨੀਕ ਦੇ ਖੇਤਰ ਵਿੱਚ ਮਾਹਿਰ ਹੋਵੇ, ਜਿਸ ਦੀ ਤਕਨੀਕੀ ਮਹਾਰਤ ਨੂੰ ਦੁਨੀਆ ਪੱਧਰ ਉੱਤੇ ਪਛਾਣ ਪ੍ਰਾਪਤ ਹੋਈ ਹੋਵੇ ਅਤੇ ਓਹੀ ਸ਼ਖਸੀਅਤ, ਤਕਨੀਕੀ ਖੇਤਰ ਦੇ ਨਾਲ-ਨਾਲ ਇੱਕ ਬਿਹਤਰੀਨ ਲੇਖਕ ਵਜੋਂ ਸਾਹਿਤ ਵਿੱਚ ਵੀ ਆਪਣੀ ਪਛਾਣ ਬਣਾਉਣ ਦੇ ਸਮਰੱਥ ਹੋਵੇ। ਅਜਿਹੀ ਹੀ ਇੱਕ ਬਹੁਤ ਹੀ ਨਾਮਵਰ ਸ਼ਖਸੀਅਤ ਹੈ ਭਾਰਤੀ ਮੂਲ ਦੀ ਅੰਤਰ-ਰਾਸ਼ਟਰੀ ਪੱਧਰ ਦੀ ਲੇਖਿਕਾ ਕੋਮਲ ਸਿੰਘ। ਉਨਾਂ ਨੂੰ ਦੁਨੀਆਂ ਭਰ ਵਿੱਚ ਵਿਸ਼ਵ ਪ੍ਰਸਿੱਧ ਇੰਟਰਨੈਟ ਸਾਈਟ ‘ਗੂਗਲ’ ਦੇ ਨਾਲ ਜੁੜਨ ਅਤੇ ਸਫਲਤਾਪੂਰਬਕ ਕੰਮ ਕਰਨ ਕਰਕੇ ਜਾਣਿਆ ਜਾਂਦਾ ਹੈ, ਪਰ ਸਹਿਜ ਸੁਭਾਅ ਉਨਾਂ ਦਾ ਲੇਖਣੀ ਦੇ ਖੇਤਰ ਵਿੱਚ ਅਜਿਹਾ ਆਗਮਨ ਹੋਇਆ ਕਿ ਗੂਗਲ ਦੇ ਨਾਲ ਕੀਤੇ ਕੰਮਕਾਜ ਤੋਂ ਵੀ ਜ਼ਿਆਦਾ ਉੱਭਰਵੀ ਪਛਾਣ ਉਨਾਂ ਨੂੰ ਇੱਕ ਲੇਖਕ ਵਜੋਂ ਦੁਨੀਆਂ ਭਰ ਵਿੱਚ ਮਿਲੀ ਹੈ।
ਕੋਮਲ ਦਾ ਜਨਮ ਦਿੱਲੀ ਦੇ ਇੱਕ ਮੱਧ-ਵਰਗੀ ਪਰਿਵਾਰ ਵਿੱਚ ਹੋਇਆ ਅਤੇ ਉਨਾਂ ਕਦਰਾਂ ਕੀਮਤਾਂ ਅਤੇ ਓਸ ਜ਼ਿੰਦਗੀ ਦੇ ਅਹਿਸਾਸ ਨਾਲ ਹੀ ਉਨਾਂ ਸਿੱਖਿਆ, ਸਖ਼ਤ ਮਿਹਨਤ ਅਤੇ ਲਗਨ ਦੇ ਮੁੱਲ ਨੂੰ ਪਛਾਣਿਆ। ਸੰਨ 1947 ਦੀ ਵੰਡ ਤੋਂ ਪਹਿਲਾਂ ਆਪਣੇ ਜੱਦੀ ਘਰ ਵਿੱਚ ਆਪਣੀ ਦਾਦੀ ਵੱਲੋਂ ਇੱਕ ਕਮਿਊਨਿਟੀ ਲਾਇਬ੍ਰੇਰੀ ਚਲਾਉਣ, ਕਈ ਭਾਸ਼ਾਵਾਂ ਵਿੱਚ ਕਵਿਤਾਵਾਂ ਪ੍ਰਕਾਸ਼ਿਤ ਕਰਨ, ਫੋਟੋਗ੍ਰਾਫੀ ਸਿਖਾਉਣ ਅਤੇ ਔਰਤਾਂ ਨੂੰ ਆਰਥਿਕ ਸੁਤੰਤਰਤਾ ਦੇਣ ਦੀਆਂ ਗੱਲਾਂ ਅਤੇ ਮਿਸਾਲਾਂ ਉਨਾਂ ਨੇ ਬਚਪਨ ਤੋਂ ਸੁਣੀਆਂ ਸਨ ਜੋ ਅੱਗੇ ਜਾ ਕੇ ਉਨਾਂ ਲਈ ਕਾਫੀ ਸਹਾਈ ਅਤੇ ਪ੍ਰੇਰਨਾਦਾਇਕ ਸਾਬਤ ਹੋਈਆਂ। ਉਨਾਂ ਦੇ ਪਿਤਾ, ਇੱਕ ਅਸਲੀ ਨਾਰੀਵਾਦੀ ਪਿਤਾ ਅਤੇ ਇੱਕ ਇੰਜੀਨੀਅਰ ਸਨ, ਜਿਨਾਂ ਨੇ ਆਪਣੇ ਬੱਚਿਆਂ ਵਿੱਚ ਵਿਗਿਆਨ ਲਈ ਪਿਆਰ, ਅਨੁਸ਼ਾਸਨ ਅਤੇ ਚੀਜ਼ਾਂ ਨੂੰ ਸੰਪੂਰਨ ਹੁੰਦੇ ਵੇਖਣ ਲਈ ਲੋੜੀਂਦਾ ਸਬਰ ਰੱਖਣ ਦੇ ਗੁਣ ਸਿਖਾਏ। ਕੋਮਲ ਸਿੰਘ ਦੀ ਮਾਂ, ਆਪਣੀ ਰਚਨਾਤਮਕ ਪ੍ਰਤਿਭਾ ਅਤੇ ਰੋਜ਼ਾਨਾ ਸੰਪੂਰਨਤਾਵਾਦ ਦੇ ਨਾਲ, ਉਨਾਂ ਨੂੰ ਮੌਲਿਕਤਾ ਦੇ ਗੁਣ ਪ੍ਰਦਾਨ ਕਰਦੇ ਰਹੇ। ਭਾਰਤੀ ਹਵਾਈ ਸੈਨਾ ਦੇ ‘ਫੌਜੀ’ ਜੀਵਨ ਨੂੰ ਜੀਉਂਦੇ ਹੋਏ ਅਤੇ ਕਈ ਸ਼ਹਿਰਾਂ ਵਿੱਚ ਰਹਿਣ ਦਾ ਤਜਰਬਾ ਹਾਸਲ ਕਰਦੇ ਹੋਏ ਕੋਮਲ ਸਿੰਘ ਵਿੱਚ ਛੋਟੀ ਉਮਰ ਤੋਂ ਹੀ ਜ਼ਿੰਮੇਵਾਰੀ, ਹਿੰਮਤ, ਮਾਨਸਿਕ ਅਨੁਕੂਲਤਾ ਅਤੇ ਸੱਭਿਆਚਾਰਕ ਅਨੁਕੂਲਤਾ ਦੀ ਭਾਵਨਾ ਮਜ਼ਬੂਤ ਹੋਈ। ਸਕੂਲੀ ਵਿੱਦਿਆ ਹਾਸਲ ਕਰਨ ਉਪਰੰਤ ਉਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਅੰਡਰ ਗ੍ਰੈਜੂਏਸ਼ਨ ਦੀ ਪੜਾਈ ਮੁਕੰਮਲ ਕੀਤੀ ਅਤੇ ਤਕਨੀਕ ਵੱਲ ਆਪਣੇ ਰੁਝਾਨ ਅਤੇ ਹੁਨਰ ਨੂੰ ਪਛਾਣਦੇ ਹੋਏ, ਆਪਣੇ ਯੂਨੀਵਰਸਿਟੀ ਦੇ ਦੋਸਤਾਂ ਨਾਲ ਮਿਲ ਕੇ ਇੱਕ ਤਕਨੀਕੀ ਸਟਾਰਟ-ਅੱਪ ਦੀ ਸਥਾਪਨਾ ਵੀ ਕੀਤੀ। ਇਸ ਤੋਂ ਬਾਅਦ ਅੱਗੇ ਵੱਲ ਕਦਮ ਵਧਾਉਂਦੇ ਹੋਏ ਉਹ ਕੈਨੇਡਾ ਚਲੇ ਗਏ ਅਤੇ ਓਥੋਂ ਕੋਮਲ ਸਿੰਘ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਆਪਣੀ ਮਾਸਟਰ ਦੀ ਡਿਗਰੀ ਪੂਰੀ ਕੀਤੀ ਅਤੇ ਇਸੇ ਸਦਕਾ ਉਨਾਂ ਨੇ ਖੋਜ ਅਤੇ ਅਧਿਆਪਨ ਸਹਾਇਕ ਵਜੋਂ ਵੀ ਸੇਵਾਵਾਂ ਨਿਭਾਈਆਂ।
ਕੋਮਲ ਸਿੰਘ ਨੇ ਤਕਨੀਕ ਦੇ ਖੇਤਰ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ, ਪ੍ਰਬੰਧਨ ਸਲਾਹਕਾਰ, ਪ੍ਰੋਗਰਾਮ ਡਾਇਰੈਕਟਰ ਦੇ ਤੌਰ ਉੱਤੇ ਉਦਯੋਗਾਂ ਦੇ ਅਣਗਿਣਤ ਖੇਤਰਾਂ ਵਿੱਚ ਕੰਮ ਕੀਤਾ ਜਿਨਾਂ ਵਿੱਚ ਟੈਲੀਕਾਮ, ਬੈਂਕਿੰਗ, ਸਰਕਾਰੀ, ਉੱਚ-ਤਕਨੀਕੀ ਮਨੋਰੰਜਨ ਆਦਿ ਸ਼ਾਮਲ ਸਨ। ਗੂਗਲ ਕੰਪਨੀ ਵਿੱਚ ਇੱਕ ਇੰਜੀਨੀਅਰਿੰਗ ਪ੍ਰੋਗਰਾਮ ਮੈਨੇਜਰ ਵਜੋਂ ਇੱਕ ਬਿਹਤਰੀਨ ਅਤੇ ਪ੍ਰਭਾਵਸ਼ਾਲੀ ਉਤਪਾਦ ਬਣਾਉਣ ਲਈ ਕੰਮ ਕੀਤਾ ਅਤੇ ਵਿਗਿਆਪਨ ਬੁਨਿਆਦੀ ਢਾਂਚੇ (ਵਿਸ਼ਵ ਵਿੱਚ ਸਭ ਤੋਂ ਵੱਡੇ ਵਿਤਰਿਤ ਸਿਸਟਮ), ਗੂਗਲ ਕਲਾਊਡ (ਅਰਬਾਂ ਉਪਭੋਗਤਾਵਾਂ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੇ ਨਵੀਨਤਾਕਾਰੀ ਉਤਪਾਦ) ਵਰਗੇ ਖੇਤਰਾਂ ਵਿੱਚ ਸਭ ਤੋਂ ਵਧੀਆ ਟੀਮਾਂ ਤੋਂ ਕੰਮ ਕਰਨ ਅਤੇ ਸਿੱਖਣ ਲਈ ਉਨਾਂ ਨੇ ਹਮੇਸ਼ਾ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਿਆ। ਉਨਾਂ ਦਾ ਤਾਜ਼ਾ ਕੰਮ ਇੱਕ ਅਜਿਹੇ ਖੇਤਰ ਵਿੱਚ ਹੈ ਜਿਸ ਬਾਰੇ ਓਹ ਕਾਫੀ ਲਗਾਓ ਮਹਿਸੂਸ ਕਰਦੇ ਹਨ ਅਤੇ ਇਹ ਹੈ ਆਰਟੀਫਿਸ਼ੀਅਲ ਤਕਨਾਲੋਜੀ ਜਿਸ ਨੂੰ ਸਮੁੱਚੀ ਮਨੁੱਖਤਾ ਲਈ ਬਰਾਬਰ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਓਹ ਕਾਫੀ ਉਤਸ਼ਾਹਿਤ ਰਹੇ ਹਨ।
