14 C
New York

ਕੁਆਰੀ ਪ੍ਰੀਤ

Published:

Rate this post

ਫ਼ਸਲਾਂ ਨੂੰ ਦਾਤੀ ਪਈ। ਕੱਚੀ ਪੱਕੀ ਦੇਖੇ ਬਿਨਾ। ਆਹ! ਬੇ-ਕਿਰਕ ਦਿਹਾੜਾ ਮੇਖ ਦਾ_ਹੱਸਦੀਆਂ, ਲਹਿਲਹਾਂਦੀਆਂ, ਭਰਪੂਰ ਖੇਤੀਆਂ ਨੂੰ ਭੌਂ ਉੱਤੇ ਪਟਕਾ ਮਾਰਨ ਵਾਲ-ਹੁਲਾਰੇ ਖਾਂਦੀ ਮੇਲਦੀ ਹਾੜੀ ਭੌਂ ਉੱਤੇ ਵਿਛਾਈ ਗਈ। ਭਾਰ ਬੰਨੇ ਗਏ। ਸਿਲਾ ਚੁਗਿਆ ਜਾਣ ਲੱਗਿਆ।

ਪ੍ਰੀਤਾਂ ਨੂੰ ਬਿੱਜ ਪਈ। ਹੀਲ ਹੁੱਜਤ ਕੀਤੇ ਬਿਨਾਂ। ਆਹ! ਬੇ- ਕਿਰਕ ਦਿਹਾੜਾ ਮੇਖ ਦਾ_ ਹੱਸਦੀਆਂ, ਉੱਭਰਦੀਆਂ, ਭਰਪੂਰ ਹਿੱਕਾਂ ਨੂੰ ਫੂਕ ਦੇਣ ਵਾਲਾ_ਨਾਜ਼ਾਂ ਭਰੀ ਛੈਲ ਜਵਾਨੀ ਦਾ ਲੱਕ ਟੁੱਟਿਆ। ਵਿਛੋੜੇ ਦੀ ਮਾਰ ਪਈ। ਬਿਸਤਰੇ ਬੰਨੇ ਗਏ। ਲੈਣਾ ਦੇਣਾ ਚੁਕਾਇਆ ਜਾਣ ਲੱਗਿਆ।

ਪੰਜਾਬੀ ਰਿਆਸਤਾਂ_ਤੇ ਖ਼ਾਸ ਕਰ ਫੂਲਕੀਆਂ_ ਵਿੱਚ ਦੇਸੀ ਸੰਨ ਪ੍ਰਚੱਲਿਤ ਹੋਣ ਕਰਕੇੇ, ਹਰ ਵਿਉਪਾਰਕ ਤੇ ਰਾਜਸੀ ਮਾਮਲਿਆਂ ਲਈ ਦੇਸੀ ਤਰੀਕਾਂ ਹੀ ਵਰਤੀਆਂ ਜਾਂਦੀਆ ਹਨ। ਇਹਨਾਂ ਰਿਆਸਤਾਂ ਦੇ ਠੇਕੇ 30 ਚੇਤ ਨੂੰ ਟੁੱਟਦੇ ਤੇ ਪਹਿਲੀ ਵਿਸਾਖ ਨੂੰ ਨਵੇਂ ਬੈਠਦੇ ਹਨ।

ਮੈਂ ਵੀ ਆਪਣਾ ਮਸਕਰਾਤ ਦਾ ਠੇਕਾ ਇੱਕ ਪਿੰਡੋਂ ਚੱੁਕ ਕੇ ਦੂਜੇ ਪਿੰਡ ਖੜਿਆ। ਇੱਕ ਪਿੰਡੋਂ ਉੱਜੜਿਆ ਤੇ ਦੂਜੇ ਪਿੰਡ ਵੱਸਿਆ। ਥਾਂ ਟਿਕਾਣਾ ਕੀਤਾ। ਬੰਨੇ ਬਿਸਤਰੇ ਖੁੱਲੇ_ ਓੜਕ ਵਿਛ ਗਏ।

ਬੰਨੇ ਭਾਰ ਖੁੱਲੇ_ਓੜਲ ਖਿਲਾਰੇ ਗਏ। ਬਲਦਾਂ ਦੀਆਂ ਤਿੱਖੀਆਂ ਖੁਰੀਆਂ ਹੇਠ ਬੱਲੀਆਂ ਟੁੱਟਣ ਲੱਗੀਆਂ। ਸੁਨਹਿਰੀ ਨਾਲੀ ਫਲੇ ਦੀ ਧੰਗੇੜ ਹੇਠਾਂ ਮਿਧ ਮਿਧ ਕੇ ਤੂੜੀ ਹੋ ਗਈ।

ਸਮੇਂ ਦੀ ਚਾਲ ਹੇਠ ਬਣੀਆਂ ਆਸਾਂ ਟੁੱਟਣ ਲੱਗੀਆਂ। ਵਿਛੋੜੇ ਦੀ ਮਾਰ ਥੱਲੇ ਅਰਮਾਨ ਭੁਰ ਭੱਜ ਕੇ ਤੂੜੀ ਹੋ ਗਏ_ਗਜ਼ ਗਜ਼ ਭਰ ਦੇ ਸੂਤਵੇਂ ਹੌਂਕੇ, ਟੁੱਟੀਆਂ ਖੁੱਸੀਆਂ ਆਹਾਂ ਰਹਿ ਗਏ_ਨਿਰੀ ਤੂੜੀ।

ਧੜਾਂ ਲੱਗੀਆਂ_ਦਿਲ ਨੂੰ ਸਾਂਭਿਆਂ ਗਿਆ। ਧੜਾਂ ਉਡਾਈਆਂ ਗਈਆਂ_ ਦਿਲ ਨੂੰ ਛੰਡਿਆ ਗਿਆ। ਧੜਾਂ ਛੱਜ ਉੱਤੇ ਫਟਕੀਆਂ ਗਈਆਂ_ਦਿਲ ਨੂੰ ਸਮਝ ਉੱਤੇ ਧਰਵਾਸਿਆ ਗਿਆ। ਤੂੜੀ ਨੇ ਦਾਣਿਆਂ ਨੂੰ ਛੱਡਿਆ, ਤੇ ਉਹ ਉੱਡ ਕੇ ਪਰੇ ਜਾ ਪਈ। ਗ਼ਮਾਂ ਨੇ ਦਿਲ ਨੂੰ ਛੱਡਿਆ, ਤੇ ਉਹ ਉਹਨੂੰ ਹੌਲਾ ਕਰ ਗਏ। ਦੋਵੇਂ ਫ਼ਸਲਾਂ ਨਰੋਲ ਦਿਸਣ ਲੱਗੀਆਂ। ਤੇ ਤੂੜੀ ਦੋਹਾਂ ਤੋਂ ਦੂਰ।

