ਦੇਸ਼ ਦੀਆਂ ਚੋਟੀ ਦੀਆਂ ਕੰਪਨੀਆਂ ਅਤੇ ਸਥਾਪਤ ਕਾਰੋਬਾਰਾਂ ਅਤੇ ਵਪਾਰਕ ਅਦਾਰਿਆਂ ਵਿੱਚ ਪੰਜਾਬੀ ਉੱਦਮੀਆਂ ਦੀ ਕਾਰੋਬਾਰੀ ਚੜ੍ਹਤ ਕਿਸੇ ਤੋਂ ਲੁਕੀ ਛੁਪੀ ਨਹੀਂ। ਇਕ ਕਾਰੋਬਾਰੀ ਉਤਪਾਦ ਨੂੰ ਦਹਾਕਿਆਂ ਤੋਂ ਪ੍ਰਮੁੱਖ ਬ੍ਰਾਂਡ ਬਣਾਈ ਰੱਖਣ ਪਿੱਛੇ ਇੱਕ ਪੰਜਾਬੀ ਢੀਂਗਰਾ ਪਰਿਵਾਰ ਅਤੇ ਉਸਦੀ ਅਗਲੀ ਪੀੜ੍ਹੀ ਦੇ ਬੇਮਿਸਾਲ ਸਫਲ਼ ਉੱਦਮ ਦੀ ਕਹਾਣੀ ਹੈ ਅਸੀਂ ਗੱਲ ਕਰਨ ਜਾਂ ਰਹੇ ਭਾਰਤ ਵਿੱਚ ਪੇਂਟ ਕਾਰੋਬਾਰੀ ਜਗਤ ਦੇ ਵੱਡੇ ਬ੍ਰਾਂਡ ਬਰਜਰ ਪੇਂਟਸ ਦੀ ਸਫਲਤਾ ਪਿੱਛੇ ਖੜ੍ਹੇ ਢੀਂਗਰਾ ਪਰਿਵਾਰ ਦੀ ਜਿਸਦੇ ਦੋ ਭਰਾਵਾਂ ਕੁਲਦੀਪ ਢੀਂਗਰਾ ਅਤੇ ਗੁਰਬਚਨ ਢੀਂਗਰਾ ਨੇ ਬਰਜਰ ਪੇਂਟ ਕੰਪਨੀ ਨੂੰ ਨਵੇਂ ਮੁਕਾਮ ਹਾਸਲ ਕਰਵਾਏ ਹਨ। ਪਵਿੱਤਰ ਨਗਰੀ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਵੰਡ ਵਾਲੇ ਵਰ੍ਹੇ 1947 ਨੂੰ ਇੱਕ ਸਿੱਖ ਪੰਜਾਬੀ ਅਰੋੜਾ ਕਾਰੋਬਾਰੀ ਪਰਿਵਾਰ ਵਿੱਚ ਜਨਮੇ ਕੁਲਦੀਪ ਸਿੰਘ ਢੀਂਗਰਾ ਨੂੰ ਵਿਸ਼ਵ ਪ੍ਰਸਿੱਧ ਕਾਰੋਬਾਰੀ ਅਤੇ ਵਪਾਰਕ ਮੈਗਜ਼ੀਨ ਫੋਰਬਸ ਇੰਡੀਆ ਨੇ ਸਭ ਤੋਂ ਅਮੀਰ ਭਾਰਤੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਸੂਚੀਬਧ ਕਰਕੇ ਕੁੱਲ ਸੰਪਤੀ ਦੁਆਰਾ ਸਭ ਤੋਂ ਉੱਚੇ ਭਾਰਤੀਆਂ ਵਿੱਚ ਇਸਦੀ ਵਿਸ਼ਵ ਦੇ ਅਰਬਪਤੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦਾ ਪੇਂਟ ਕਾਰੋਬਾਰ ਦਾ ਕੰਮ ਪੁਸ਼ਤੈਨੀ ਕਾਰੋਬਾਰ ਹੈ, ਜੋ ਉਨ੍ਹਾਂ ਦੇ ਦਾਦਾ ਜੀ 1898 ਵਿੱਚ ਅੰਮਿ੍ਰਤਸਰ ਸ਼ਹਿਰ ਵਿਖੇ ਸ਼ੁਰੂ ਕੀਤਾ ਸੀ। ਫਿਰ 9 ਦਹਾਕਿਆਂ ਦੇ ਆਪਣੇ ਲੰਬੇ ਅਤੇ ਸਫ਼ਲ ਕਾਰੋਬਾਰੀ ਸਫਰ ਉਪਰੰਤ ਕੁਲਦੀਪ ਢੀਂਗਰਾ ਅਤੇ ਗੁਰਬਚਨ ਢੀਂਗਰਾ ਨੇ ਮਿਲ ਕੇ 1991 ਵਿੱਚ ਦੱਖਣ ਦੇ ਧਨਾਡ ਕਾਰੋਬਾਰੀ ਵਿਜੇ ਮਾਲਿਆ ਦੇ ਯੂ. ਬੀ. ਗਰੁੱਪ ਤੋਂ ਬਰਜਰ ਪੇਂਟਸ ਖਰੀਦ ਕੇ ਆਪਣੀ ਬਿਜ਼ਨਸ ਸਲਤਨਤ ਦਾ ਹੋਰ ਵਿਸਥਾਰ ਕੀਤਾ। ਜਦੋਂ ਦੋਵੇਂ ਢੀਂਗਰਾ ਭਰਾਵਾਂ ਨੇ ਦੇਸ਼ ਦੇ ਵੱਡੇ ਬਿਜ਼ਨਸ ਟਾਈਕੂਨ ਤੋਂ ਬਰਜਰ ਪੇਂਟ ਖਰੀਦੀ ਸੀ ਤਾਂ ਸਾਰਾ ਕਾਰੋਬਾਰੀ ਜਗਤ ਹੈਰਾਨ ਰਹਿ ਗਿਆ ਸੀ। ਆਪਣੀ ਸਖਤ ਘਾਲਣਾ ਅਤੇ ਅਣਥੱਕ ਮੁਸ਼ੱਕਤ ਨਾਲ ਢੀਗਰਾ ਭਰਾਵਾਂ ਨੇ ਬਰਜਰ ਪੇਂਟ ਨੂੰ 68,0000 ਕਰੋੜ ਤੋਂ ਜਿਆਦਾ ਦੀ ਕੰਪਨੀ ਬਣਾ ਦਿੱਤਾ।
ਇਸ ਤੋਂ ਪਹਿਲਾਂ ਬਰਜਰ ਪੇਂਟ ਬਿ੍ਰਟਿਸ਼ ਭਾਰਤ ਵਿੱਚ 1923 ਨੂੰ ਪੂਰਬੀ ਭਾਰਤ ਵਿੱਚ ਕੋਲਕਾਤਾ ਵਿੱਚ ਹੈਡਫੀਲਡਜ਼ ਨਾਮਕ ਇੱਕ ਛੋਟੇ ਬਿ੍ਰਟਿਸ਼ ਮਲਕੀਅਤ ਵਾਲੇ ਪੇਂਟ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਸੀ। ਕਈ ਮਾਲਕੀ ਤਬਦੀਲੀਆਂ ਤੋਂ ਬਾਅਦ, 1976 ਵਿੱਚ ਨਿਯੰਤਰਣ ਹਿੱਸੇਦਾਰੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਯੂ. ਬੀ. ਸਮੂਹ ਦੁਆਰਾ ਹਾਸਲ ਕੀਤੀ ਗਈ ਸੀ ਜੋ ਅੰਤਰ-ਰਾਸ਼ਟਰੀ ਕਾਰਵਾਈਆਂ ਨੂੰ ਹਾਸਲ ਕਰਨ ਲਈ ਅੱਗੇ ਵਧਿਆ ਸੀ। 1990 ਦੇ ਦਹਾਕੇ ਵਿੱਚ, ਜਦੋਂ ਮਾਲਿਆ ਨੇ 1991 ਵਿੱਚ ਸਥਾਨਕ ਯੂਨਿਟ ਨੂੰ ਕਾਰੋਬਾਰੀ ਢੀਂਗਰਾ ਪਰਿਵਾਰ ਨੂੰ ਵੇਚ ਦਿੱਤਾ ਤਾਂ ਇਸ ਕੰਪਨੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਕਾਰੋਬਾਰ ਦੇ ਅਨੁਕੂਲ ਬਣਾਉਣ ਦੀ ਜਿੰਮੇਵਾਰੀ ਢੀਂਗਰਾ ਭਰਾਵਾਂ ਦੇ ਸਿਰ ’ਤੇ ਸੀ। ਅੱਜ ਭਾਰਤ ਤੋਂ ਇਲਾਵਾ, ਬਰਜਰ ਦੀ ਬੰਗਲਾਦੇਸ਼, ਨੇਪਾਲ, ਪੋਲੈਂਡ ਅਤੇ ਰੂਸ ਵਿੱਚ ਮੌਜੂਦਗੀ ਹੈ।