ਇੱਕ ਬੇਹੱਦ ਸਫਲ ਅਤੇ ਮਿਆਰੀ ਤਕਨੀਕੀ ਕੰਮਕਾਜ ਦੇ ਬਾਵਜੂਦ ਉਨਾਂ ਦਾ ਅਚਾਨਕ ਲੇਖਣੀ ਦੇ ਖੇਤਰ ਵੱਲ ਆਉਣ ਦਾ ਕਿੱਸਾ ਕਾਫੀ ਰੌਚਕ ਹੈ। ਹੋਇਆ ਇੰਝ, ਕਿ ਉਨਾਂ ਦੀ 4 ਸਾਲ ਦੀ ਧੀ ਦੀ ਇਹ ਧਾਰਨਾ ਕਿ ‘ਸਾਰੇ ਇੰਜੀਨੀਅਰ ਮੁੰਡੇ (ਪੁਰਸ਼) ਹੀ ਹੁੰਦੇ ਹਨ’, ਨੇ ਉਨਾਂ ਨੂੰ ਇਸ ਬੰਨੇ ਕੁਝ ਸੋਚਣ ਅਤੇ ਲਿਖਣ ਲਈ ਪ੍ਰੇਰਿਤ ਕੀਤਾ। ਇਸੇ ਦਾ ਸਿੱਟਾ ਸੀ ਕਿ ਸਾਲ 2018 ਵਿੱਚ, ਕੋਮਲ ਸਿੰਘ ਨੇ ‘ਆਰਾ ਦਿ ਸਟਾਰ ਇੰਜੀਨੀਅਰ’ ਨਾਂਅ ਦੀ ਕਿਤਾਬ ਪ੍ਰਕਾਸ਼ਿਤ ਕੀਤੀ ਜੋ ਕਿ ਇੱਕ ਛੋਟੀ ਬੱਚੀ ਉੱਤੇ ਅਧਾਰਤ ਹੈ ਜਿਹੜੀ ਕੋਡਿੰਗ ਵਿੱਚ ਕਾਫੀ ਦਿਲਚਸਪੀ ਰੱਖਦੀ ਹੈ ਅਤੇ ਓਸੇ ਖੇਤਰ ਵਿੱਚ ਅੱਗੇ ਵਧਣ ਦੀ ਯਤਨਸ਼ੀਲ ਹੁੰਦੀ ਹੈ। ਇਸ ਪੁਸਤਕ ਜ਼ਰੀਏ ਕੋਮਲ, ਕੁੜੀਆਂ ਨੂੰ ਇੱਕ ਉਦਾਹਰਣ ਦੇਣਾ ਚਾਹੁੰਦੀ ਸੀ ਕਿ ਉਹ ਕੀ ਕੁਝ ਕਰ ਸਕਦੀਆਂ ਹਨ। ਉਦੋਂ ਤੋਂ, ਕੋਮਲ ਸਿੰਘ ਵੱਲੋਂ ਉਨਾਂ ਸਾਰੇ ਤਰੀਕਿਆਂ ਦੀ ਖੋਜ ਕੀਤੀ ਜਾ ਰਹੀ ਹੈ ਕਿ ਤਕਨੀਕ ਬੱਚਿਆਂ ਲਈ ਕਿਤਾਬਾਂ ਨੂੰ ਕਿਸ ਪ੍ਰਕਾਰ ਹੋਰ ਵਿਭਿੰਨ ਬਣਾ ਸਕਦੀ ਹੈ। ਉਨਾਂ ਦੀ ਲੇਖਣੀ ਸਾਰੇ ਬੱਚਿਆਂ, ਖਾਸ ਕਰਕੇ ਕੁੜੀਆਂ ਦੇ ਮਨ ਮਸਤਕ ਉੱਤੇ ਹਾਂ-ਪੱਖੀ ਪ੍ਰਭਾਵ ਅਤੇ ਉਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੇ ਮਿਸ਼ਨ ’ਤੇ ਅਧਾਰਤ ਹੈ। ਇਸ ਸ਼ਾਨਦਾਰ ਬਿਰਤਾਂਤ ਵਿੱਚ ਇੱਕ ਵੱਡਾ ਪਹਿਲੂ ਕਿਤਾਬਾਂ ਵਿਚਲੇ ਪ੍ਰੇਰਨਾਸਰੋਤ ਕਿਰਦਾਰਾਂ ਨੂੰ ਮਜ਼ੇਦਾਰ ਪਾਤਰਾਂ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਹੈ ਅਤੇ ਇਸ ਤੋਂ ਇਲਾਵਾ, ਬੱਚਿਆਂ ਦੇ ਸਾਹਿਤ ਦੀ ਏਸ ਵੰਨਗੀ ਦਾ ਦਾਇਰਾ ਵਧਾਉਣ ਲਈ 10 ਤੋਂ ਵਧੇਰੇ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਅਤੇ ਪ੍ਰਕਾਸ਼ਨ ਵੀ ਕੀਤਾ ਗਿਆ। ਉਨਾਂ ਨੇ ‘ਸਟੈਮ’ ਵੰਨਗੀ ਦੀਆਂ ਕਿਤਾਬਾਂ ਦੀ ਲੜੀ ਵੀ ਤੋਰੀ ਜਿਸ ਤਹਿਤ ‘ਸਟੈਮ’ ਦਾ ਭਾਵ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰਾਂ ਅਤੇ ਵਿਸ਼ਿਆਂ ਵੱਲ ਇਸ਼ਾਰਾ ਕਰਦਾ ਹੈ ਜਿਨਾਂ ਵਿੱਚ ਲੜਕੀਆਂ ਨੂੰ ਅੱਗੇ ਵਧਣ ਲਈ ਉਨਾਂ ਆਪਣੇ ਲਫਜ਼ਾਂ ਰਾਹੀਂ ਪ੍ਰੇਰਿਤ ਕੀਤਾ। ਇਸ ਦੇ ਨਾਲ ਨਾਲ ਕੋਮਲ ਸਿੰਘ, ਟੈਕ ਐਂਡ ਟੈਕਫਾਰਗੁੱਡ ਵਿੱਚ ਔਰਤਾਂ ਲਈ ਇੱਕ ਜੋਸ਼ੀਲੇ ਝੰਡਾਬਰਦਾਰ ਹਨ। ਉਨਾਂ ਨੇ ਬਹੁਤ ਸਾਰੇ ਜਨਤਕ ਭਾਸ਼ਣ ਅਤੇ ਮੁੱਖ ਭਾਸ਼ਣ ਦਿੱਤੇ ਹਨ, ਅਤੇ ਕੇਡਬਲਿਊ ਰੋਜਰਜ਼ ਵੂਮੈਨ ਆਫ਼ ਦ ਈਅਰ, ਪਾਥਫਾਈਂਡਰ ਆਫ਼ ਵਾਟਰਲੂ ਰੀਜਨ, ਜ਼ੋਂਟਾ ਵੂਮੈਨ ਆਫ਼ ਇਨਫਲੂਏਂਸ ਵਜੋਂ ਵੱਕਾਰੀ ਸਨਮਾਨ ਅਤੇ ਮਾਨਤਾ ਹਾਸਲ ਕਰਕੇ ਵੀ ਉਨਾਂ ਨੇ ਆਪਣੀ ਨਿਮਰਤਾ ਨੂੰ ਬਰਕਰਾਰ ਰੱਖਿਆ ਹੈ।
ਕੁੱਲ ਮਿਲਾ ਕੇ ਟੈਕਨਾਲੋਜੀ ਦੇ ਖੇਤਰ ਵਿੱਚ ਕੋਮਲ ਸਿੰਘ ਕੋਲ 15 ਸਾਲ ਤੋਂ ਵਧੇਰੇ ਦਾ ਵਿਸ਼ਾਲ ਤਜਰਬਾ ਮੌਜੂਦ ਹੈ। ਕੋਮਲ ਸਿੰਘ ਨੇ ਵੱਖ-ਵੱਖ ਉਦਯੋਗਾਂ ਵਿੱਚ ਕਈ ‘ਫਾਰਚੂਨ 500’ ਕੰਪਨੀਆਂ ਲਈ ਇੱਕ ਸਾਫਟਵੇਅਰ ਇੰਜੀਨੀਅਰ, ਪ੍ਰਬੰਧਨ ਸਲਾਹਕਾਰ ਅਤੇ ਪ੍ਰੋਗਰਾਮ ਡਾਇਰੈਕਟਰ ਵਜੋਂ ਕੰਮ ਕੀਤਾ। ਗੂਗਲ ਕੰਪਨੀ ਵਿੱਚ, ਉਹ ਦੁਨੀਆ ਭਰ ਵਿੱਚ ਅਰਬਾਂ ਲੋਕਾਂ ਲਈ ਨਵੀਨਤਾਕਾਰੀ ਅਤੇ ਉਤਪਾਦ ਬਣਾਉਣ ਲਈ ਇੰਜੀਨੀਅਰਿੰਗ ਟੀਮਾਂ ਨਾਲ ਕੰਮ ਕਰਨ ਸਦਕਾ ਚਰਚਿਤ ਹੋਏ। ਉਨਾਂ ਦਾ ਪ੍ਰਬਲ ਜਜ਼ਬਾ ਪ੍ਰੋਜੈਕਟ ਬੱਚਿਆਂ ਦੇ ਸਾਹਿਤ ਨੂੰ ਵਿਭਿੰਨ ਅਤੇ ਸੰਮਿਲਿਤ ਬਣਾਉਣ ਲਈ ਨਵੇਂ ਤਰੀਕਿਆਂ ਨਾਲ ਜ਼ਿੰਮੇਵਾਰ ਏ. ਆਈ. ਦੀ ਖੋਜ ਕਰਨ ਵੱਲ ਵੀ ਲੱਗਿਆ। ਕੋਮਲ ਸਿੰਘ, ਗ੍ਰੈਂਡ ਰਿਵਰ ਹਸਪਤਾਲ ਫਾਊਂਡੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਵੀ ਮੈਂਬਰ ਵਜੋਂ ਕੰਮ ਕਰਦੇ ਹਨ। ਮੌਜੂਦਾ ਸਮੇਂ ਕੋਮਲ ਸਿੰਘ ਆਪਣੇ ਪਤੀ ਅਤੇ ਦੋ ਛੋਟੇ ਬੱਚਿਆਂ ਨਾਲ ਕੈਨੇਡਾ ਦੇ ਕਿਚਨਰ-ਵਾਟਰਲੂ ਵਿੱਚ ਰਹਿੰਦੇ ਹਨ। ਉਹ ਇੱਕ ਯਾਤਰੀ, ਅੰਬ ਪ੍ਰੇਮੀ, ਜ਼ੈਨ ਖੋਜੀ ਸੁਭਾਅ ਵਾਲੀ ਮਹਿਲਾ ਹੋਣ ਦੇ ਨਾਲ-ਨਾਲ ਹਮੇਸ਼ਾ ਇੱਕ ਨਵੇਂ ਕਾਰਜ ਅਤੇ ਟੀਚੇ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ।
ਜੇਕਰ ਉਨਾਂ ਦੀ ਬਹੁ-ਪੱਖੀ ਸ਼ਖਸੀਅਤ ਨੂੰ ਕੁੱਝ ਅਲਫ਼ਾਜ਼ ਵਿੱਚ ਜਾਣਨਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕੋਮਲ ਸਿੰਘ ਗੂਗਲ ਵਿੱਚ ਇੰਜੀਨੀਅਰਿੰਗ ਪ੍ਰੋਗਰਾਮ ਮੈਨੇਜਰ, ਬੱਚਿਆਂ ਦੀਆਂ ‘ਸਟੈਮ’ ਵੰਨਗੀ ਦੀਆਂ ਕਿਤਾਬਾਂ ਦੇ ਸਭ ਤੋਂ ਵੱਧ ਵਿਕਣ ਵਾਲੇ ਲੇਖਕ, ਬੋਰਡ ਮੈਂਬਰ, ਇੱਕ ਜਨਤਕ ਸਪੀਕਰ, ਇੱਕ ਨਿਪੁੰਨ ਟੈਕਨੋਲੋਜਿਸਟ, ਡੀ ਐਂਡ ਆਈ ਐਡਵੋਕੇਟ, ਅਤੇ ਉੱਚ ਐਵਾਰਡ ਜੇਤੂ ਕਮਿਊਨਿਟੀ ਪ੍ਰਭਾਵਕ ਵਜੋਂ ਸਾਰੇ ਖੇਤਰਾਂ ਵਿੱਚ ਮੁਹਾਰਤ ਰੱਖਦੇ ਹਨ ਅਤੇ ਇਸੇ ਸਦਕਾ ਉਨਾਂ ਦਾ ਕੰਮ ‘ਗਲੋਬ ਐਂਡ ਮੇਲ’, ‘ਫੋਰਬਸ’, ‘ਫ਼ਾਈਨੈਨਸ਼ਿਅਲ ਪੋਸਟ’, ‘ਸੀ ਟੀ ਵੀ’, ‘ਦਿ ਸੋਸ਼ਲ’, ‘ਟੀ ਈ ਡੀ’ ਅਤੇ ਹੋਰਨਾਂ ਮੰਚਾਂ ਉੱਤੇ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਦਰਅਸਲ, ਕਿਸਮਤ ਅਤੇ ਮੁਕੱਦਰ ਨੇ ਇਨਸਾਨ ਨੂੰ ਉਸ ਰਾਹ ਉੱਤੇ ਲੈ ਹੀ ਆਉਣਾ ਹੁੰਦਾ ਹੈ ਜਿਸ ਉੱਤੇ ਉਸ ਦਾ ਕਿਰਦਾਰ ਅਤੇ ਉਸ ਦੇ ਸਾਰੇ ਗੁਣ ਉੱਭਰ ਕੇ ਸਾਹਮਣੇ ਆਉਂਦੇ ਹਨ ਅਤੇ ਕੋਮਲ ਸਿੰਘ ਦਾ ਲੇਖਣੀ ਦਾ ਸਫਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿ ਉਨਾਂ ਨੇ ਇਸ ਖੇਤਰ ਵਿੱਚ ਆ ਕੇ ਇਸ ਨੂੰ ਚਾਰ ਚੰਨ ਲਾਏ ਹਨ ਅਤੇ ਬੱਚਿਆਂ ਦੇ ਲਈ ਸਾਹਿਤ ਅਤੇ ਪੁਸਤਕ ਸੱਭਿਆਚਾਰ ਵਿੱਚ ਇੱਕ ਨਵਾਂ ਪਹਿਲੂ ਜੋੜਿਆ ਹੈ ਜੋ ਸ਼ਾਇਦ ਪਹਿਲਾਂ ਕਿਸੇ ਹੋਰ ਸ਼ਖਸੀਅਤ ਨੇ ਨਹੀਂ ਸੀ ਜੋੜਿਆ। ਦਿਨੇ ਤਕਨੀਕੀ ਮਾਹਰ ਅਤੇ ਸ਼ਾਮ ਵੇਲੇ ਸੂਖਮ ਲੇਖਕ, ਕੋਮਲ ਸਿੰਘ ਦਾ ਇਹ ਨਿਵੇਕਲਾ ਸਫਰ ਹਾਲੇ ਕਈ ਹੋਰ ਅਧਿਆਇ ਲਿਖਣ ਦੀ ਤਿਆਰੀ ਵਿੱਚ ਲੱਗਦਾ ਹੈ।
_ਪੰਜਾਬ ਪੋਸਟ