ਸੂਰਜ ਤਪਿਆ। ਹੋਰ ਤਪਿਆ। ਧਰਤੀ ਤਪੀ। ਆਕਾਸ਼ ਤਪਿਆ। ਵਾਵਾਂ ਤਪੀਆਂ_ਲੂਆਂ! ਕਾਂ ਅੱਖ ਨਿਕਲਣ ਲੱਗੀ। ਦੁਪਹਿਰੇ ਟਿਕਣ ਲੱਗੇ। ਦੂਰ ਦੂਰ ਤੀਕ ਖ਼ਾਲੀ ਸੁੰਨੀ ਰੋਹੀ। ਬੀਂਡਿਆਂ ਦਾ ਦਿਲ-ਕੰਬਾਊ ਸ਼ੋਰ। ਵਾ-ਵਲੋਰੇ ਉੱਡੇ। ਦੱਖਣ ਚੱਲੇ। ਹਨੇਰੀਆਂ ਆਈਆਂ। ਕੁਦਰਤ ਹਰ ਪਾਸਿਓਂ ਰੁੱਖੀ ਰੱੁਖੀ। ਵਿਸਾਖ ਬੀਤਿਆ। ਜੇਠ ਲੰਘਿਆ। ਹਾੜ ਦਾ ਮਧ ਆਇਆ।

ਦਿਲ ਮਚਿਆ। ਹੋਰ ਲੁਛਿਆ। ਦਿਲ ਦੀਆਂ ਨੁੱਕਰਾਂ ਲੂਹੀਆਂ ਗਈਆਂ। ਚੁਗਿਰਦਾ ਝੁਲਸਿਆ ਗਿਆ। ਬਿਨਾਂ ਰੀਝ, ਬਿਨਾਂ ਸੱਧਰ, ਖ਼ਾਲੀ ਸੁੰਨੀ ਹਿੱਕ। ਆਪ-ਹੁਦਰੀ ਧੜਕਣ। ਦਿਲ ਨੂੰ ਅੱਚਵੀ ਜਿਹੀ। ਕੁਝ ਨਾ ਅਹੁੜਨਾ। ਝਲ-ਵਲੱਲੇ ਖ਼ਿਆਲ ਫੁਰਨੇ। ਸੋਚਾਂ ਘੁੰਮਣੀਆਂ। ਫਿੱਕੇ ਫਿੱਕੇ ਸੁਫ਼ਨੇ। ਕੋਈ ਬੋਲਦਾ ਚੰਗਾ ਨਾ ਲੱਗੇ। ਕੋਈ ਗੱਲਾਂ ਕਰਦਾ ਨਾ ਸੁਖਾਵੇ। ਨਿਰੀਆਂ ਬੇ-ਚੈਨੀਆਂ। ਜੀਵਨ ਹਰ ਪਾਸਿਓਂ ਰੁੱਖਾ ਰੱੁਖਾ। ਵਿਸਾਖ ਬੀਤਿਆ। ਜੇਠ ਲੰਘਿਆ। ਹਾੜ ਦਾ ਮਧ ਆਇਆ।

ਕੋਠੀਆਂ ਭੜੋਲੇ ਭਰ ਗਏ। ਤੇ ਮੇਰਾ ਮਨ ਵੀ। ਉੱਧਰ ਆਕਾਸ਼ ਵਿੱਚ ਬੱਦਲਾਂ ਦੀ ਆਵਾਜਾਈ ਹੋਣ ਲੱਗੀ। ਏਧਰ ਦਿਲ ਵਿੱਚ ਯਾਦਾਂ ਫੇਰ ਪਾਣ ਲੱਗੀਆਂ। ਘਟਾਵਾਂ ਚੜੀਆਂ। ਅੰਬਰਾਂ ਉੱਤੇ ਘੋਰ ਘੁੰਬ ਹੋਣ ਲੱਗਾ ਪਾਣੀ ਲੋਚਦਾ ਸੀ : ਟੁੱਟ ਪਵਾਂ ਛਹਿਬਰਲਾ ਬਣ ਕੇ_ਜੇ ਸੋਹਲ ਹਵਾ ਰਾਹੋਂ ਹਟ ਖਲੋਵੇ।

ਤੇ ਏਸੇ ਤਰਾਂ ਮੇਰੇ ਭਰੇ ਹੋਏ ਨੈਣ। ਲੋਚਦੇ ਸਨ: ਟੁੱਟ ਪਈਏ ਛਹਿਬਰਲਾ ਬਣ ਕੇ_ਜੇ ਹਿੱਕ ਵਿੱਚ ਅੜੀ ਹੋਈ ਇੱਕ ਆਹ ਜ਼ਰਾ ਪਾਸੇ ਹੋ ਜਾਏ।

ਬੱਦਲ ਗਿਰੇ। ਖ਼ੂਬ ਗਿਰੇ ਬੱਦਲ। ਬੇਲਿਆਂ, ਬੰਜਰਾਂ ਤੇ ਮਾਰੂਥਲਾਂ ਉੱਤੋਂ ਦੀ ਪਾਣੀ ਫਿਰ ਗਿਆ। ਹਰ ਪਾਸੇ ਪਾਣੀਓਂ ਪਾਣੀ। ਹਾੜੀ ਇੱਕ ਭੁੱਲੀ ਹੋਈ ਗੱਲ ਹੋ ਗਈ। ਤੂੜੀ ਦਾ ਇੱਕ ਵੀ ਤੀਲਾ ਕਿਤੇ ਖਿੰਡਿਆ ਨਾ ਦਿਸੇ। ਤੇ ਨਾਲੇ ਤੂੜੀ ਦੀ ਲੋੜ ਵੀ ਕੀ?

ਬਿਨ ਬੀਜਿਆਂ ਬਹੁਤ ਕੁਝ ਉੱਗਣ ਲੱਗਾ। ਹਰ ਪਾਸੇ ਹਰਿਆਲੀ ਵਿੱਚ ਖੁੰਬਾਂ ਵੀ ਛੱਤਰੀਆਂ ਤਾਣ ਖਲੋਈਆਂ। ਬਿਰਛ ਬੂਟੇ ਧੋਤੇ ਗਏ। ਹਰੇਆਈ ਦਾ ਰੰਗ ਸ਼ੋਖ ਹੋ ਗਿਆ। ਨਿੱਖਰਿਆ ਨਿੱਖਰਿਆ ਵਾਯੂ-ਮੰਡਲ। ਧਰਤੀ ਸੁਹਣੀ ਸੁਹਣੀ  ਹੋ ਗਈ_ ਗਿੱਲੀ ਗਿੱਲੀ।

ਮੇਰੇ ਦਿਲ ਦੇ ਸਿੱਲੇ ਵਿਹੜੇ ਵਿੱਚ ਵੀ ਕਿਸੇ ਪ੍ਰੀਤਾਂ ਵਾਲੀ ਦੇ ਨਾਚ ਦੀਆਂ ਪੈੜਾਂ ਹੋਣ ਲੱਗੀਆਂ। ਤੇ ਮੇਰੇ ਬੂਹੇ ਅੱਗੇ ਕਿਸੇ ਦੀ ਆਪ-ਮੁਹਾਰੀ ਮੁਸਕਾਣ ਡੁੱਲਣ ਲੱਗੀ। ਬਿਨ ਮੰਗਿਆਂ ਮੋਤੀ ਮਿਲਣ ਲੱਗੇ।