ਭਾਰਤ ਵਿੱਚ ਵਿਸ਼ਾਲ ਕਾਰੋਬਾਰੀ ਸਥਾਪਨਾ ਅਤੇ ਸਫਲਤਾ ਤੋਂ ਬਾਅਦ ਢੀਂਗਰਾ ਗਰੁੱਪ ਨੇ ਯੂਰਪੀ ਦੇਸ਼ ਪੋਲੈਂਡ ਵਿੱਚ ਇਮਾਰਤਾਂ ਵਿੱਚ ਇਨਸੂਲੇਸ਼ਨ ਕਾਰੋਬਾਰ ਵਿੱਚ ਪੈਰ ਧਰਿਆ ਹੋਇਆ ਹੈ। ਇਹ ਇੱਕ ਅਜਿਹੀ ਤਕਨੀਕ ਹੈ ਜੋ ਇਮਾਰਤਾਂ ਨੂੰ ਗਰਮੀ ਅਤੇ ਸਰਦੀ ਦੇ ਘਾਤਕ ਅਸਰ ਤੋਂ ਬਚਾਉਂਦੀ ਹੈ ਅਤੇ ਬਿਜਲੀ ਦੀ ਖਪਤ ਨੂੰ ਘੱਟ ਕਰਨ ਵਿੱਚ ਸਹਾਈ ਹੁੰਦੀ ਹੈ।
19ਵੀਂ ਸਦੀ ਦੇ ਆਖਰ ਵਿੱਚ ਆਰੰਭ ਹੋਏ ਢੀਂਗਰਾ ਪਰਿਵਾਰ ਦੇ ਪੇਂਟ ਕਾਰੋਬਾਰ ਨੇ 20ਵੀਂ ਸਦੀ ਵਿੱਚ ਕਾਰੋਬਾਰੀ ਸੰਘਰਸ਼, ਵਪਾਰਕ ਮੁਕਾਬਲੇਬਾਜੀ ਅਤੇ ਉਤਪਾਦ ਗੁਣਵੱਤਾ ਸਮੇਤ ਵਿੱਤੀ ਅਤੇ ਮਾਰਕਿਟ ਚੁਣੌਤੀਆਂ ਨੂੰ ਪਾਰ ਕਰਦਿਆਂ ਪੁਸ਼ਤੈਨੀ ਕਾਰੋਬਾਰ ਨੂੰ 21ਵੀਂ ਸਦੀ ਵਿੱਚ ਪਹੁੰਚਾ ਕੇ ਹੁਣ ਵਾਗਡੋਰ ਨੌਜਵਾਨ ਪੀੜ੍ਹੀ ਹਵਾਲੇ ਕਰ ਦਿੱਤੀ ਹੈ, ਜਿਸ ਵਿੱਚ ਕੁਲਦੀਪ ਡੀਂਗਰਾ ਦੀ ਧੀ ਰਿਸ਼ਮ ਕੌਰ ਅਤੇ ਭਰਾ ਗੁਰਬਚਨ ਢੀਂਗਰਾ ਦਾ ਪੁੱਤਰ ਕੰਵਰਦੀਪ ਸਿੰਘ ਕਾਰੋਬਾਰੀ ਵਾਗਡੋਰ ਸੰਭਾਲ ਰਹੇ ਹਨ। ਹੁਣ ਪੇਂਟ ਕਾਰੋਬਾਰ ਨੂੰ ਉੱਚ ਮੁਕਾਮ ’ਤੇ ਪਹੁੰਚਾ ਕੇ ਅਤੇ ਹੋਰ ਦਰਜਨਾਂ ਨਵੇਂ ਬਿਜ਼ਨਸ ਵੈਂਚਰ ਆਰੰਭ ਕਰਨ ਵਾਲੇ ਢੀਂਗਰਾ ਭਰਾ ਦਿੱਲੀ ਦੇ ਬਾਹਰੀ ਇਲਾਕੇ ਵਿੱਚ ਸਥਾਪਤ ਆਪਣੇ ਫਾਰਮ ਹਾਊਸ ਅਤੇ ਆਲੀਸ਼ਾਨ ਬੰਗਲਿਆਂ ਵਿੱਚ ਜ਼ਿੰਦਗੀ ਬਿਤਾ ਰਹੇ ਹਨ। ਦੋਵੇਂ ਭਰਾ ਆਪਣੀ ਕਾਰੋਬਾਰੀ ਵਿਰਾਸਤ ’ਤੇ ਮਾਣ ਕਰਦੇ ਹਨ ਹੁਣ ਉਹ ਪੇਂਟ ਕਾਰੋਬਾਰ ਵਿੱਚ ਸਿਖਰ ’ਤੇ ਵਿਚਰ ਰਹੇ ਏਸ਼ੀਅਨ ਪੇਂਟਸ ਨੂੰ ਕਾਰੋਬਾਰੀ ਮੁਕਾਬਲੇਬਾਜੀ ਵਿੱਚ ਮਾਤ ਦੇ ਕੇ ਨੰਬਰ ਇੱਕ ਪੁਜੀਸ਼ਨ ਹਾਸਲ ਕਰਨ ਦੀ ਦੌੜ ਵਿੱਚ ਨਹੀਂ ਹਨ, ਹਾਂ ਇਹ ਕਾਰਜ ਉਨ੍ਹਾਂ ਆਪਣੀ ਅਗਲੀ ਪੀੜ੍ਹੀ ’ਤੇ ਛੱਡ ਦਿੱਤਾ ਹੈ।
ਕੁਲਦੀਪ ਢੀਂਗਰਾ ਨੇ ਆਪਣੀ ਕਾਰੋਬਾਰੀ ਦੁਨੀਆ ਨੂੰ ਬਹੁ ਦਿਸ਼ਾਵੀ ਅਤੇ ਬਹੁ-ਮੁਕਾਮੀ ਬਣਾਇਆ ਹੈ। ਅੱਜ ਕੁਲਦੀਪ ਆਸ਼ੀ ਫਾਰਮਜ਼, ਅੰਸ਼ਨਾ ਪ੍ਰਾਪਰਟੀਜ਼, ਅਰਾਮਬੋਲ ਪ੍ਰਾਪਰਟੀਜ਼, ਸਿਟੀਲੈਂਡ ਕਮਰਸ਼ੀਅਲ ਕ੍ਰੈਡਿਟ, ਕੇ. ਐੱਸ. ਡੀ. ਬਿਲਡਵੈਲ, ਕੇ. ਐੱਸ. ਡੀ. ਪ੍ਰੋਬਿਲਟ, ਲੋਬੇਲੀਆ ਬਿਲਡਵੈਲ, ਸਕਾਰਪੀ ਰਿਸਰਚ ਐਂਡ ਕੰਸਲਟੈਂਟਸ, ਵਿਨੂ ਫਾਰਮਜ਼, ਵਿਗਨੇਟ ਇਨਵੈਸਟਮੈਂਟਸ, ਯੂਨਾਈਟਿਡ ਸਟਾਕ ਐਕਸਚੇਂਜ, ਵਜ਼ੀਰ ਅਸਟੇਟ, ਵਜ਼ੀਰ ਪ੍ਰਾਪਰਟੀਜ਼, ਯੂ. ਕੇ. ਪੀ. ਆਈ. ਪਲਾਂਟ ਦੇ ਡਾਇਰੈਕਟਰ ਵਜੋਂ ਕੰਮ ਕਰਦਾ ਹੈ। ਬੀਤੇ ਸਮੇਂ ਵਿੱਚ ਬਰਜਰ ਪੇਂਟਸ ਦੇ ਢੀਂਗਰਾ ਬ੍ਰਦਰਜ਼ ਸ਼ੇਅਰਾਂ ਦੀ ਉਛਾਲ ਨਾਲ ਭਾਰਤ ਦੇ ਸਭ ਤੋਂ ਅਮੀਰਾਂ ਦੀ ਰੈਂਕ ਵਿੱਚ ਸ਼ਾਮਲ ਹੋ ਚੁੱਕੇ ਹਨ। ਕਿਤਾਬ ‘ਅਨਸਟੋਪੇਬਲ: ਕੁਲਦੀਪ ਸਿੰਘ ਢੀਂਗਰਾ ਐਂਡ ਦਾ ਰਾਈਜ਼ ਆਫ ਬਰਜਰ ਪੇਂਟਸ’ ਲੇਖਕ ਸੋਨੂੰ ਭਸੀਨ ਦੁਆਰਾ ਲਿਖੀ ਕੁਲਦੀਪ ਸਿੰਘ ਢੀਂਗਰਾ ਦੀ ਜੀਵਨੀ ਹੈ।