          ਬਿਨ ਬੀਜਿਆਂ ਬਹੁਤ ਕੁਝ ਮੇਰੇ ਦਿਲ ਵਿੱਚੋਂ ਪੁੰਗਰ ਪਿਆ।

ਧਰਤੀ ਵਿੱਚ ਨਵੀਂ ਹਾੜੀ ਦਾ ਬੀਜ ਪਾਇਆ ਗਿਆ। ਤੇ ਮੇਰੀ ਹਿੱਕ ਵਿੱਚ ਕਿਸੇ ਦੇ ਪਿਆਰ ਦਾ। ਦੋਵੇਂ ਬੀਜ ਪੁੰਗਰ ਪਏ। ਤੂਈਆਂ ਨਿਕਲੀਆਂ। ਲੋਕਾਂ ਦੀਆਂ ਨਜ਼ਰਾਂ ਪੈਣ ਲੱਗੀਆਂ। ਦੋਵੇਂ ਬੀਜ ਚਾਰ ਚਾਰ ਉਂਗਲ ਪੌਦੇ ਹੋ ਗਏ। ਲੋਕਾਂ ਨੂੰ ਪੱਕਾ ਨਿਸਚਾ ਹੋ ਗਿਆ। ਦੋਵੇਂ ਪੌਦਿਆਂ ਨੂੰ ਪਾਣੀ ਮਿਲਣ ਲੱਗਿਆ। ਇਹਨਾਂ ਨੂੰ ਖੂਹ ਵਿੱਚੋਂ, ਟਿੰਡਾਂ ਨਾਲ, ਖਾਲ ਥਾਣੀਂ। ਦੂਜੇ ਨੂੰ ਦਿਲ ਵਿੱਚੋਂ, ਅੱਖੀਆਂ ਨਾਲ, ਖ਼ਿਆਲ ਰਾਹੀਂ। ਲੋਕੀਂ ਜੇ ਇਹਨਾਂ ਪੌਦਿਆਂ ਨੂੰ ਦੇਖ-ਦੇਖ ਖ਼ੁਸ਼ ਹੁੰਦੇ ਸਨ, ਤਾਂ ਦੂਜਿਆਂ ਨੂੰ ਦੇਖ ਕੇ ਦਗਧ। ਅੱਗ ਅਤੇ ਪਾਣੀ ਨੂੰ ਇੱਕੋ ਖਾਨੇ ਵਿੱਚ ਸਾਂਭਦੇ। ਪਰ ਉਹ ਦੋਵੇਂ ਅੰਦਰੋਂ ਅੰਦਰੋਂ ਘੁਲ ਮਿਲ ਕੇ ਕੋਈ ਐਸ਼ੀ ਸ਼ੈ ਬਣਾਂਦੇ, ਜੋ ਉਹਨਾਂ ਦੇ ਦਿਲ ਦੇ ਦਰਜੇ ਨੂੰ ਬਰਾਬਰ ਹੀ ਰੱਖਦੀ।

          ਤੇ ਉਹ ਮੌਕਾ ਵਿਚਾਰ ਲੈਂਦੇ।

ਦੋਵੇਂ ਪੌਦੇ ਗਿੱਠ ਗਿੱਠ ਹੋ ਗਏ। ਦੋਹਾਂ ਨੇ ਜੜਾਂ ਫੜੀਆਂ। ਆਪਣੇ ਸਹਾਰੇ ਹੋ ਗਏ। ਹਵਾ ਚਲਦੀ-ਜ਼ੋਰ ਨਾਲ ਚਲਦੀ। ਪੌਦੇ ਧਰਤੀ ਨੂੰ ਲੱਗ ਜਾਂਦੇ। ਹਵਾ ਥੰਮਦੀ, ਪੌਦੇ ਸ਼ਾਂਤ, ਪੈਰਾਂ ਉੱਤੇ ਖਲੋ ਜਾਂਦੇ।

ਪਿੰਡ ਵਿੱਚ ਰਾਸ ਆਈ। ਠੇਕੇ ਦੇ ਸਾਹਮਣੇ ਚੌਂਕ ਵਿੱਚ ਅਖਾੜਾ ਲੱਗਿਆ। ਤੀਵੀਂਆਂ ਤੱਲੀਆਂ, ਬੁੱਢੇ ਠੇਰੇ, ਕੁੜੀਆਂ ਚਿੜੀਆਂ ਤੇ ਗਭਰੀਟ ਜੁੜਨ ਲੱਗੇ। ਜਲੇਬੀ ਪੇਚਦਾਰ ਪੱਗਾਂ ਉੱਤੇ ਹੱਥ ਹੱਥ ਤੁਰੇ ਤੇ ਕੂੜਾ ਹੂੰਝਦੇ ਭੋਥੇ ਵਾਲਿਆਂ ਨੂੰ ਕੰਮ ਲੱਭਿਆ। ਹੱਥਾਂ ਵਿੱਚ ਲਿਸ਼ਕਦੇ ਸੰਮਾਂ ਵਾਲੀਆਂ ਤੇਲ-ਗੱਚ ਡਾਗਾਂ ਫੜੀ, ਚਾਮਲ ਚਾਮਲ ਡਿਗਦੇ ਪੈਂਦੇ ਲੰਗਾੜੇ ਪਿੜ ਵਿੱਚ ਆਏ ਤੇ ਮੇਰੇ ਬੂਹੇ ਆਣ ਮਣ ਮਣ ਦੇ ਖੰਘੂਰੇ ਡਿੱਗਣ ਲੱਗੇੇ।

ਦੂਜੇ ਦਿਨ, ਸਮੀਂ ਕੁ ਸੰਝ, ਹੱਟ ਨੂੰ ਜੰਦਰਾ ਮਾਰ ਕੇ, ਲੱਤਾਂ ਮੋਕਲੀਆਂ ਕਰਨ ਲਈ, ਸਹਿਜ ਸੁਭਾਅ, ਮੈਂ ਨਿਆਈਂ ਦੀਆਂ ਪੈਲੀਆਂ ਵਿੱਚ ਫਿਰ ਰਿਹਾ ਸਾਂ। ਦੂਰੋਂ ਇੱਕ ਆਗ ਵਰਗੀ ਮੁਟਿਆਰ ਪਿੰਡ ਵੱਲ ਨੂੰ ਆ ਰਹੀ ਸੀ। ਹੱਥ ਵਿੱਚ ਚਾਰ ਕੁ ਗੰਨੇ ਤੇ  ਸਿਰ ਉੱਤੇ ਛੋਟੀ ਜਿਹੀ ਪੰਡੋਕਲੀ ਸਾਗ ਦੀ, ਜਿਸ ਦੀਆਂ ਗੁੱਠਾਂ ਵਿੱਚੋਂ ਸਾਵੀਆਂ ਗੰਦਲਾਂ ਇਸ ਤਰਾਂ ਬਾਹਰ ਨੂੰ ਨਿਕਲੀਆਂ ਹੋਈਆਂ ਸਨ ਜਿਵੇਂ ਉਹਦੇ ਮੈਲੇ ਕੱਪੜਿਆਂ ਵਿੱਚੋਂ ਸਜਰੀ ਜੁਆਨੀ।

          ‘‘ਸਤਿ ਸ੍ਰੀ ਅਕਾਲ,’’ ਬੜੇ ਕੂਲੇਪਣ ਵਿੱਚ ਹੱਥ ਜੋੜਦਿਆਂ, ਮੈਂ ਕਿਹਾ।

          ‘‘ਸ-ਤ-ਸੀ_ਰੀ…..’’ ਉਹਦੀ ਗਰਦਨ ਟੇਢੀ ਹੋ ਗਈ। ਉਹ ਸੰਗ ਨਾਲ ਦੋਹਰੀ ਹੁੰਦੀ ਜਾਂਦੀ ਸੀ।

          ‘‘ਰਾਜੋ….!’’ ਉਹਦੇ ਹੱਥ ਦੀਆਂ ਨਾਜ਼ੁਕ ਉਗਲਾਂ ਨੂੰ ਪੋਲਾ ਜਿਹਾ ਘੁੱਟਦਿਆਂ, ਮੈਂ ਕਿਹਾ।

          ‘‘ਹੱਥ…ਨਾ ਲਾਓ! ਪਰੇ…. ਈ….ਕੋਈ…. ਦੇਖ…..ਲੂ’’ ਉਹਦੀਆਂ ਨਜ਼ਰਾਂ ਧਰਤੀ ਵਿੱਚ ਧਸੀਆਂ ਜਾਂਦੀਆਂ ਸਨ।

‘‘ਕੋਈ ਕੀ ਦੇਖ ਲੂ ਰਾਜੋ? ਸਾਰੇ ਪਿੰਡ ਨੂੰ ਆਪਾਂ ਉੱਤੇ ਭਰਮ ਐ। ਮੈਨੂੰ ਲੰਘਣ ਵੜਨਾ ਔਖਾ ਹੋ ਗਿਐ ਰਾਜੋ! ਜਿੱਧਰ ਜਾਂਦਾ ਹਾਂ, ਲੋਕੀਂ ਕੁੱਤਿਆਂ ਬਿੱਲਿਆਂ ਵਿੱਚੋਂ ਗਾਲਾਂ ਕੱਢਦੇ ਨੇ। ਜਿਸ ਗਲੀਓਂ ਲੰਘਦਾ ਹਾਂ, ਬੋਲੀਆਂ ਦੀਆਂ ਵਾਛੜਾਂ ਪੈਂਦੀਆਂ ਨੇ। ਹਰ ਵਿਹੜੇ ਮੇਰੀਆਂ ਬੁਰਾਈਆਂ। ਸਾਰੇ ਪਿੰਡ ਵਿੱਚ ਕੂਰ ਕੂਰ ਹੋ ਗਈ।’’

            ‘‘ਲੋਕ ਤਾਂ ਚੰਦਰੇ ਨੇ।’’ ਬੜੇ ਹੁਲਾਸ ਨਾਲ, ਮੇਰੇ ਦਿਲੋਂ ਉਦਰੇਵੇਂ ਹੂੰਝਦੀ ਰਾਜੋ ਬੋਲੀ।

          ‘‘ਪਰ, ਰਾਜੋ! ਹੁਣ ਤੂੰ ਤਰਸਾਉਣਾ ਈ ਐਂ….?’’

          ‘‘ਕੀ…..?’’ ਉਸ ਆਪਾਂ ਲੁਕੋਣ ਦੇ ਯਤਨ ਨਾਲ ’ਕੱਠੀ ਜਿਹੀ ਹੋ ਕੇ ਆਖਿਆ।

          ‘‘ਮੈਥੋਂ ਹੀ ਕਹਾਉਣੈ ਹੁਣ?’’

‘‘ਕੀ? ਦੱਸੋ-ਤਾਂ, ਸਹੀ,’’ ਉਹਦੀ ਸੰਗ ਵਿੱਚ ਲਪੇਟੀ ਹੋਈ ਮੁਸਕਨ ਬੇ_ਵਸੀ ਨਾਲ ਹੋਠਾਂ ਉੱਤੇ ਆ ਨਿਕਲੀ _ਗੁੱਠਾਂ ਵਿੱਚੋਂ ਨਿਕਲੀ ਹੋਈ ਸਰੋਂ ਵਾਂਗ_ਤੇ ਉਸ ਬੁੱਕਲ ਦੇ ਪੱਲੇ ਵਿੱਚ ਵਲੇਟਿਆ ਹੱਥ ਮੂੰਹ ਅੱਗੇ ਰੱਖ ਲਿਆ।

‘‘ਬਹੁਤ ਸਾਰੀਆਂ ਗੱਲਾਂ ਕਰਨ ਨੂੰ ਦਿਲ ਕਰਦੈ ਰਾਜੋ ਤੇਰੇ ਨਾਲ, ਜੇ ਕਿਤੇ…ਕੱਲੀ…ਹੈਂ ਰਾਜੋ_ਦੱਸ ਵੀ!’’ ਮੇਰੀ ਖੱਬੀ ਬਾਂਹ ਉਹਦੀ ਕੰਡ ਦੁਆਲੇ ਸੀ ਤੇ ਸੱਜੇ ਹੱਥ ਦੀ ਚੁਟਕੀ ਵਿੱਚ ਉਹਦੌ ਪੁਣੀ ਹੋਈ ਠੋਡੀ।

          ‘‘ਪਰੇ….ਈ…! ਤੁਸੀਂ……! ਕੋਈ ਦੇਖ ਲੂ…ਐਏਂ ਨਾ ਕਰੋ ਮੈਨੂੰ।’’ ਉਹਦੇ ਬੋਲਣ ਦਾ ਲਹਿਜਾ ਨਰੋਲ ਪੇਂਡੂ ਸੀ।

          ‘‘ਫਿਰ ਦੱਸ ਵੀ ਨਾ ਕਦੋਂ_ਰਾਜੋ?’’

          ‘‘ਹੈ….!’’ ਉਸ ਭਉ ਕੇ ਆਲਾ ਦੁਆਲਾ ਦੇਖਿਆ। ‘‘ਮੈਂ ਆਪੀਓ ਦੱਸ ਦੂੰ, ਜਦ ਠੀਕ ਲੱਗੂ, ਹੁਣ ਮੈਨੂੰ ਜਾਣ ਦੋ ਜੀ।’’

          ‘‘ਚੰਗਾ! ਨਾਲੇ ਇੱਥੇ ਬਹੁਤਾ ਚਿਰ ਖੜਨਾ ਸਾਡਾ ਠੀਕ ਨਹੀਂ।’’ ਉਹ ਦੋ ਕੇ ਡਿੰਗਾਂ ਤੁਰੀ।

‘‘ਸੱਚ, ਰਾਜੋ! ਅੱਜ ਮੈਂ ਰਾਸ ਵਿੱਚ ਨਹੀਂ ਔਣਾ, ਤੇਰੇ ਪਿੰਡ ਦੇ ਲੋਕ ਮੇਰੇ ਉੱਤੇ ਘੁਰੇ ਫਿਰਦੇ ਨੇ, ਕਹਿੰਦੇ, ਠੇਕੇਦਾਰ ਨੂੰ ਵੱਢਣੈ।’’

          ‘‘ਲੈ, ਜੈਂ ਕੀਹਦੀ ਐ, ਤੈਉ ਹੱਥ ਲਾ ਜਾਏ ਕੋਈ, ਮੇਰੇ ਸਾਹਮਣੇ, ਸਣ_ਕੱਪੜੀ ਜਲ ਜਾਂ।’’

          ‘‘ਵਰਦੀਆਂ ਡਾਂਗਾਂ ਵਿੱਚ ਕਿਸੇ ਛੁਡਾਣਾ ਵੀ ਨਹੀਂ ਰਾਜੋ।’’

‘‘ਬੱਸ? ਡਰ ਗਿਐਂ ਏਨੇ ਚਿ? ਮੈਂ ਵੀ ਜੱਟਾਂ ਦੀ ਕੁੜੀ ਆਂ ਮਲਕੀਤ! ਜਾਣਦੀ ਆਂ ਡਾਂਗਾਂ ਨੂੰ, ਆਪੇ ਬੋਚ ਲਾਂਗੀ ਮੈਂ। ਪਰ, ਮਲਕਿਆ, ਤੂੰ ਮੇਰੇ ਵੰਨੀ ਤਾਂ ਦੇਖ, ਪਿੰਡ ਦੀ ਧੀ- ਬਿਨ ਮੁਕਲਾਈ- ਐਨ ਠੁਕ ਆਲੇ ਮੇਰੇ ਮਾਪੇ_ਰਾਠ ਵੀਰਾਂ ਦੀ ਭੈਣ_ ਅੱਜ ਤੋੜੀ ਨੱਕ ਉੱਤੇ ਮੱਖੀ ਨਹੀਂ ਸੀ ਬੈਠਣ ਦਿੱਤੀ_ਹੁਣ ਜਣੀ ਖਣੀ ਦੀਆਂ ਸੁਣਦੀ ਆਂੱ ਪਰ ਮਲਕਿਆ! ਤੇ…ਰੀ…ਖਾ….ਤ….’’ ਉਹਦਾ ਗਲ ਭਰ ਗਿਆ ਤੇ ਉਸ ਚੁੰਨੀ ਦਾ ਲੜ ਅੱਖਾਂ ਉੱਤੇ ਫੇਰਿਆ।

          ‘‘ਛੱਡ ਰਾਜੋ! ਮਨ ਨਾ ਭਰ।’’

          ‘‘ਪਰ ਤੂੰ ਜਕੀਂ ਨਾ ਮਲਕੀਤ! ਮੈਂ ਤਾਂ ਤਾਹੀਂ ਔਨੀ ਆਂ, ਜ਼ਰੂਰ ਆਈਂ ਰਾਸ ਵਿੱਚ_ਹਾਂ, ਬਿਲਕੁਲ।’’

          ਤੇ ਉਹ ਤੁਰ ਗਈ।

ਔਹ ਗਈ, ਔਹ ਗਈ-ਪੱਛਮ ਦੀ ਕੁੱਖ ਵਿੱਚ ਨਿਘਰਦੇ ਹੋਏ ਸੂਰਜ ਵਾਂਗ_ਪਿੰਡ ਦੀਆਂ ਗਲੀਆਂ ਵਿੱਚ ਗੁੰਮ ਗਈ। ਗੋਰੇ ਦੀਆਂ ਪੈਲੀਆਂ ਜੋ ਦੋ ਪਲ ਪਹਿਲੋਂ ਧੰਨ ਧੰਨ ਕਰਦੀਆਂ ਸਨ, ਕਿਸੇ ਸੁੰਨਸਾਨ ਰੋਹੀ ਦੇ ਰੂਪ ਵਿੱਚ ਵਟ ਗਈਆਂ। ਤੇ ਮੈਂ ਕਾਲਜਾ ਫੜੀ ਹੱਟੀ ਨੂੰ ਮੁੜਿਆ।

ਅੱਧ_ਪਹਿਰ ਰਾਤ ਗਈ। ਧਾਮੇ ਉੱਤੇ ਹੱਥ ਵਜਿਆ। ਹਾਰਮੋਨੀਆਮ ਉੱਤੇ ਉਗਲਾਂ ਡਿੱਗੀਆਂ। ਸਾਰੰਗੀ ਉੱਤੇ ਗਜ਼ ਫਿਰਿਆ। ਸੁਰ ਹੁੰਦੇ ਸਾਜ਼ਾਂ ਨੇ ਦਿਲ ਵਿੱਚ ਧੂਹ ਪਾਈ। ਖ਼ੁਸ਼ੀ ਦਾ ਹੌਲ ਜਿਹਾ। ਰੌਲਾ ਪਾਉਦੇ ਨਿਆਣੇ ਘਰਾਂ ਤੋਂ ਨੱਠ ਨੱਠ ਔਂਣ ਲੱਗੇ। ਕਾਹਲੀ ਕਾਹਲੀ ਰੋਟੀ ਟੁਕ ਨਬੇੜ ਕੇ ਤੀਵੀਂਆਂ ਠੇਕੇ ਦੇ ਲਾਗਲੇ ਖੂਹ ਦੀ ਮਣ ਉੱਤੇ ਜੁੜਨ ਲੱਗੀਆਂ। ਬੁੱਢੇ ਠੇਰੇ ਤੇ ਅਧਖੜ ਚੈਨ ਨਾਲ ਆ ਆ ਬਹਿੰਦੇ ਜਾਂਦੇ_ਤੇ ਚੋਬਰ ਟੋਲੀਆਂ ਬੰਨ ਬੰਨ ਕੇ। ਸਾਰਾ ਪਿੰਡ ਠੇਕੇ ਦੇ ਸਾਹਮਣੇ ਚੌਂਕ ਵਿੱਚ ਜੁੜ ਗਿਆ ਤੇ ਖੇਲ ਸ਼ੁਰੂ ਹੋ ਗਿਆ।

ਮੈਂ ਵੀ ਆਪਣੀ ਹਟ ਦੇ ਚੌਂਤਰੇ ਉੱਤੇ ਖਲੋ ਕੇ ਦਰਸ਼ਕਾਂ ਦੀ ਗਿਣਤੀ ਵਿੱਚ ਇੱਕ ਨਗ ਵਧਾਇਆ।

‘‘ਨਿਕਲਿਆ ਬਾਹਰ, ਹੁਣ ਨਿਕਲਿਆ!’’ ਥਥਲਾਈ ਜ਼ੁਬਾਨ ਵਿੱਚੋਂ ਗਾਲਾਂ ਦੇ ਲਿਬਾਸ ਨਾਲ, ਇਬ ਗੁਆਰ ਮੂੰਹੋਂ, ਇਹ ਫ਼ਿਕਰਾਂ ਨਿਕਲਿਆ।

‘‘ਆ! ਤੈਨੂੰ ਦਖਾਈਏ ਹੁਣ ਤੀਵੀਆਂ ਵੰਨੀ……!’’ ਉਸੇ ਤਰਾਂ ਦੀ ਇੱਕ ਹੋਰ ਜ਼ੁਬਾਨ ਨੇ ਉਸੇ ਲਹਿਜੇ ਵਿੱਚ ਦੋਹਰ ਕਰਦਿਆਂ ਕਿਹਾ।

          ਮੈਂ ਚੁੱਪ।

          ‘‘ਕਿਉ ਰੌਲਾ ਪਾਇਐ ਓ ਮੁੰਡਿਓ।’’ ਇਹ ਇੱਕ ਸਿਆਣੇ ਦੀ ਆਵਾਜ਼ ਸੀ।

          ‘‘ਖਲਾ ਰਹਿ ਓ ਬੁੜਿਆ! ਤੈਉ ਨੀਂ ਪਤਾ।’’ ਇੱਕੋ ਵਾਰ ਖੜੇ ਹੁੰਦੇ ਦੋ ਜਣਿਆਂ ਨੇ ਆਖਿਆ।

          ‘‘ਝੰਮ ਦਓ ਝੰਮ ਅੱਜ, ਛੱਡਣਾ ਨੀਂ, ਬਿਲਕੁਲ!’’

ਇੱਕ ਹੋ ਪਾਸਿਓਂ  ਸ਼ਹਿ ਦੇਂਦਿਆਂ, ਦੋਹਰ ਉੱਤੇ ਤੀਹਰ ਹੋਈ ਤੇ ਉਹ ਸਭ ਬਦੀ ਉੱਤੇ ਆਏ ਕੱਛਾਂ ਤਲੇ ਦਿੱਤੀਆਂ ਡਾਂਗਾਂ ਦੇ ਸਹਾਰੇ ਖੜੇ ਹੋ ਗਏ।

ਤੀਵੀਆਂ ਸੁੰਗੜ ਗਈਆਂ। ਸਾਜ਼ੀ ਰੁਕ ਗਏ। ਪਾਤਰ ਆਪਣਾ ਸਮਾਨ ਸਾਂਭਣ ਲੱਗ ਪਏ। ਲੋਕ ਉੱਠ ਖਿੰਡੇ। ਵਾਯੂ-ਮੰਡਲ ਭਿਆਨਕ ਹੋ ਗਿਆ।

          ਮੈਂ ਚੁੱਪ।

          ‘‘ਕੀ ਗੱਲ ਐ ਬਈ ਮੁੰਡਿਓ ਅਕਸਰ?’’ ਪਿੰਡ ਦੇ ਇੱਕ ਮੋਹਰੀ ਸਰਦਾਰ ਨੇ ਲੋਕਾਂ ਨੂੰ ਪਰੇ ਹਟਾਂਦਿਆਂ ਪੁੱਛਿਆ।

          ‘‘ਗੱਲ ਕੀ ਹੋਣੀਂ ਐ ਜੀ! ਠੇਕੇਦਾਰ ਨੂੰ ਸਿੱਧਾ ਕਰਨੈ-ਬੜਾ ਚਾਮਲਿਆ ਹੋਇਐ-ਸਿੱਧੂਆਂ ਦੀ ਰਾਜੋ ਨਾਲ….।’’

‘‘ਕਿਓਂ ਭੌਂਕਦੈਂ ਵੇ ਹਰਾਮੀਆਂ?’’ ਮੁੰਡੇ ਦੀ ਗੱਲ ਨੂੰ ਤਲਵਾਰ ਵਾਂਗ ਕੱਟਦੀ ਹੋਈ ਇੱਕ ਜਨਾਨੀ ਆਵਾਜ਼ ਖੂਹ ਦੀ ਮਣ ਉੱਤੋਂ ਬਿਜਲੀ ਵਾਂਗ ਕੜਕੀ ਤੇ ਉਹ ਆਪਣਾ ਨਾਂ ਸੁਣ ਕੇ ਸ਼ੀਹਣੀ ਵਾਂਗ ਤੱਕਣ ਲੱਗੀ।

          ‘‘ਬੱਸ ਨੀ ਕੁੜੀਏ! ਤੂੰ ਚੁੱਪ ਰਹੁ।’’ ਸਰਦਾਰ ਨੇ ਪੰਜਾ ਚੌੜਾ ਕਰਦਿਆ ਕਿਹਾ।

ਦੁਪਾਸੇ ਭਾਂਬੜਾਂ ਉੱਤੇ ਸਰਦਾਰ ਦੀ ਨਿੰਮ੍ਰਤਾ ਦੇ ਛਿੱਟੇ ਪਏ। ਘੋਰਦੇ ਬੱਦਲ, ਪੱਛਮ ਦੀ ’ਵਾ ਨਾਲ ਉਰੇ ਪਏ ਹੋ ਗਏ। ਤੇ ਆਕਾਸ਼ ਹੌਲਾ ਹੋ ਗਿਆ।

ਨਵੇਂ ਸੂਰਜ, ਨੰਬਰਦਾਰਾਂ ਨੇ ਰਾਸਧਾਰੀਆਂ ਨੂੰ ਬਾਂਸ ਪੁੱਟਣ ਲਈ ਆਖਿਆ।

ਸਿਆਣਿਆਂ ਦੇ ਪਰਿਆਂ ਵਿੱਚ, ਚੋਬਰਾਂ ਦੀਆਂ ਢਾਣੀਆਂ ਵਿੱਚ ਕੁੜੀਆਂ ਤੇ ਤਿੰ੍ਰਝਣਾਂ ਵਿੱਚ, ਜਿੱਥੇ ਕਿਤੇ ਵੀ ਚਾਰ ਮੂੰਹ ਜੁੜਦੇ_ਰਾਜੋ ਤੇ ਠੇਕੇਦਾਰ ਦੀ ਚਰਚਾ ਬੜੇ ਸੁਆਦ ਨਾਲ ਛੇੜੀ ਜਾਂਦੀ। ਜ਼ੋਰੀਂ ਹਾਸੀਆਂ ਉੱਡਦੀਆਂ। ਲਾਗ-ਡਾਂਟ ਵਾਲੇ ਵਿੰਨ ਵਿੰਨ ਕੇ ਬੋਲੀਆਂ ਮਾਰਦੇ। ਰਾਜੋ ਦੇ ਮਾਪੇ, ਮਾਰੇ ਸ਼ਰਮ ਦੇ ਅੰਦਰੋਂ ਨਾ ਨਿਕਲਦੇ।

ਖੂਹ ਤੋਂ ਪਾਣੀ ਭਰਨ, ਗਾਈਆਂ ਨੂੰ ਵਗ ਰਲਾਣ, ਸਾਗ-ਪੱਤੇ ਨੂੰ ਖੇਤ ਬੰਨੇ ਜਾਣ ਤੋਂ ਰਾਜੋ ਨੂੰ ਵਰਜਿਆ ਗਿਆ। ਮਾਂ ਦੀਆਂ ਤਾੜਵੀਆਂ ਨਜ਼ਰਾਂ ਤੇ ਕੜਕਵੀਆਂ ਝਿੜਕਾਂ ਦੇ ਭਿਆਨਕ ਤੇ ਮਜ਼ਬੂਤ ਸਰੀਆਂ ਨਾਲ ਵਾਗਲੀ ਘਰ ਦੀ ਸੀਮਤ ਚਾਰ ਦੀਵਾਰੀ ਨਾਲੋਂ ਕੋਈ ਥਾਂ ਉਹਦੇ ਲਈ ਮਹਿਫ਼ੂਜ਼ ਨਹੀਂ ਸੀ ਸਮਝੀ ਜਾਂਦੀ। ਉਹਦਾ ਕੋਈ ਅੱਥਰੂ ਵਿਹੜੇ ਤੋਂ ਸਿਵਾ ਕਿਤੇ ਡੁਲ ਨਹੀਂ ਸੀ ਸਕਦਾ। ਉਹਦੀ ਕੋਈ ਪੈੜ ਦਲੀਜ਼ ਤੋਂ ਬਾਹਰ ਹੋ ਜਾਣੀ ਪਿੰਡ ਦੇ ਮੱਥੇ ਉੱਤੇ ਬਦਨਾਮੀ ਦਾ ਚਟਾਕ ਸੀ।

ਮੇਰੀਆਂ ਅੱਖੀਆਂ ਉੱਤੇ ਪਹਿਰੇ ਬੈਠ ਗਏ। ਨਜ਼ਰਾਂ ਉੱਤੇ ਰੋਕ ਲਗ ਗਈ। ਮੇਰੀ ਤੱਕਣੀ ਉੱਤੇ ਸ਼ੱਕ। ਮੁਸਕਾਣ ਉੱਤੇ ਸ਼ੱਕ। ਮੇਰੀ ਚਾਲ ਉੱਤੇ ਸ਼ੱਕ। ਮੇਰੇ ਚੱਲਣ ਉੱਤੇ ਸ਼ੱਕ।

          ਸੰਝ ਸਵੇਰ ਮੇਰੇ ਬਾਹਰ ਅੰਦਰ ਜਾਣ ਦੀ ਸੂਹ ਰੱਖੀ ਜਾਂਦੀ। ਸ਼ੱਕ ਦੇ ਰੋਗੀ ਮੈਨੂੰ ਲੁਕ ਲੁਕ ਦੇਖਦੇ।

          ਇੱਕ ਰਾਤ, ਪਤਾ ਨਹੀਂ ਕਦੋਂ ਨੀਂਦ ਆ ਗਈ।

          ‘‘ਮਲਕਿਆ! ਵੇ ਮਲਕਿਆ!’’ ਠੱਕ ਠੱਕ ਠੱਕ।

          ‘‘ਮਲਕਿਆ! ਵੇ ਖੋਲ ਵੀ।’’ ਠੱਕ ਠੱਕ ਠੱਕ। ਮੈਂ ਅੱਭਵਾਹੇ ਉੱਠਿਆ, ਤੇ ਜਾਣੀ ਬਾਰ ਖੋਲਿਆ।

          ‘‘ਕੌਣ! ਰਾਜੋ? ਰਾਜੋ, ਤੂੰ ਅੱਜ ਕਿਵੇਂ।’’ ਮੈਂ ਖ਼ੁਸ਼ੀ ਨਾਲ ਆਪਾ ਭੁੱਲਦਾ ਜਾ ਰਿਹਾ ਸਾਂ।

‘‘ਚੁੱਪ! ਚੁੱਪ! ਹੌਲੀ….’’ ਹੇਠਲੇ ਬੁੱਲ ਨਾਲ ਸਿੱਧੀ ਉਗਲ ਜੋੜਦਿਆਂ, ਮੌਕਾ ਵਿਚਾਰਦੀ, ਉਹ ਹੌਲੀ ਆਵਾਜ਼ ਵਿੱਚ ਬੋਲੀ, ‘‘ਮੈਂ ਤੈਨੂੰ ਮਿਲਣ ਲਈ ਆਈ ਆਂ ਮਲਕਿਆ। ਤੈਨੂੰ ਪਤਾ ਈ ਨੀ ਮਲਕਿਆ? ਮੈਂ ਅੱਜ ਮੁਕਲਾਵੇ ਜਾਣੇ! ਅਜੇ ਪਹੁ ਫੁਟੀ ਐ, ਮਖਾਂ ਬਾਹਰ ਦੇ ਬਹਾਨੇ ਮਿਲ ਆਵਾਂ ਆਪਣੇ ਮਲਕੇ ਨੂੰ।’’

          ‘‘ਰਾਜੋ! ਤੂੰ ਸੱਚਮੁੱਚ ਚੱਲੀ ਏਂ ਅੱਜ?’’

‘‘ਤੇ ਹੋਰ ਕੀ ਮਲਕਿਆ! ਰਥ ਉੱਤੇ ਲਾਲ ਝੁੰਣ ਵੀ ਪੈ ਗਏ ਨੇ। ਤੇ ਐਹ ਹੱਥਾਂ ਦੀ ਮਹਿੰਦੀ ਦੇਖ! ਰਾਤ ਲਾਈ ਸੀ।’’

‘‘ਕਿੰਨੀ ਉੱਘੜੀ ਐ ਮਹਿੰਦੀ ਰਾਜੋ!’’ ਮੈਂ ਗੋਰੀਆਂ ਉਗਲਾਂ ਉੱਤੇ ਖਿੜੀਆਂ ਰਖੀਂ ਮਲਕਿਆ। ਮਰਜ਼ੀ ਡਾਹਡਿਆਂ ਦੀ। ਪਰ ਤੂੰ ਜਿਗਰਾ ਰੱਖੀਂ ਮਲਕਿਆ। ਓਦਰੀਂ ਨਾ। ਲੈ ਹੁਣ ਮੈਨੂੰ ਛੱਡ, ਜਾਵਾਂ।’’

          ‘‘ਫੇਰ ਕਦੋਂ ਆਏਂਗੀ ਰਾਜੋ? ਫ਼ਸਲਾਂ ਨੂੰ ਦਾਤੀ ਪਈ ਤੋਂ?’’

          ‘‘ਨਹੀਂ, ਅਗਲੀ ਹਾੜੀ ਬੀਜਣ ਸਮੇਂ। ਲੈ ਹੁਣ ਬੂਹਾ ਢੋ ਲੈ ਅੰਦਰੋਂ।’’

ਮੈਂ ਧੰਦਕਿਆ। ਨੀਂਦ ਖੁੱਲੀ। ਦੇਖਾਂ ਤਾਂ ਕੁੰਡਾ ਅੰਦਰੋਂ ਵਜਿਆ ਹੋਇਆ ਹੈ। ‘ਕੀ ਰਾਜੋ ਸੱਚਮੁੱਚ ਆਈ ਸੀ? ਤੇ ਉਹ ਚਲੀ ਵੀ ਗਈ? ਤੇ ਮੈਂ ਕੁੰਡਾ ਮਾਰ ਕੁ ਭੁੱਲ ਵੀ ਗਿਆ?’ ਇਹ ਸਵਾਲ ਮੇਰਾ ਦਿਲ ਦਿਮਾਗ ਤੋਂ ਪੁੱਛ ਰਿਹਾ ਸੀ। ਸ਼ੱਕ ਮੇਟਣ ਲਈ ਅੱਖਾਂ ਮਲਦਿਆਂ ਮੈਂ ਉੱਠ ਕੇ ਬੂਹਾ ਖੋਲਿਆ ਤੇ ਚੌਂਤਏ ਉੱਤੇ ਆ ਖੜਿਆ।

ਸੂਰਜ ਚੜਨ ਲਈ, ਪੂਰਬੀ ਸੀਮਾ ਸੂਹੀ ਹੋ ਗਈ ਸੀ, ਜਿਵੇਂ ਮੁਕਲਾਵੇ ਤੁਰਨ ਵਾਲੀ ਕੁੜੀ ਦੇ ਰੱਥ ਉੱਤੇ ਲਾਲ ਝੁੰਮਣ ਵੀ ਪੈ ਗਏ ਸਨ।

‘‘ਨੀ ਧੀਏ! ਹਾਏ ਨੀ, ਤੂੰ ਕਿਹੜੀ ਡੋਲੀ ਚੜ ਗਈ ਨੀ…..।’’ ਦਿਲ ਦੀਆਂ ਡੂੰਘਾਣਾਂ ਵਿੱਚੋਂ ਨਿਕਲੇ ਹੋਏ ਕੀਰਨੇ ਦੀ ਆਵਾਜ਼ ਮੇਰਿਆਂ ਕੰਨਾਂ ਨੂੰ ਚੀਰਦੀ ਜਾ ਰਹੀ ਸੀ।

          ਪਿੰਡ ਵਿੱਚੋਂ ਆ ਰਹੀ ਲਾਲ ਕਫ਼ਨ ਵਾਲੀ ਅਰਥੀ ਮੇਰੇ ਬੂਹੇ ਅੱਗੇ ਲੰਘ ਗਈ।

          ਰਾਖ ਦੀ ਢੇਰੀ ਬਾਰੇ ਨੀਵੀਆਂ ਗੱਲਾਂ ਬਣਨ ਲੱਗੀਆਂ :

          ‘‘ਉਹ ਤਾਂ ਜ਼ਹਿਰ ਦੇ ਕੇ ਮਾਰੀ ਐ।’’

          ‘‘ਨਾਲੇ ਸੁਣਿਐ, ਸੁੱਤੀ ਪਈ ਦਾ ਗਲ ਘੁੱਟਿਐ।’’

‘‘ਕੋਈ ਕਹਿੰਦੈ, ਉਹਨੇ ਆਪੇ ਗਲ-ਫਾਹਾ ਲਿਐ_ਅਖੈ ਉਹਦੀ ਮਾਂ ਕਹਿੰਦੀ ਸੀ ਇੱਕ ਦਿਨ : ਰਾਜੋ, ਤੂੰ ਮਰ ਜਾਏ, ਸਾਡੀਆਂ ਸੱਤੇ ਕੁਲਾਂ ਸਿਮਰ ਜਾਣ।’’

ਜਿੰਨੇ ਮੂੰਹ ਓਨੀਆਂ ਗੱਲਾਂ। ਅਨੇਕਾਂ ਹਵਾਈਆਂ ਰਾਖ ਨੂੰ ਹਵਾ ਵਿੱਚ ਉਡਾਂਦੀਆਂ। ਵਾ-ਵਰੋਲੇ ਵਾਂਗ।

ਮੈਂ ਹੁਣ ਖ਼ਾਬਾਂ ਦੀ ਦੁਨੀਆਂ ਵਿੱਚ ਵਸ ਰਿਹਾ ਸਾਂ। ਮੇਰਾ ਚੁਗਿਰਦਾ ਖ਼ਾਬਾਂ ਦਾ। ਮੇਰੇ ਮਿੱਤਰ ਖ਼ਾਬ। ਮੈਂ ਖ਼ਾਬਾਂ ਦਾ ਖ਼ਜ਼ਾਨਾ। ਕਿਉਕਿ ਮੇਰੇ ਖ਼ਾਬ ਮੇਰੀ ਰਾਜੋ ਸਨ।

ਨੀਂਦ, ਕਿਸੇ ਪਲ ਮੇਰੇ ਸਿਰ ਵਿੱਚੋਂ ਬਾਹਰ ਨਹੀਂ ਸੀ ਜਾ ਸਕਦੀ। ਸੂਰਜ ਦੇ ਕਿਸੇ ਨਵੀਂ ਦੁਨੀਆਂ ਨੂੰ ਜਾਣ ਤੋਂ ਪਹਿਲਾਂ ਮੈਂ ਖ਼ਾਬਾਂ ਦੀ ਦੁਨੀਆਂ ਵਿੱਚ ਹੁੰਦਾ ਸਾਂ :

‘‘ਫ਼ਸਲਾਂ ਪੱਕਣਗੀਆਂ_ਦਾਤੀ ਪਏਗੀ_ਭਾਰ ਬੰਨੇ ਜਾਣਗੇ_ਸਿਲਾ ਚੁਗਿਆ ਜਾਏਗਾ-ਭਾਰ ਖਿਲਾਰੇ ਜਾਣਗੇ-ਬਲਦਾਂ ਦੀਆਂ ਖੁਰੀਆਂ ਹੇਠ, ਫਲੇ ਦੀ ਧੰਗੇੜ ਨਾਲ, ਬੱਲੀਆਂ ਟੁੱਟਣਗੀਆਂ_ਤੂੜੀ ਹੋ ਜਾਏਗੀ_ਧੜਾਂ ਲੱਗਣਗੀਆਂ_ਛੰਡੀਆਂ, ਫਟਕੀਆਂ, ਉਡਾਈਆਂ ਤੇ ਸਾਂਭੀਆਂ ਜਾਣਗੀਆਂ_ਕੋਠੀਆਂ ਭੜੋਲੇ ਭਰ ਜਾਣਗੇ_ ਤੇ ਸੌਂਣੀ ਵੀ ਲੰ ਜਾਏਗੀ_ ਤੇ ਸਭ ਕੁਝ।’’

‘‘ਹਾਂ, ਤੇ ਅਗਲੀ ਹਾੜੀ ਬੀਜਣ ਦਾ ਸਮਾਂ ਆਏਗਾ_ ਤੇ ਨਾਲੇ ਰਾਜੋ ਦੇ ਔਣ ਦਾ_ ਮੇਰੀ ਬਾਂਕੀ ਰਾਜੋ ਦੇ-ਮੁਕਲਾਈ ਹੋਈ ਰਾਜੋ ਦੇ_ਪਰ, ਕੁਆਰੀਆਂ ਪ੍ਰੀਤਾਂ ਵਾਲੀ।’’

          ‘‘ਡਫ, ਡਫ, ਡਫ, ਡਫ, ਡਫ, ਡੜਫ, ਡੜਫ, ਡੜਫ।’’

          ‘‘ਅਗਲੀ ਹਾੜੀ ਕੋਈ ਨਾ ਬੀਜੀਓ ਬਈ ਹੋ।’’

          ‘‘ਅਗਲੀ ਹਾੜੀ ਕੋਈ ਨਾ ਬੀਜੀਓ।’’

          ਸੁਫ਼ਨੇ ਟੁੱਟ ਗਏ। ਕੀਰਨੇ ਵਾਂਗ, ਇਹ ਆਵਾਜ਼ ਵੀ ਕੰਨਾਂ ਨੂੰ ਚੀਰਦੀ ਗਈ। ਮੈਂ ਚੌਂਤਰੇ ਉੱਤੇ ਆ ਨਿਕਲਿਆ।

          ‘‘ਬਈ ਕੌਯ ਐਂ ਤੂੰ? ਕੀ ਗੱਲ ਐ? ਉਫ਼। ਜ਼ਾਲਮਾ…..।’’

          ਮੁਰੱਬੇਬੰਦੀ ਵਾਲਿਆਂ ਵਲੋਂ ਚੰਡੋਰਚੀ ਹੁਕਮ ਸੁਣਾ ਰਿਹਾ ਸੀ।

_ਸੰਤੋਖ ਸਿੰਘ ਧੀਰ

Read News Paper

Related articles

spot_img

Recent articles

spot_img