ਇੱਕ ਸਮਾਂ ਸੀ ਜਦੋਂ ਰੂਸ ਦੀ ਸਮੁੱਚੀ ਪੇਂਟ ਮਾਰਕੀਟ ਢੀਂਗਰਾ ਭਰਾਵਾਂ ਦੇ ਕਬਜ਼ੇ ਵਿੱਚ ਸੀ, ਪਰ ਰੂਸ ਦੇ ਟੱੁਟਣ ਕਰਕੇ ਕੁਲਦੀਪ ਸਿੰਘ ਢੀਂਗਰਾ ਫਿਰ ਵੱਡੀ ਦੁਚਿੱਤੀ ਵਿੱਚ ਘਿਰੇ ਕਿ ਉਹ ਬਰਜਰ ਪੇਂਟ ਨੂੰ ਆਪਣੇ ਅਧੀਨ ਲੈ ਲੈਣ ਜਾਂ ਇੱਕ ਸਿਰਫ ਸਲਾਹਕਾਰ ਅਗਵਾਈ ਵਾਲੀ ਭੂਮਿਕਾ ਹੀ ਬਣਾਈ ਰੱਖਣ ਅਤੇ ਕੰਪਨੀ ਨੂੰ ਮੁੜ ਪੈਰਾਂ ਸਿਰ ਕਰਕੇ ਸਫਲਤਾ ਦੇ ਰਾਹ ਤੋਰਨ ਦੀ ਵਪਾਰਕ ਰਣਨੀਤੀ ’ਤੇ ਕੰਮ ਕਰਨ, ਪਰ ਉਨ੍ਹਾਂ ਬਰਜਰ ਪੇਂਟ ਨੂੰ ਖਰੀਦਣਾ ਹੀ ਠੀਕ ਸਮਝਿਆ। ਅੱਜ ਦੇ ਦੌਰ ਵਿੱਚ ਬਰਗਰ ਪੇਂਟ ਦੀ ਭਾਰਤੀ ਸਟਾਕ ਐਕਸਚੇਂਜ ਵਿੱਚ ਵੀ ਧਮਾਲ ਹੈ। ਦੇਸ਼ ਦੀ ਦੂਜੀ ਸਭ ਤੋਂ ਵੱਡੀ ਪੇਂਟ ਨਿਰਮਾਤਾ ਕੰਪਨੀ, ਬਰਜਰ ਪੇਂਟਸ ਇੰਡੀਆ ਦੇ ਸ਼ੇਅਰਾਂ ਨੇ ਪਿਛਲੇ ਸਾਲ ਵਿੱਚ 54% ਦੀ ਛਾਲ ਮਾਰੀ, ਸਟਾਕ ਮਾਰਕੀਟ ਨੂੰ ਪਛਾੜਿਆ ਅਤੇ ਇੱਥੋਂ ਤੱਕ ਕਿ ਇੱਕ ਵਾਰ ਉਨ੍ਹਾਂ ਮਾਰਕੀਟ ਲੀਡਰ ਏਸ਼ੀਅਨ ਪੇਂਟਸ ਦੇ ਸ਼ਾਨਦਾਰ 39% ਵਾਧੇ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਬਰਜਰ ਦੇ ਵਧਦੇ ਸਟਾਕ ਨੇ ਭਰਾ ਕੁਲਦੀਪ ਸਿੰਘ ਅਤੇ ਗੁਰਬਚਨ ਸਿੰਘ ਢੀਂਗਰਾ ਦੀ ਕਿਸਮਤ ਨੂੰ ਹੋਰ ਚਮਕਾ ਦਿੱਤਾ ਸੀ। ਜੋ ਉਸ ਸਮੇਂ ਕੰਪਨੀ ਵਿੱਚ ਸੰਯੁਕਤ 75% ਹਿੱਸੇਦਾਰੀ ਦੇ ਮਾਲਕ ਹਨ ਅਤੇ ਕ੍ਰਮਵਾਰ ਚੇਅਰਮੈਨ ਅਤੇ ਉੱਪ ਚੇਅਰਮੈਨ ਸਨ। ਉਸ ਹੋਲਡਿੰਗ ਦੀ ਮੌਜੂਦਾ ਕੀਮਤ ਲਗਭਗ 880 ਮਿਲੀਅਨ ਡਾਲਰ ਸੀ, ਜਿਸ ਨਾਲ ਢੀਂਗਰਾ ਭੈਣ-ਭਰਾ ਭਾਰਤ ਦੇ ਸਭ ਤੋਂ ਅਮੀਰਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਨਵੇਂ ਕਾਰੋਬਾਰੀ ਬਣੇ।
-ਪੰਜਾਬ ਪੋਸਟ
ਕਾਰੋਬਾਰੀ ਜਗਤ ਵਿੱਚ ਸਫਲਤਾ ਦੀਆਂ ਬੁਲੰਦੀਆਂ ਛੂਹਣ ਵਾਲੇ ਕੁਲਦੀਪ ਸਿੰਘ ਢੀਂਗਰਾ

Published: